ਨਵੀਂ ਦਿੱਲੀ 3ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਬੰਦੀ ਸਿੰਘਾਂ ਦੀ ਰਿਹਾਈ ਲਈ ਕਾਰਜਸ਼ੀਲ ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਦੇ ਆਗੂਆਂ ਨੇ ਅੱਜ ਦਿੱਲੀ ਦੇ ਗ੍ਰਹਿ ਤੇ ਜੇਲ੍ਹ ਮੰਤਰੀ ਸਤਿੰਦਰ ਜੈਨ ਅਤੇ ਦਿੱਲੀ ਵਿਧਾਨਸਭਾ ਦੇ ਨੇਤਾ ਵਿਰੋਧੀ ਧਿਰ ਰਾਮਬੀਰ ਸਿੰਘ ਬਿਧੂੜੀ ਨਾਲ ਦਿੱਲੀ ਵਿਧਾਨਸਭਾ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੂੰ ਰਿਹਾਈ ਮੋਰਚੇ ਵੱਲੋਂ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਤੋਂ ਪਹਿਲਾਂ ਭਾਈ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ ਕੇਂਦਰ ਸਰਕਾਰ ਵੱਲੋਂ 2019 ‘ਚ ਮੰਜੂਰੀ ਦੇਣ ਦੇ ਬਾਵਜੂਦ ਦਿੱਲੀ ਸਰਕਾਰ ਵੱਲੋਂ ਭਾਈ ਭੁੱਲਰ ਦੀ ਰਿਹਾਈ ਦੇ ਪ੍ਰਵਾਨੇ ਉਤੇ ਦਸਤਖਤ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਨੂੰ ਲੈਕੇ ਉਨ੍ਹਾਂ ਦੀ ਪਤਨੀ ਬੀਬੀ ਨਵਨੀਤ ਕੌਰ ਭੁੱਲਰ ਵੱਲੋਂ ਰਿਹਾਈ ਮੋਰਚੇ ਨੂੰ ਪੱਤਰ ਪ੍ਰਾਪਤ ਹੋਇਆ ਸੀ। ਨਾਲ ਹੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਵਿੱਚ ਤਬਦੀਲ ਕਰਨ ਵਾਸਤੇ ਉਨ੍ਹਾਂ ਦੀ ਮਾਤਾ ਬੀਬੀ ਨਰਿੰਦਰ ਕੌਰ ਵੱਲੋਂ ਵੀ ਰਿਹਾਈ ਮੋਰਚੇ ਨੂੰ ਪੱਤਰ ਭੇਜਿਆ ਗਿਆ ਸੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਿਹਾਈ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅਸੀਂ ਪੂਰੇ ਤਥਾਂ ਦੇ ਨਾਲ ਮੰਗ ਪੱਤਰ ਤਿਆਰ ਕੀਤਾ ਹੈ। ਜਿਸ ਦੇ ਨਾਲ ਕੇਂਦਰ ਸਰਕਾਰ ਦੇ ਭਾਈ ਭੁੱਲਰ ਦੀ ਰਿਹਾਈ ਬਾਰੇ ਨੋਟੀਫਿਕੇਸ਼ਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਪਾਸੋਂ ਸਾਨੂੰ ਪ੍ਰਾਪਤ ਹੋਇਆ ਚਿਠੀਆਂ ਵੀ ਨਾਲ ਨੱਥੀ ਹਨ। ਦਿੱਲੀ ਸਰਕਾਰ ਭਾਈ ਭੁੱਲਰ ਦੀ ਰਿਹਾਈ ਕਿਉਂ ਰੋਕ ਰਹੀ ਹੈ, ਸਮਝ ਨਹੀਂ ਆ ਰਿਹਾ।
ਇਸੇ ਤਰ੍ਹਾਂ ਭਾਈ ਹਵਾਰਾ ਨੂੰ ਦਿੱਲੀ ਵਿੱਚ ਕੋਈ ਮੁਕੱਦਮਾ ਬਾਕੀ ਨਾ ਹੋਣ ਦੇ ਬਾਵਜੂਦ ਪੰਜਾਬ ਜੇਲ੍ਹ ਵਿੱਚ ਨਹੀਂ ਭੇਜਿਆ ਜਾ ਰਿਹਾ। ਜਦਕਿ ਉਨ੍ਹਾਂ ਦੇ ਮਾਤਾ ਜੀ ਇਸ ਸੰਬੰਧੀ ਦਿੱਲੀ ਸਰਕਾਰ ਨੂੰ ਪਹਿਲਾਂ ਵੀ ਬੇਨਤੀਆਂ ਕਰ ਚੁੱਕੇ ਹਨ। ਰਿਹਾਈ ਮੋਰਚੇ ਦੇ ਆਗੂ ਤੇ ਸਾਬਕਾ ਵਿਧਾਇਕ ਅਵਤਾਰ ਸਿੰਘ ਕਾਲਕਾ, ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਸ਼ਾਹਪੁਰਾ, ਡਾਕਟਰ ਪਰਮਿੰਦਰ ਪਾਲ ਸਿੰਘ, ਦਲਜੀਤ ਸਿੰਘ,ਸੰਗਤ ਸਿੰਘ ਤੇ ਜੋਰਾਵਰ ਸਿੰਘ ਨੇ ਦੱਸਿਆ ਕਿ ਜਿੱਥੇ ਸਤਿੰਦਰ ਜੈਨ ਨੇ ਮਸਲੇ ਬਾਰੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ ਉਥੇ ਹੀ ਬਿਧੂੜੀ ਨੇ ਵਿਧਾਨ ਸਭਾ ਵਿੱਚ ਇਹ ਮੁੱਦਾ ਚੁੱਕਣ ਦੀ ਗੱਲ ਕੀਤੀ ਹੈ। ਮੋਰਚੇ ਆਗੂਆਂ ਨੇ ਦੱਸਿਆ ਕਿ ਦਿੱਲੀ ਦੇ ਉਪ ਰਾਜਪਾਲ ਨੂੰ ਇਸ ਸਬੰਧੀ ਮੰਗ ਪੱਤਰ ਭੇਜਿਆ ਗਿਆ ਹੈ। ਜੇਕਰ ਦਿੱਲੀ ਸਰਕਾਰ ਦਾ ਰਵੱਈਆ ਨਾ ਬਦਲਿਆ ਤਾਂ ਸਾਨੂੰ ਕੋਰਟ ਜਾਣ ਨੂੰ ਮਜ਼ਬੂਰ ਹੋਣਾ ਪਵੇਗਾ।
Author: Gurbhej Singh Anandpuri
ਮੁੱਖ ਸੰਪਾਦਕ