…..ਡਾ ਭੀਮ ਰਾਓ ਅੰਬੇਦਕਰ ਦੀ ਸੋਚ ਨੂੰ ਦਿੱਤੀ ਤਿਲਾਂਜਲੀ
ਕਪੂਰਥਲਾ 11 ਜੂਨ (ਨਜ਼ਰਾਨਾ ਨਿਊਜ਼ ਬਿਊਰੋ)ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ‘ਤੇ ਅਕਾਲੀ ਦਲ ਦਾ ਗੱਠਬੰਧਨ ਆਮ ਆਦਮੀ ਪਾਰਟੀ ਦੇ ਜਿੱਤ ਦੇ ਰੱਥ ਨੂੰ ਰੋਕਣ ਲਈ ਬਾਦਲਾਂ ਤੇ ਮੋਦੀ ਦੀ ਮਿਲੀਭੁਗਤ ਦੀ ਸੋਚੀ ਸਮਝੀ ਚਾਲ ਹੈ। ਇਹ ਦਾਅਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਜੋ ਦਲਿਤ ਹਿੱਤਾਂ ਦੀ ਰਾਖੀ ਲਈ ਵਚਨਬੱਧਤਾ ਦਾ ਦਾਅਵਾ ਕਰਦੀ ਆਈ ਹੈ ਨੇ ਸਿਰੇ ਦੀ ਮੌਕਾਪ੍ਰਸਤੀ ਖੇਡਦਿਆਂ ਦਲਿਤ ਹਿੱਤ ਬਾਦਲਾਂ ਕੋਲ ਗਹਿਣੇ ਰੱਖ ਦਿੱਤੇ ਹਨ। ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤ ਉਪ ਮੁਖ- ਮੰਤਰੀ ਦਾ ਅਹੁਦੇ ਦਾ ਲਾਲਚ ਨਹੀਂ ਤਿਆਗ ਸਕੀ ਪੰਜਾਬ ਬਸਪਾ।
ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਸਿਆਸੀ ਆਗੂਆਂ ਨੇ ਹਮੇਸ਼ਾ ਨਿੱਜੀ ਮੁਫਾਦਾਂ ਦੇ ਲਈ ਸੂਬੇ ਦੇ ਹਿੱਤ ਦਰਕਿਨਾਰ ਕੀਤੇ ਨੇ । ਬਾਦਲਾਂ ਅਤੇ ਕੈਪਟਨ ਤੋਂ ਦੁਖੀ ਪੰਜਾਬ ਦੀ ਜਨਤਾ ਜਦੋਂ ਆਮ ਆਦਮੀ ਪਾਰਟੀ ਦੀ ਅਗਵਾਈ ਵਿੱਚ ਨਵਾਂ ਸਿਆਸੀ -ਬਦਲ ਤਲਾਸ਼ ਰਹੀ ਸੀ ਉਦੋਂ ਹਰ ਵਾਰ ਦੀ ਤਰ੍ਹਾਂ ਸਿਆਸੀ ਪੈਂਤੜੇ ਜੋ ਲੋਕਾਂ ਨੂੰ ਭੁਚਲਾਉਣ ਲਈ ਤੇ ਸੱਤਾ ਤੇ ਕਾਬਜ਼ ਹੋਣ ਲਈ ਚੋਣਾਂ ਮੌਕੇ ਵਰਤੇ ਜਾਂਦੇ ਨੇ ਇਹ ਗੱਠਬੰਧਨ ਉਸ ਦੀ ਸਪੱਸ਼ਟ ਉਦਾਹਰਣ ਹੈ ਇਹ ਅਕਾਲੀ ਬਸਪਾ ਗੱਠਜੋੜ। ਆਮ ਆਦਮੀ ਪਾਰਟੀ ਆਗੂਆਂ ਨੇ ਇਹ ਸਵਾਲ ਪੁੱਛਿਆ ਕਿ ਅਕਾਲੀਆਂ ਦੇ ਦੋ ਦਹਾਕਿਆਂ ਤੋਂ ਵੀ ਵੱਧ ਦੇ ਰਾਜ ਵਿੱਚ ਕੀ ਦਲਿਤਾਂ ਨੂੰ ਬਾਦਸ਼ਾਹਤ ਮਿਲੀ ? ਉਨ੍ਹਾਂ ਦਾ ਜੀਵਨ ਪੱਧਰ ਕਿੰਨਾ ਕੁ ਉੱਚਾ ਹੋਇਆ ? ਕੀ ਦਲਿਤ ਭਾਈਚਾਰੇ ਨੂੰ ਘਰ ਘਰ ਸਿੱਖਿਆ ਅਤੇ ਰੁਜ਼ਗਾਰ ਮਿਲਿਆ ? ਸਿਰਫ਼ ਮੁੱਠੀ ਭਰ ਦਲਿਤ ਆਗੂਆਂ ਨੂੰ ਜੋ ਇਨ੍ਹਾਂ ਪਾਰਟੀਆਂ ਨਾਲ ਜੁੜੇ ਹੋਏ ਹਨ ਉਨ੍ਹਾਂ ਦਾ ਜੀਵਨ ਪੱਧਰ ਤਾਂ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸੰਵਾਰਿਆ ਗਿਆ ਪ੍ਰੰਤੂ ਆਮ ਦਲਿਤ ਦੀ ਹੋਣੀ ਅਜੇ ਵੀ ਬਹੁਤ ਮੰਦਹਾਲੀ ‘ਚ ਹੈ।
ਆਮ ਆਦਮੀ ਪਾਰਟੀ ਆਗੂਆਂ ਨੇ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪਾਰਟੀਆਂ ਨੇ ਸਿਰਫ ਦਲਿਤਾਂ ਨੂੰ ਸੁਪਨੇ ਹੀ ਦਿਖਾਏ ਨੇ ਜਾਂ ਆਪਣੀ ਕੁਰਸੀ ਹਾਸਲ ਕਰਨ ਲਈ ਦਲਿਤਾਂ ਨੂੰ ਵਰਤਿਆ ਹੈ ਨਾ ਕਿ ਦਲਿਤਾਂ ਦੇ ਹਿੱਤ ਸੰਵਾਰਨ ਲਈ ਜਾਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਤੇ ਦਲਿਤ ਹੁਣ ਸਿਆਣੇ ਹੋ ਚੁੱਕੇ ਹਨ ਅਤੇ ਲਾਲਚੀ ਖ਼ੁਦਗਰਜ਼ ਸਿਆਸਤਦਾਨਾਂ ਨੂੰ ਭਾਂਜ ਦੇਣ ਲਈ ਪੂਰਾ ਮਨ ਬਣਾ ਚੁੱਕੇ ਹਨ। ਅਕਾਲੀ ਅਤੇ ਕਾਂਗਰਸੀ ਜਿੰਨੇ ਮਰਜ਼ੀ ਸ਼ੋਸ਼ੇ ਜਾਂ ਗਠਬੰਧਨ ਦੀਆਂ ਚਾਲਾਂ ਚੱਲ ਰਹੇ ਹਨ। ਲੋਕ ਹੁਣ ਉਨ੍ਹਾਂ ਨੂੰ ਕਦੇ ਮੂੰਹ ਨਹੀਂ ਲਾਉਣਗੇ ਕਿਸਾਨ , ਮੁਲਾਜ਼ਮ ਅਤੇ ਮਜ਼ਦੂਰ ਗੱਲ ਕੀ ਸਾਰਾ ਪੰਜਾਬ ਇਨ੍ਹਾਂ ਦੀਆਂ ਚਾਲਾਂ ਨੂੰ ਸਮਝ ਚੁੱਕਾ ਹੈ। ਆਪ ਆਗੂਆਂ ਨੇ ਪੰਜਾਬ ਦੀ ਜਨਤਾ ਨੂੰ ਸਿਆਣਪ ਵਰਤਣ ਅਤੇ ਸਿਆਸੀ ਗਿਰਗਿਟਾਂ ਨੂੰ ਭਾਂਜ ਦੇਣ ਅਤੇ ਆਪਣੇ ਹੱਕਾਂ ਦੀ ਰਾਖੀ ਕਰਨ ਦਾ ਹੋਕਾ ਦਿੱਤਾ।
Author: Gurbhej Singh Anandpuri
ਮੁੱਖ ਸੰਪਾਦਕ