“ਸਿੱਧੂ ਦੀ ਸੀ.ਐਮ. ਬਣਨ ਦੀ ਚਾਹਤ ’ਤੇ ਬੋਲੇ ਰੰਧਾਵਾ: ‘ਇੰਨੀ ਛੇਤੀ ਬਟੇਰਾ ਪੈਰ ਥੱਲੇ ਨਹੀਂ ਆਉਂਦਾ’, ‘ਉਵਰਐਂਬੀਸ਼ੀਅਸ’ ਸਿੱਧੂ ਨੂੰ ਕਾਂਗਰਸ ਸਭਿਆਚਾਰ ਸਿੱਖਣ ਦੀ ਲੋੜ”
ਚੰਡੀਗੜ੍ਹ, 3 ਜਨਵਰੀ, 2022:
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ: ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਦਾ ‘ਸੁਪਰ ਅਸ਼ੀਰਵਾਦ’ ਪ੍ਰਾਪਤ ਹੋਣ ਕਰਕੇ ਹੁਣ ਤਕ ਚੁੱਪ ਬੈਠੇ ਸੀਨੀਅਰ ਆਗੂ ਹੁਣ ਖੁਲ੍ਹ ਕੇ ਆਪਣੀ ਗੱਲ ਕਹਿਣ ’ਤੇ ਆ ਰਹੇ ਹਨ। ਐਤਵਾਰ ਨੂੰ ਵਾਰੀ ਸਾਂਭੀ ਰਾਜ ਦੇ ਉਪ-ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ।
ਭਾਵੇਂ ਅਜੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਆਪਣੇ ਸੁਭਾਅ ਮੁਤਾਬਿਕ ਉਨੇ ਮੁਖ਼ਰ ਨਹੀਂ ਹੋਏ ਪਰ ਇਸ਼ਾਰਿਆਂ ਇਸ਼ਾਰਿਆਂ ਵਿੱਚ ਉਨ੍ਹਾਂ ਨੇ ਵੀ ਸ: ਸਿੱਧੂ ਦੇ ਉਨ੍ਹਾਂ ਕਾਰਜਾਂ ਅਤੇ ਕਥਨਾਂ ਦੀ ਅਲੋਚਨਾ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੂੰ ਉਹ ਠੀਕ ਨਹੀਂ ਸਮਝਦੇ।
ਕਾਂਗਰਸ ਦੇ ਸੰਸਦ ਮੈਂਬਰ ਸ: ਰਵਨੀਤ ਸਿੰਘ ਬਿੱਟੂ ਅਤੇ ਸ੍ਰੀ ਮਨੀਸ਼ ਤਿਵਾੜੀ ਤਾਂ ਲਗਾਤਾਰ ਹੀ ਸ: ਸਿੱਧੂ ਦੀ ਕਾਰਜਸ਼ੈਲੀ ਅਤੇ ਉਨ੍ਹਾਂ ਦੇ ਕਥਨਾਂ ਦੇ ਅਲੋਚਕ ਰਹੇ ਹਨ ਪਰ ਪਿਛਲੇ ਦਿਨਾਂ ਵਿੱਚ ਹੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਆਪਣੀ ਗੱਲ ਖੁਲ੍ਹ ਕੇ ਰੱਖੀ ਹੈ। ਸ: ਸਿੱਧੂ ਵੱਲੋਂ ਅਕਾਲੀ ਨੇਤਾ ਸ: ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਵੀ ਕਈ ਮੰਤਰੀ ਅਤੇ ਪ੍ਰਮੁੱਖ ਆਗੂ ਆਪਣੇ ਨਜ਼ਰੀਏ ਨਾਲ ਵੇਖ਼ ਰਹੇ ਹਨ। ਇਸ ਤੋਂ ਇਲਾਵਾ ਸ: ਸਿੱਧੂ ਦੀ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਦੀ ਕਾਹਲ ਵੀ ਉਨ੍ਹਾਂ ਦੀ ਅਲੋਚਨਾ ਦਾ ਕਾਰਨ ਬਣ ਰਹੀ ਹੈ। ਪੁਲਿਸ ਦੇ ਖਿਲਾਫ਼ ਸ: ਸਿੱਧੂ ਵੱਲੋਂ ਇਤਰਾਜ਼ਯੋਗ ਬਿਆਨ ਦੇਣ ਅਤੇ ਉਸਨੂੰ ਦੁਹਰਾਉਣ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸ ਦੇ ਆਪਣੇ ਹੀ ਮੰਤਰੀਆਂ, ਸੰਸਦ ਮੈਂਬਰਾਂ ਅਤੇ ਆਗੂਆਂ ਨੇ ਉਸ ’ਤੇ ਇਤਰਾਜ਼ ਜਤਾਇਆ ਉਹ ਤਾਂ ਹੈ ਹੀ ਸੀ, ਜਲੰਧਰ ਪੁੱਜੇ ਮੁੱਖ ਮੰਤਰੀ ਚੰਨੀ ਨੇ ਤਾਂ ਪੀ.ਏ.ਪੀ. ਵਿਖ਼ੇ ਪੁਲਿਸ ਸਮਾਗਮ ਵਿੱਚ ਹਿੱਸਾ ਲੈਂਦਿਆਂ ਇੱਥੇ ਤਕ ਕਹਿ ਦਿੱਤਾ ਕਿ ਜੇ ਕੋਈ ਪੁਲਿਸ ਖਿਲਾਫ਼ ਬੋਲਦਾ ਹੈ ਤਾਂ ਉਹ ਉਹਨਾਂ ਦੀ ਸਰਕਾਰ ਦੇ ਖਿਲਾਫ਼ ਬੋਲਦਾ ਹੈ।
ਅੱਜ ਇਕ ਨਿੱਜੀ ਪੰਜਾਬੀ ਚੈਨਲ ’ਤੇ ਗੱਲ ਕਰਦਿਆਂ ਸ: ਸੁਖ਼ਜਿੰਦਰ ਸਿੰਘ ਰੰਧਾਵਾ ਨੇ ਵੀ ਆਪਣੇ ਮਨ ਦੀਆਂ ਗੱਲਾਂ ਖੁਲ੍ਹ ਕੇ ਰੱਖੀਆਂ।
ਸ: ਸਿੱਧੂ ਦੇ ਸਿਰ ਪ੍ਰਧਾਨਗੀ ਦਾ ਤਾਜ ਸਜਾਉਣ ਲਈ ਉਨ੍ਹਾਂ ਨੂੰ ਕੱਲੇ ਕੱਲੇ ਵਿਧਾਇਕ ਦੇ ਘਰ ਲੈ ਕੇ ਜਾਣ ਵਾਲੇ ਸ:ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਦਾਅਵਾ ਤਾਂ ਇਹ ਕਰ ਦਿੱਤਾ ਕਿ ਹੁਣ ਉਨ੍ਹਾਂ ਦੀ ਲੰਬੇ ਸਮੇਂ ਤੋਂ ਸ: ਸਿੱਧੂ ਨਾਲ ਗੱਲਬਾਤ ਹੀ ਨਹੀਂ ਹੁੰਦੀ, ਕਿਉਂਕਿ ਉਹ ਮੇਰੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਮੇਰੇ ਨਾਲ ਨਾਰਾਜ਼ ਹਨ।
‘ਕਦੇ ਫ਼ੋਨ ’ਤੇ ਗੱਲ ਨਹੀਂ ਹੋਈ, ਅੱਜ ਕਲ੍ਹ ਗੱਲ ਨਹੀਂ ਹੁੰਦੀ, ਪਤਾ ਨਹੀਂ ਉਨ੍ਹਾਂ ਦੇ ਮਨ ਵਿੱਚ ਕੀ ਹੈ, ਕਈਆਂ ਦੇ ਐਂਬੀਸ਼ਨਜ਼ ਹੀ ਇੰਜ ਹੁੰਦੇ ਹਨ, ਐਂਬੀਸ਼ੀਅਸ ਹੋਣ ਵਿੱਚ ਕੋਈ ਗੱਲ ਨਹੀਂ, ਉਵਰਐਂਬੀਸ਼ੀਅਸ ਨਹੀਂ ਹੋਣਾ ਚਾਹੀਦਾ। ’
ਅਕਾਲੀ ਨੇਤਾ ਬਿਕਰਮ ਮਜੀਠੀਆ ਮਾਮਲੇ ’ਤੇ ਸ:ਸਿੱਧੂ ਵੱਲੋਂ ਕੇਵਲ ਐਫ.ਆਈ.ਆਰ. ਹੀ ਕੀਤੇ ਜਾਣ ਅਤੇ ਅੱਗੋਂ ਕਾਰਵਾਈ ਨਾ ਕੀਤੇ ਜਾਣ ਸੰਬੰਧੀ ਦਿੱਤੇ ਜਾ ਰਹੇ ਜਨਤਕ ਬਿਆਨਾਂ ’ਤੇ ਟਿੱਪਣੀ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ਸ: ਸਿੱਧੂ ਵੱਡੇ ਬੰਦੇ ਹਨ, ਕੁਝ ਵੀ ਕਰ ਸਕਦੇ ਹਨ। ਉਹਨਾਂ ਦੇ ਕਹਿਣ ਅਨੁਸਾਰ ਤਾਂ ਸਿਪਾਹੀ ਵੀ ਕਿਸੇ ਨੂੰ ਫ਼ੜ ਕੇ ਅੰਦਰ ਦੇ ਸਕਦਾ ਹੈ।
