ਅੰਮ੍ਰਿਤਸਰ 9ਜਨਵਰੀ (ਨਜ਼ਰਾਨਾ ਨਿਊਜ਼
ਨੈੱਟਵਰਕ) ਵੀਰ ਬਾਲ ਦਿਵਸ ਵਜੋਂ ਨਹੀਂ ਬਲਕਿ ਬਾਬਿਆਂ ਦੇ ਸ਼ਹੀਦੀ ਦਿਹਾੜੇ ਵਜੋਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਦੀ ਯਾਦ ਮਨਾਈ ਜਾਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਲਾਲਾਂ ਦੀ ਧਰਮ ਹੇਤ ਅਦੁੱਤੀ ਤੇ ਲਸਾਨੀ ਸ਼ਹਾਦਤ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ, ਜਿਸ ਦੀ ਸੰਸਾਰ ਭਰ ‘ਚ ਕਿੱਧਰੇ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਸਾਹਿਬਜ਼ਾਦਿਆਂ ਨੇ ਆਪਣਾ ਆਪ ਨੀਂਹਾਂ ‘ਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਹਨ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਨਿਵੇਕਲਾ ਮਾਰਗ ਦਰਸਾਇਆ ਹੈ ਕਿ ਜਦ ਧਰਮ ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਾਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲੇ ਲਗਾਉਣਾ ਹੈ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਖੌਤੀ ਰਾਸ਼ਟਰਵਾਦ ਦੀ ਭੇਂਟ ਚੜ੍ਹ ਕੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤਾਂ ਨੂੰ ਰੋਲਣ ਤੋਂ ਗੁਰੇਜ ਕੀਤਾ ਜਾਏ। ਉਨ੍ਹਾਂ ਕਿਹਾ ਕਿ ਇਸ ਤਲਖ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇੱਕ ਡੂੰਘੀ ਸਾਜਿਸ਼ ਤਹਿਤ ਕੇਂਦਰ ਦੀ ਮੋਦੀ ਸਰਕਾਰ ਅਤੇ ਆਰ.ਐੱਸ.ਐੱਸ ਨੇ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀਰ ਬਾਲ ਦਿਵਸ ਵਜੋਂ ਐਲਾਨ ਦਿੱਤਾ ਹੈ ਜੋ ਕਿ ਸਿੱਧਮ-ਸਿੱਧਾ ਸਾਹਿਬਜ਼ਾਦਿਆਂ ਦੀ ਰੂਹਾਨੀਅਤ ‘ਤੇ ਵੀ ਹਮਲਾ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਰੁਝਾਨ ਕਦਾਚਿਤ ਗੁਰਮਤਿ ਅਤੇ ਸਿੱਖੀ ਵਿੱਚ ਸ਼ਹਾਦਤਾਂ ਨੂੰ ਯਾਦ ਕਰਨ ਦੇ ਅਨੁਕੂਲ ਨਹੀਂ। ਫ਼ੈਡਰੇਸ਼ਨ ਆਗੂ ਨੇ ਕਿਹਾ ਕਿ ਸਾਹਿਬਜ਼ਾਦੇ, ਕੋਈ ਆਮ ਬਾਲ ਜਾਂ ਬੱਚੇ ਨਹੀਂ ਬਲਕਿ ਧਰਮ ਹੇਤ ਸ਼ਹੀਦੀਆਂ ਪਾਣ ਕਰਕੇ ਸਿੱਖ ਕੌਮ ਦੇ ਸਰਬਉੱਚ ਲਕਬ ‘ਬਾਬਾ’ ਨਾਲ ਨਿਵਾਜੇ ਹੋਏ ਹਨ। ਸੰਗਤਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਹੈ ਕਿ ਸਮੁੱਚੀਆਂ ਪੰਥਕ ਧਿਰਾਂ ਤੇ ਗੁਰੂ ਪੰਥ ਨੂੰ ਸਮਰਪਿਤ ਸੰਸਥਾਵਾਂ ਅਤੇ ਸੰਗਤਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕੌਮੀ ਨਜ਼ਰੀਏ ਤੋਂ ਹੀ ਮਨਾਇਆ ਕਰਨ ਤੇ ਇਸ ਨੂੰ ਵੀਰ ਬਾਲ ਦਿਵਸ ਵਜੋਂ ਨਾ ਪ੍ਰਚਾਰਨ।
#Sikh_Youth_Federation_Bhindranwala_SYFB