“ਨਗਰ ਕੀਰਤਨ ਤੋਂ ਪਹਿਲਾਂ ਅਧੂਰੀਆਂ ਸੜਕਾਂ ਅਤੇ ਸਾਫ ਸਫਾਈ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ: ਈ.ਓ. ਰਾਮਜੀਤ”
ਕਰਤਾਰਪੁਰ 4 ਦਸੰਬਰ (ਭੁਪਿੰਦਰ ਸਿੰਘ ਮਾਹੀ): ਵੇਖਿਆ ਜਾਵੇ ਤਾਂ ਇਸ ਵੇਲੇ ਕਰਤਾਰਪੁਰ ਵਾਸੀਆਂ ਨੂੰ ਬੰਦ ਸੀਵਰੇਜ ਅਤੇ 2-2 ਮਹੀਨੇ ਪਹਿਲਾਂ ਤੋਂ ਪੁੱਟੀਆਂ ਸੜਕਾਂ ਜਿਉਂ ਦੀਆਂ ਤਿਉੰ ਹੀ ਹਨ। ਜਿਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਜੋ 9 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਅਤੇ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ 7 ਜਨਵਰੀ ਦਿਨ ਸ਼ੁਕਰਵਾਰ ਨੂੰ ਇਕ ਵਿਸ਼ਾਲ ਨਗਰ ਕੀਰਤਨ ਜੋ ਗੁਰਦੁਆਰਾ ਸ੍ਰੀ ਥੰਮ੍ਹ ਜੀ ਸਾਹਿਬ ਜੀ ਤੋਂ ਅਰੰਭ ਹੋਵੇਗਾ ਪਰ ਜਿਸ ਰਸਤੇ ਵਿੱਚ ਦੀ ਨਗਰ ਕੀਰਤਨ ਲਿਜਾਇਆ ਜਾਂਦਾ ਹੈ ਉਸ ਰਸਤੇ ਵਿੱਚ ਕਈ ਥਾਂਈਂ ਅਧੂਰੀਆਂ ਸੜਕਾਂ ਅਤੇ ਬੰਦ ਪਏ ਸੀਵਰੇਜ਼ ਦਾ ਗਲੀਆਂ ਵਿੱਚ ਗੰਦਾ ਪਾਣੀ ਇਕੱਠਾ ਹੋਇਆ ਹੋਣ ਕਰਕੇ ਕਰਤਾਰਪੁਰ ਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਚਲਦਿਆਂ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ (ਰਜਿ:) ਕਰਤਾਰਪੁਰ ਦੇ ਸੇਵਾਦਾਰਾਂ ਵੱਲੋਂ ਇਹਨਾਂ ਸਮਸਿਆਵਾਂ ਨੂੰ ਲੈ ਕੇ ਇਕ ਮੰਗ ਪੱਤਰ ਨਗਰ ਕੌਂਸਲ ਕਰਤਾਰਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀ ਰਾਮਜੀਤ ਨੂੰ ਦਿੱਤਾ ਗਿਆ। ਜਿਸ ਬਾਰੇ ਕਾਰਜ ਸਾਧਕ ਅਫਸਰ ਸ਼੍ਰੀ ਰਾਮਜੀਤ ਅਤੇ ਨਗਰ ਕੌਂਸਲ ਕਰਤਾਰਪੁਰ ਦੇ ਪ੍ਰਧਾਨ ਪ੍ਰਿੰਸ ਅਰੋੜਾ ਨੇ ਕਿਹਾ ਕਿ ਬੰਦ ਪਏ ਸੀਵਰੇਜ਼ ਦੀ ਸਫਾਈ ਲਈ ਜਲੰਧਰ ਤੋ ਅੱਜ ਹੀ ਮਸ਼ੀਨ ਲਿਆ ਕੇ ਲਗਾ ਦਿੱਤੀ ਗਈ ਹੈ ਜੋ ਕਿ ਚਾਰ ਪੰਜ ਦਿਨ ਵਿੱਚ ਹੀ ਸਾਰੇ ਕਰਤਾਰਪੁਰ ਦੇ ਸੀਵਰੇਜ਼ ਦੀ ਪੂਰੀ ਤਰ੍ਹਾਂ ਸਫਾਈ ਕਰਵਾ ਕੇ ਹੀ ਵਾਪਿਸ ਜਲੰਧਰ ਭੇਜੀ ਜਾਵੇਗੀ ਅਤੇ ਜੋ ਅਧੂਰੀਆਂ ਸੜਕਾਂ ਦਾ ਕੰਮ ਬਾਕੀ ਹੈ ਉਹ ਦੋ ਦਿਨਾਂ ਦੇ ਵਿੱਚ ਹੀ ਪੂਰਾ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕਰਤਾਰਪੁਰ ਸਾਡਾ ਆਪਣਾ ਸ਼ਹਿਰ ਹੈ ਅਤੇ ਇਸ ਸ਼ਹਿਰ ਦੀ ਸਾਫ ਸਫਾਈ ਦੀ ਜਿੰਮੇਵਾਰੀ ਵੀ ਸਾਡੀ ਹੈ। ਉਹਨਾਂ ਕਿਹਾ ਕਿ ਨਗਰ ਕੀਰਤਨ ਤੱਕ ਕੋਈ ਵੀ ਰਸਤੇ ਵਿੱਚ ਅਧੂਰੀ ਸੜਕ ਅਤੇ ਸਾਫ ਸਫਾਈ ਦੀ ਸ਼ਿਕਾਇਤ ਦਾ ਕੋਈ ਮੌਕਾ ਨਹੀ ਦਿੱਤਾ ਜਾਵੇਗਾ। ਇਸ ਮੌਕੇ ਈ. ਓ. ਰਾਮਜੀਤ, ਐਸ ਓ ਸ਼੍ਰੀ ਰੈਣੀ, ਇੰਸਪੈਕਟਰ ਸੰਕਲਪ, ਕੌਂਸਲਰ ਸੁਰਿੰਦਰ ਪਾਲ, ਕੌਂਸਲਰ ਸ਼ਾਮ ਸੁੰਦਰ ਪਾਲ, ਕੌਂਸਲਰ ਬਲਵਿੰਦਰ ਕੌਰ, ਕੌਂਸਲਰ ਮਨਜਿੰਦਰ ਕੌਰ, ਗੁਰਪ੍ਰੀਤ ਸਿੰਘ ਖਾਲਸਾ, ਮਨਜੀਤ ਸਿੰਘ, ਅਜੇ ਕੁਮਾਰ ਬੈਂਸ, ਸ਼ਿਵ ਕੁਮਾਰ ਭਾਰਗਵ, ਨੀਸ਼ੂ ਵਿਜ, ਲਖਵਿੰਦਰ ਸਿੰਘ, ਪ੍ਰਭਜੋਤ ਸਿੰਘ, ਪਾਲਾ ਸਿੰਘ, ਹਰਵਿੰਦਰ ਸਿੰਘ, ਦੀਪਕ ਸ਼ਰਮਾ, ਬਚਨ ਸਿੰਘ, ਸੁਦੇਸ਼ ਕੁਮਾਰ ਆਦਿ ਮੋਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