ਸ: ਰੰਧਾਵਾ ਨੇ ਕਿਹਾ ਕਿ ਸ: ਮਜੀਠੀਆ ਸੰਬੰਧੀ ਕੇਸ ਅਦਾਲਤਾਂ ਵਿੱਚ ਲੱਗੇ ਹਨ, ਸਾਨੂੰ ਆਪਣੀ ਜ਼ੁਬਾਨ ਬੰਦ ਕਰਕੇ ਰੱਖਣੀ ਚਾਹੀਦੀ ਹੈ। ਹਿਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਅਸੀਂ ਕੋਈ ਬਦਲਾਖ਼ੋਰੀ ਦੀ ਰਾਜਨੀਤੀ ਕਰ ਰਹੇ ਹਾਂ। ਕੋਈ ਬਦਲਾਖ਼ੋਰੀ ਵਾਲੀ ਗੱਲ ਹੈ ਵੀ ਨਹੀਂ, ਜੋ ਕਾਨੂੂੰਨ ਹੈ, ਉਹ ਕਰ ਰਹੇ ਹਾਂ। ਪੰਜਾਬ ਦੇ ਲੋਕਾਂ ਨੂੂੰ ਇਨਸਾਫ਼ ਲੈਣ ਦੇਈਏ, ਐਸਾ ਸੰਦੇਸ਼ ਨਹੀਂ ਜਾਏ ਕਿ ‘ਮੈਂ’ ਕਰ ਰਿਹਾ ਹਾਂ। ਮੈੈਂ ਨਹੀਂ ਕਹਿਣਾ ਚਾਹੀਦਾ, ਕਹਿਣਾ ਚਾਹੀਦਾ ਮੇਰੀ ਪਾਰਟੀ ਇਹ ਕਰੇਗੀ, ਸਾਡੀ ਪਾਰਟੀ ਵਿੱਚ ਕਾਂਗਰਸ ਦਾ ਵਿਜ਼ਨ ਚੱਲਦਾ ਹੈ।’
ਸ: ਸਿੱਧੂ ਵੱਲੋਂ ਸਟੇਜਾਂ ਤੋਂ ਆਗੂਆਂ ਦੀ ‘ਉਮੀਦਵਾਰੀ ਦੇ ਐਲਾਨ’ ’ਤੇ ਟਿੱਪਣੀ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ਜੇ ਸਟੇਜਾਂ ਤੋਂ ਅਸੀਂ ਆਪ ਹੀ ਉਮੀਦਵਾਰ ਐਲਾਨਣੇ ਹਨਤਾਂ ਫ਼ਿਰ ਸਕਰੀਨਿੰਗ ਕਮੇਟੀ ਦਾ ਕੀ ਮਤਲਬ। ਉਹਨਾਂ ਕਿਹਾ ਕਿ ਸ:ਸਿੱਧੂ ਨੂੰ ਕਾਂਗਰਸ ਦਾ ਸਭਿਆਚਾਰ ਸਮਝਣਾ ਪਵੇਗਾ।
ਸ: ਸਿੱਧੂ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਸੰਬੰਧੀ ਕੀਤੀ ਜਾ ਰਹੀ ਬਿਆਨਬਾਜ਼ੀ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ: ਰੰਧਾਵਾ ਨੇ ਕਿਹਾ ਕਿ ਉਹ ‘ਉਵਰਐਂਬੀਸ਼ੀਅਸ’ ਹਨ ਪਰ ‘ਇੰਨੀ ਛੇਤੀ ਪੈਰ ਥੱਲੇ ਬਟੇਰਾ ਨਹੀਂ ਆਉਂਦਾ।’ ਉਹਨਾਂ ਕਿਹਾ ਕਿ ਕਾਂਗਰਸ ਨੇ ਸ: ਸਿੱਧੂ ਨੂੰ ਬੜਾ ਵੱਡਾ ਰੁਤਬਾ ਦਿੱਤਾ ਹੈ ਅਤੇ ਉਨ੍ਹਾਂ ਦੀ ਜਾਚੇ ਤਾਂਮੁੱਖ ਮੰਤਰੀ ਨਾਲੋਂ ਵੀ ਕਾਂਗਰਸ ਪ੍ਰਧਾਨ ਹੋਣਾ ਵੱਡੀ ਗੱਲ ਹੈ, ਮਾਨ ਵਾਲੀ ਗੱਲ ਹੈ।
