ਚੰਡੀਗੜ੍ਹ, 3 ਜਨਵਰੀ, 2022:
‘ਆਮ ਆਦਮੀ ਪਾਰਟੀ’ ਨੇ 2022 ਪੰਜਾਬ ਵਿਧਾਨ ਸਭਾ ਚੋਣਾਂ ਲਈ 5 ਹੇਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਅੱਜ ਆਪਣੇ ਉਮੀਦਵਾਰਾਂ ਦੀ ਸੱਤਵੀਂ ਸੂਚੀ ਜਾਰੀ ਕੀਤੀ ਹੈ।ਪਾਰਟੀ ਵੱਲੋਂ ਹੁਣ ਤਕ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ ਹੁਣ ਵਧ ਕੇ 101 ਹੋ ਗਈ ਹੈ।‘ਆਪ’ ਨੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ। ਲਾਲੀ ਮਜੀਠੀਆ ਬੀਤੇ ਦਿਨ ਹੀ ‘ਪਨਗ੍ਰੇਨ’ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕਾਂਗਰਸ ਪਾਰਟੀ ਛੱਡਕੇ ‘ਆਪ’ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਦਾ ਮੁਕਾਬਲਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨਾਲ ਹੋਵੇਗਾ।ਡਾ: ਅਜੇ ਗੁਪਤਾ ਨੂੰ ਅੰਮ੍ਰਿਤਸਰ ਕੇਂਦਰੀ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਹਲਕੇ ਤੋਂ ਇਸ ਵੇਲੇ ਰਾਜ ਦੇ ਉਪ ਮੁੱਖ ਮੰਤਰੀ ਸ੍ਰੀ ਉਮ ਪ੍ਰਕਾਸ਼ ਸੋਨੀ ਵਿਧਾਇਕ ਹਨ।‘ਆਪ’ ਦੇ ਸਾਬਕਾ ਐਮ.ਪੀ. ਪ੍ਰੋ: ਸਾਧੂ ਸਿੰਘ ਦੀ ਬੇਟੀ ਡਾ: ਬਲਜੀਤ ਕੌਰ, ਜੋ ਬੀਤੇ ਦਿਨੀਂ ਸਰਕਾਰੀ ਨੌਕਰੀ ਛੱਡ ਕੇ ‘ਆਮ ਆਦਮੀ ਪਾਰਟੀ’ ਵਿੱਚ ਸ਼ਾਮਲ ਹੋਏ ਸਨ, ਨੂੰ ਮਲੋਟ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਇਆ ਗਿਆ ਹੈ।ਹਾਕੀ ਉਲੰਪੀਅਨ ਅਤੇ ਸਾਬਕਾ ਪੁਲਿਸ ਅਧਿਕਾਰੀ ਸ: ਸੁਰਿੰਦਰ ਸਿੰਘ ਸੋਢੀ ਨੂੰ ਜਲੰਧਰ ਛਾਉਣੀ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਰਾਜ ਦੇ ਸਿੱਖ਼ਿਆ ਮੰਤਰੀ, ਭਾਰਤੀ ਹਾਕੀ ਦੇ ਸਾਬਕਾ ਕਪਤਾਨ ਅਤੇ ਸਾਬਕਾ ਪੁਲਿਸ ਅਧਿਕਾਰੀ ਸ:ਪਰਗਟ ਸਿੰਘ ਨਾਲ ਹੋਵੇਗਾ।ਡਾ: ਕਸ਼ਮੀਰ ਸਿੰਘ ਸੋਹਲ ਨੂੰ ਤਰਨ ਤਾਰਨ ਹਲਕੇ ਤੋਂ ‘ਆਮ ਆਦਮੀ ਪਾਰਟੀ’ ਦਾ ਉਮੀਦਵਾਰ ਬਣਾਇਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