ਫਿਰੋਜ਼ਪੁਰ, 5 ਜਨਵਰੀ, 2021 (ਨਜ਼ਰਾਨਾ ਨਿਊਜ਼ ਨੈੱਟਵਰਕ ) ਪੰਜਾਬ ਕਾਂਗਰਸ ਦੇ ਫ਼ਿਰੋਜ਼ਪੁਰ ਤੋਂ ਵਿਧਾਇਕ ਸ:ਪਰਮਿੰਦਰ ਸਿੰਘ ਪਿੰਕੀ ਨੇ ਪ੍ਰਧਾਨ ਮੰਤਰੀ ਦੇ ਫਿਰੋਜ਼ਪੁਰ ਰੈਲੀ ਵਿੱਚ ਨਾ ਪਹੁੰਚ ਸਕਣ ਅਤੇ ਉਨ੍ਹਾਂ ਦੇ ਕਾਫ਼ਿਲੇ ਨੂੰ ਰਸਤੇ ਵਿੱਚ ਰੋਕੇ ਜਾਣ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਸ ਮਾਮਲੇ ਲਈ ਸਿੱਧੇ ਤੌਰ ’ਤੇ ਡੀ.ਜੀ.ਪੀ. ਸ੍ਰੀ ਸਿਧਾਰਥ ਚੱਟੋਪਾਧਿਆਏ ਜ਼ਿੰਮੇਵਾਰ ਹਨ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਰਾਹ ਪ੍ਰਦਰਸ਼ਨਕਾਰੀਆਂ ਵੱਲੋਂ ਰੋਕੇ ਜਾਣ ਦੇ ਮਾਮਲੇ ਨੂੰ ਸੁਰੱਖ਼ਿਆ ਵਿੱਚ ਅਣਗਹਿਲੀ ਦਾ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫ਼ੇਰੀ ਦੇ ਮੱਦੇਨਜ਼ਰ ਡੀ.ਜੀ.ਪੀ. ਨੂੰ ਆਪ ਫਿਰੋਜ਼ਪੁਰ ਵਿਖ਼ੇ ਕੈਂਪ ਕਰਨਾ ਚਾਹੀਦਾ ਸੀ।
ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ ਅਤੇ ਡੀ.ਜੀ.ਪੀ. ਦੇ ਖਿਲਾਫ਼ ਅਣਗਹਿਲੀ ਲਈ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
ਉਹਨਾਂ ਆਖ਼ਿਆ ਕਿ ਡੀ.ਜਚੀ.ਪੀ.ਦੀ 35 ਤੋਂ40 ਸਾਲ ਦੀ ਪੁਲਿਸ ਵਿੱਚ ਸੇਵਾ ਹੈ ਅਤੇ ਜਿਸ ਦੀ ਗ਼ਲਤੀ ਹੋਵੇ ਉਹ ਕਹਿਣਾ ਹੀ ਚਾਹੀਦਾ ਹੈ, ਇਸ ਲਈ ਉਹ ਕਹਿ ਰਹੇ ਹਨ।
ਡੀ.ਜੀ.ਪੀ. ਚੱਟੋਪਾਧਿਆਏ ਨਾਲ ਵਖ਼ਰੇਵੇਂ ਦਾ ਇਕ ਪੁਰਾਣਾ ਕਿੱਸਾ ਦੁਬਾਰਾ ਫ਼ੋਲਦਿਆਂ ਸ: ਪਿੰਕੀ ਨੇ ਕਿਹਾ ਕਿ ਡੀ.ਜੀ.ਪੀ. ਤਾਂ ਬਲਾਤਕਾਰ ਮਾਮਲੇ ਦੇ ਇਕ ਦੋਸ਼ੀ ‘ਭਗੌੜੇ’ ਨੂੰ ਆਪਣੇ ਨਾਲ ਗੱਡੀਆਂ ਵਿੱਚ ਲਈ ਫ਼ਿਰਦੇ ਹਨ ਅਤੇ ਆਪਣੇ ਦਫ਼ਤਰ ਵਿੱਚ ਬਿਠਾਂਦੇ ਹਨ।
Author: Gurbhej Singh Anandpuri
ਮੁੱਖ ਸੰਪਾਦਕ