ਸ: ਸਿੱਧੂ ਵੱਲੋਂ ਮੁੱਖ ਮੰਤਰੀ ਚਿਹਰੇ ਬਾਰੇ ਪਾਰਟੀ ਦਾ ਲਾੜਾ ਨਾ ਹੋਣ ਦੀ ਗੱਲ ’ਤੇ ਸ: ਰੰਧਾਵਾ ਨੇ ਕਿਹਾ ਕਿ ਕੀ ਮੁੱਖ ਮੰਤਰੀ ਜਾਂ ਫ਼ਿਰ ਕਾਂਗਰਸ ਪ੍ਰਧਾਨ ਜਾਂ ਫ਼ਿਰ ਕੰਪੇਨ ਕਮੇਟੀ ਪ੍ਰਧਾਨ, ਮੈਨੀਫ਼ੈਸਟੋ ਕਮੇਟੀ ਪ੍ਰਧਾਨ ਇਹ ਸਭ ਲਾੜੇ ਨਹੀਂ ਹਨ। ਉਨ੍ਹਾਂ ਕਿਹਾ ਕਿ ਇਕ ਤਾਂ ਕੀ ਕਾਂਗਰਸ ਪਾਰਟੀ ਕੋਲ ਤਾਂ ਪੰਜ ਪੰਜ ਲਾੜੇ ਹਨ। ਨਾਲ ਹੀ ਉਨ੍ਹਾਂ ਚੁਟਕੀ ਲੈਂਦਿਆਂ ਆਖ਼ਿਆ ਕਿ ਲਾੜਾ ਕੋਈ ਬਣੇ ਅਸੀਂ ਤਾਂ ਸਰਭਾਲੇ ਹੀ ਚੰਗੇ ਹਾਂ। ਮੰਤਰੀ ਵੀ ਸਰਭਾਲੇ ਹਨ ਅਤੇ ਵਰਕਿੰਗ ਪ੍ਰਧਾਨ ਵੀ ਸਰਭਾਲੇ ਹਨ।
ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਵਿਧਾਇਕ ਹੀ ਮੁੱਖ ਮੰਤਰੀ ਦਾ ਫ਼ੈਸਲਾ ਕਰਨਗੇ ਅਤੇ ਇਸ ਬਾਰੇ ਸ:ਸਿੱਧੂ ਵੱਲੋਂ ਵਿਖ਼ਾਈ ਜਾ ਰਹੀ ਕਾਹਲੀ ਅਤੇ ਕੀਤੀ ਜਾ ਰਹੀ ਬਿਆਨਬਾਜ਼ੀ ਨਾਲ ਉਹ ਸਹਿਮਤ ਨਹੀਂ ਹਨ।
ਉਹਨਾਂ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਸ: ਸਿੱਧੂ ਵੱਲੋਂ ਨਾਰਾਜ਼ਗੀ ਵਿਖ਼ਾਏ ਜਾਣ ਬਾਰੇ ਸ: ਰੰਧਾਵਾ ਨੇ ਕਿਹਾ ਕਿ ਜਿਸ ਦਿਨ ਹਾਈਕਮਾਨ ਕਹੇਗੀ ਉਹ ਪੰਜਾਬ ਦੀ ਬਿਹਤਰੀ ਲਈ ਮੰਤਰਾਲਾ ਇਨ੍ਹਾਂ ਦੇ ਪੈਰਾਂ ਹੇਠ ਰੱਖ ਆਵਾਂਗਾ। ਉਨ੍ਹਾਂ ਕਿਹਾ ਕਿ ‘ਇਹ ਕਹਿਣ ਤਾਂ ਮੈਂ ਤਾਂ ਰਾਜਨੀਤੀ ਵੀ ਛੱਡਣ ਲਈ ਤਿਆਰ ਹਾਂ।’
ਮੁੱਖ ਮੰਤਰੀ ਚਿਹਰਾ ਨਾ ਐਲਾਨੇ ਜਾਣ ’ਤੇ ਸ:ਸਿੱਧੂ ਦੀ ਸੰਭਾਵੀ ਨਾਰਾਜ਼ ਹੋ ਜਾਣ ’ਤੇ ਉਨ੍ਹਾਂ ਨੂੰ ਮਨਾਉਣ ਬਾਰੇ ਗੱਲ ਕਰਦਿਆਂ ਸ: ਰੰਧਾਵਾ ਨੇ ਕਿਹਾ, ‘ਮੇਰਾ ਤਾਂ ਕੋਈ ਬਹੁਤਾ ਉਨ੍ਹਾਂ ਨਾਲ ਹੁਣ ਹੈ ਨਹੀਂ, ਇਸ ਬਾਰੇ ਤਾਂ ਕੋਈ ਹੋਰ ਹੀ ਦੱਸ ਸਕਦਾ ਹੈ, ਸ:ਪਰਗਟ ਸਿੰਘ ਜਾਂ ਫ਼ਿਰ ਸ੍ਰੀ ਹਰੀਸ਼ ਚੌਧਰੀ ਦੱਸ ਸਕਦੇ ਹਨ।’
Author: Gurbhej Singh Anandpuri
ਮੁੱਖ ਸੰਪਾਦਕ