ਅੰਮ੍ਰਿਤਸਰ, 4 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਅਤੇ ਦੋਸ਼ੀਆਂ ਉੱਤੇ ਕੇਸ ਦਰਜ਼ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਫ਼ਤਰ ਅੱਗੇ ਲੱਗੇ ਇਨਸਾਫ਼ ਮੋਰਚੇ ਨੂੰ ਭੰਡਣ ਵਾਲ਼ੇ ਬਾਦਲਾਂ ਦੇ ਚਾਪਲੂਸ, ਪਾਲਸ਼ੀਏ ਅਤੇ ਵਿਕਾਊ ਲਾਣਾ ਹੁਣ ਬਾਦਲਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ‘ਚ ਕੀਤੀ ਚੋਣ ਰੈਲ਼ੀ ਬਾਰੇ ਕਿਉਂ ਚੁੱਪ ਹੈ ? ਹੁਣ ਚੈੱਨਲਾਂ ‘ਤੇ ਆ ਕੇ ਆਪਣੇ ਆਕਾ ਬਾਦਲਾਂ ਦੇ ਵਿਰੁੱਧ ਜ਼ੁਬਾਨ ਖੋਲ੍ਹਣ ਦੀ ਹਿੰਮਤ ਕਿਉਂ ਨਹੀਂ ਕਰਦੇ ? ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜੁਝਾਰੂ ਸਿੱਖ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ 328 ਸਰੂਪਾਂ ਦਾ ਮੋਰਚਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦਾ ਮੋਰਚਾ ਸੀ ਪਰ ਬਾਦਲਾਂ ਨੇ ਪੰਥਕ ਰੋਸ ਰੈਲ਼ੀ ਦੇ ਨਾਂਅ ਹੇਠ ਬਾਦਲ ਬਚਾਓ, ਬਾਦਲ ਜਿਤਾਓ ਰੈਲ਼ੀ ਕੀਤੀ ਹੈ ਜੋ ਗੁਰਧਾਮਾਂ ਦੀ ਦੁਰਵਰਤੋਂ ਹੈ। ਉਹਨਾਂ ਕਿਹਾ ਕਿ ਬਾਦਲਾਂ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਰਬਾਰ ਸਾਹਿਬ ’ਚ ਹੋਈ ਬੇਅਦਬੀ ਪਿੱਛੇ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨਾ ਮੁੱਖ ਕਾਰਨ ਮੰਨਿਆ।
ਜਦਕਿ ਇਹਨਾਂ ਸੰਸਥਾਵਾਂ ਦੀ ਪਹਿਲਾਂ ਹੀ ਬਾਦਲਾਂ ਨੇ ਸਾਖ ਗਵਾ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਸਾਰੇ ਦਾ ਸਾਰਾ ਇਕੱਠ ਅਕਾਲੀ ਦਲ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਵਰਤਿਆ ਗਿਆ। ਗੁਰੂ ਦਾ ਸਤਿਕਾਰ ਅਤੇ ਹੋ ਰਹੀਆਂ ਬੇਅਦਬੀਆਂ ਮੁੱਖ ਮੁੱਦਾ ਨਹੀਂ ਮੰਨਿਆ ਗਿਆ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਹੋਰ ਕਹੀ ਕਿ ਬਾਹਰਲੇ ਸਿੱਖ ਇਸ ਗੱਲ ਤੇ ਗਿਲਾ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਸਿੱਖ ਰਾਜ ਦੀ ਗੱਲ ਨਹੀੰ ਕਰਦੀ। ਉਹਨਾਂ ਕਿਹਾ ਜੇਕਰ ਪ੍ਰਬੰਧ ਅਕਾਲੀ ਦਲ ਕੋਲ ਨਾ ਰਿਹਾ ਤਾਂ ਰਾਜ ਕਰੇਗਾ ਖਾਲਸਾ ਦਾ ਦੋਹਰਾ ਪੜ੍ਹਨ ਤੇ ਵੀ ਪਾਬੰਦੀ ਲੱਗ ਜਾਵੇਗੀ। ਅਸੀਂ ਘੱਟੋ-ਘੱਟ ਰਾਜ ਦੀ ਉਮੰਗ ਨੂੰ ਕਾਇਮ ਤਾਂ ਰੱਖਿਆ ਹੈ। ਪਰ ਗਿਆਨੀ ਜੀ ਭੁੱਲ ਗਏ ਕਿ ਜੂਨ ਮਹੀਨੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਅਕਾਲ ਤਖ਼ਤ ਸਾਹਿਬ ਅੱਗੇ ਨਾਅਰੇ ਲਗਾਉਣ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਡਾਂਗਾਂ ਦੀ ਵਰਤੋਂ ਕਰਦੀ ਹੈ। ਸ਼੍ਰੋਮਣੀ ਕਮੇਟੀ ਸਿਵਲ ਵਰਦੀ ’ਚ ਪੁਲਿਸ ਨੂੰ ਕੰਪਲੈਕਸ ਅੰਦਰ ਆ ਕੇ ਸਿੱਖ ਨੌਜਵਾਨਾਂ ਨੂੰ ਫੜਵਾਉਣ’ਚ ਸਹਿਯੋਗ ਕਰਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਕਹਿੰਦਾ ਰਿਹਾ ਕਿ ਮੈੰ ਖਾਲਿਸਤਾਨ ਦੇ ਨਾਅਰੇ ਬੰਦ ਕਰਵਾਉਣਗੇ ਹਨ। ਪਿਛਲਾ ਕਮੇਟੀ ਪ੍ਰਧਾਨ ਲੋਗੋਂਵਾਲ ਕਦੇ ਡੇਰੇ ਸਿਰਸਾ ਜਾਂਦਾ ਕਦੇ ਪਾਦਰੀਆਂ ਦੇ। ਬਾਦਲਾਂ ਨੇ ਕੌਮ ਦਾ ਧ੍ਰੋਹ ਕਮਾਉਣ ਲਈ ਕਿਹੜਾ ਗੁਨਾਹ ਨਹੀਂ ਕੀਤਾ ? ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਸੇਵਾ ’ਚ ਸਿੱਖਾਂ ਦੇ ਜ਼ਕਰੀਆ ਖਾਨ ਨਾਲ ਵਕਤੀ ਅਤੇ ਸ਼ਰਤਾਂ ਤਹਿਤ ਸਮਝੌਤੇ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਸਹੀ ਸਾਬਤ ਕਰਨ ਲਈ ਵਰਤ ਗਏ। ਗਿਆਨੀ ਜੀ ਇਹ ਚੇਤੇ ਰੱਖਣ ਕਿ ਤੁਸੀਂ ਬਾਦਲਾਂ ਦੇ ਗੁਨਾਹ ਨਹੀਂ ਧੋ ਸਕਦੇ। ਜੇਕਰ ਇਸ ਗੰਦ ’ਚ ਲਿਬੜਨਾ ਤੁਹਾਡੀ ਇੱਛਾ ਹੈ ਤਾਂ ਤੁਹਾਡੀ ਸ਼ਰਧਾ ਪਰ ਇਸ ਉੱਚੇ ਅਹੁੱਦੇ ਤੇ ਬੈਠ ਕੇ ਇਸ ਸਤਿਕਾਰ ਕਰਨ ਸਿੱਖੋ, ਨਹੀਂ ਖਾਲਸਾ ਪੰਥ ਬਾਦਲਾਂ ਦੇ ਨਾਲ-ਨਾਲ ਤੁਹਾਨੂੰ ਵੀ ਮੁਆਫ਼ ਨਹੀੰ ਕਰੇਗਾ।
Author: Gurbhej Singh Anandpuri
ਮੁੱਖ ਸੰਪਾਦਕ