“ਹਲਕਾ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਲੜ੍ਹ ਰਿਹੈ ਹੋਂਦ ਦੀ ਲੜਾਈ”
“–ਕਾਂਗਰਸ ਅਤੇ ‘ਆਪ’ ਨੂੰ ਛੱਡ, ਅਕਾਲੀ ਦਲ ‘ਚ ਆਏ ਨਵਜਾਤ ਆਗੂਆਂ ਉਪਰ ਰੱਖੀ ਟੇਕ ਨਾਲ ਬੇੜੀ ਕਿਨਾਰੇ ਨਹੀ ਲੱਗਦੀ ਦਿਖਦੀ–”
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ 2022 ਦੀ ਵਿਧਾਨ ਸਭਾ ਚੋਣ ਆਪਣੇ ਬਲਬੂਤੇ ਉਪਰ ਲੜਨ ਲਈ ਚੋਣ ਅਖਾੜੇ ਵਿੱਚ ਨਿੱਤਰ ਚੁੱਕੀਆਂ ਹਨ ਉਥੇ ਪੰਜਾਬ ਦੀ 101 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਹਲਕਾ ਪਾਇਲ ਅੰਦਰ ਆਪਣੀ ਹੋਂਦ ਦੀ ਲੜਾਈ ਲੜ ਰਹੀ ਦਿਖਾਈ ਦੇ ਰਹੀ ਹੈ। ਜੋ ਪੁਰਾਣੇ ਘਸੇ ਪਿਟੇ ਅਕਾਲੀ ਵਰਕਰਾਂ ਤੋਂ ਨਿਰਾਸ਼ਾਂ ਦੇ ਆਲਮ ਵਿੱਚੋ ਵਿਚਰਦਿਆਂ, ਕਾਂਗਰਸ ਅਤੇ ‘ਆਪ’ ਵਿੱਚੋ ਆਏ ਨਵਜਾਤ ਚਿਹਰਿਆਂ ਉਪਰ ਰੱਖੀ ਟੇਕ ਨਾਲ ਬੇੜੀ ਕਿਨਾਰੇ ਲਾਉਣ ਦੀ ਫਿਰਾਕ ਵਿੱਚ ਹੈ, ਪਰ ਫਿਰ ਵੀ ਅਖੌਤੀ ਪੰਥ ਦਾ ਦਰਦ-ਏ-ਹਾਲ ਬਿਆਨ ਕਰਦਿਆਂ ਸਿਆਸੀ ਪੰਡਤਾਂ ਦੇ ਨਿਗਾਹੇ ਨੁਕਤੇ ਅਨੁਸਾਰ ਅਕਾਲੀ ਦਲ ਦੀ ਬੇੜੀ ਪਾਰ ਲੱਗਦੀ ਦਿਖਦੀ ਨਹੀ ਦੇ ਰਹੀ। ਵਿਧਾਨ ਸਭਾ ਹਲਕਾ ਪਾਇਲ ਅੰਦਰ ਅਕਾਲੀ ਦਲ ਦਾ ਸਿਆਸੀ ਗ੍ਰਿਾਫ ਆਸ ਤੋਂ ਜਿਆਦਾ ਡਿੱਕ ਡੋਲੇ ਖਾ ਰਿਹਾ ਹੈ, ਜਿਸ ਦੇ ਅਗਾਮੀ ਸਮੇਂ ਦੌਰਾਨ ਸੰਭਲਣ ਦੇ ਆਸਰ ਨਹੀ ਦਿਖਾਈ ਦਿੰਦੇ। ਕਿਉਕਿ ਹਲਕਾ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਆਕਾਵਾਂ ਨੇ ਕੋਈ ਧੜੱਲੇਦਾਰ ਆਗੂ ਪੈਦਾ ਹੀ ਨਹੀ ਹੋਣ ਦਿੱਤਾ, ਬਲਕਿ ਹਲਕੇ ਅੰਦਰ ਧੜੇਬੰਦੀ ਕਾਰਨ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਅਕਾਲੀ ਦਲ ਦੀ ਅਣਹੋਂਦ ਪਾਰਟੀ ਦੇ ਅਕਸ ਨੂੰ ਧੁੰਦਲਾ ਕਰਦੀ ਹੈ। ਸਿਆਸੀ ਗਲਿਆਰਿਆਂ ਅਨੁਸਾਰ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਦੀ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪ੍ਰੀਵਾਰ ਨਾਲ ਨੇੜਤਾ ਜੱਗ ਜਾਹਰ ਹੈ, ਜਿਸ ਕਰਕੇ ਹਲਕਾ ਪਾਇਲ ਅੰਦਰ ਅਕਾਲੀ ਦਲ ਵਲੋ ਹਰ ਚੋਣ ਅਖਾੜੇ ਵਿੱਚ ਨਵਾਂ ਅਤੇ ਹਲਕੇ ਤੋਂ ਬਾਹਰੀ ਉਮੀਦਵਾਰ ਉਤਾਰਿਆਂ ਜਾਂਦਾ ਹੈ। ਮਿਸਾਲ ਵਜੋਂ ਦਵਿੰਦਰ ਸਿੰਘ ਗਰਚਾ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਈਸ਼ਰ ਸਿੰਘ ਮਿਹਰਬਾਨ, ਹੁਣ ਅਕਾਲੀ-ਬਸਪਾ ਗੱਠਜੋੜ ਵਲੋਂ ਜਸਪ੍ਰੀਤ ਸਿੰਘ ਬੀਜਾ ਬਾਹਰੀ ਉਮੀਦਵਾਰ ਬਣਾਏ ਜਾਂਦੇ ਰਹੇ ਹਨ। ਭਾਵੇ ਦਲ ਦੇ ਅੰਧ ਭਗਤਾਂ ਨੂੰ ਜਾਂ ਕਹਿ ਲਈਏ ਕਿ ਨਵਜਾਤ ਆਗੂਆਂ ਨੂੰ ਧਰਾਤਲੀ ਜਾਂ ਸਿਆਸੀ ਪਰਦੇ ਪਿਛਲੀਆਂ ਲੁਕਣਮੀਟੀਆਂ ਬਾਰੇ ਪੁਖਤਾ ਜਾਣਕਾਰੀ ਨਹੀ ਹੈ। ਜਿਨ੍ਹਾਂ ਜਿਨ੍ਹਾਂ ਟਕਸਾਲੀ ਆਗੂਆਂ ਨੂੰ ਜਦੋਂ ਜਦੋਂ ਅਕਾਲੀ-ਕਾਂਗਰਸੀਆਂ ਦੀਆਂ ਅੰਦਰਖਾਤੇ ਦੀਆਂ ਲੁਕਣਮੀਟੀਆਂ ਦਾ ਪਤਾ ਲੱਗਦਾ ਚਲਾ ਗਿਆ ਉਹ ਪਿਛੇ ਹੱਟਦੇ ਚਲੇ ਗਏ ਜਿਸ ਕਰਕੇ ਮੌਜੂਦਾ ਸਮੇਂ ਅਕਾਲੀ ਦਲ ਨੂੰ ਕਾਂਗਰਸ ਅਤੇ ਝਾੜੂ ਵਿੱਚੋ ਆ ਕੇ ਸੀਨੀਅਰ ਬਣੇ ਨਵਜਾਤ ਆਗੂਆਂ ਉਪਰ ਟੇਕ ਰੱਖਣੀ ਪੈ ਰਹੀ ਹੈ। ਜਿਸ ਕਰਕੇ ਅਕਾਲੀ ਦਲ ਨੂੰ ਕਾਂਗਰਸ ਵਿੱਚੋ ਆਏ ਨਵਜਾਤ ਆਗੂਆਂ ਉਪਰ ਰੱਖੀ ਟੇਕ ਨਾਲ ਬੇੜੀ ਕਿਨਾਰੇ ਨਹੀ ਲੱਗਦੀ ਦਿਖਾਦੀ ਦਿੰਦੀ। ਲੋਕਾਂ ਵਿੱਚ ਚਰਚਾਵਾਂ ਦਾ ਦੌਰ ਹੈ ਕਿ ਜੋ ਕਾਗਰਸ ਛੱਡ ਕੇ ਅਕਾਲੀ ਬਣਿਆ ਆਗੂ ਆਪਣੀ ਕਾਗਰਸੀ ਸਰਕਾਰ ਦੇ ਰਾਜ ਸੱਤਾ ਵਿੱਚ ਰਹਿੰਦਿਆ ਕੋਈ ਮਾਰਕਾ ਨਹੀ ਮਾਰ ਸਕਿਆ ਉਹ ਵਕਤੋ ਖੂੰਝੇ ਅਕਾਲੀ ਦਲ ਜਿਸ ਨੂੰ ਹਾਲੇ ਤੱਕ ਸਿੱਖ ਕੌਮ ਨੇ ਬੇਅਦਬੀਆਂ ਦੇ ਮਾਮਲੇ ‘ਤੇ ਦਰ ਕਿਨਾਰ ਕਰ ਰੱਖਿਆ ਹੈ, ਦਾ ਕੀ ਸਵਾਰ ਸਕੇਗਾ। ਦੂਜੀ ਗਲ, ਪਾਇਲ ਦੀ ਟਿਕਟ ਬਸਪਾ ਦੀ ਝੋਲੀ ਪੈ ਜਾਣ ਕਾਰਨ ਅਕਾਲੀ ਦਲ ਨੂੰ ਆਪਣਾ ਗ੍ਰਾਂਫ ਵਧਾਉਣਾ, ਚੰਨ ਤੋ ਤਾਰੇ ਤੋੜ ਲਿਆਉਣ ਦੇ ਬਰਾਬਰ ਹੈ। ਪਰ ਅਕਾਲੀ ਦਲ ਵਾਲੇ ਕਾਂਗਰਸ ਵਿਚੋਂ ਆਏ ਨਵਜਾਤ ਆਗੂਆਂ ਅਤੇ ਕਾਰਪੋਰੇਟ ਦਾ ਅੰਗ ਬਣੇ ਅਤੇ ਕੁਝ ਅਕਾਲੀ ਵਪਾਰੀ ਆਗੂਆਂ ‘ਤੇ ਦਾਅ ਲਾ ਕੇ ਰਾਜਸੀ ਪੱਤਾ ਖੇਡ ਕੇ ਆਪਣੀ ਗੁਆਚੀ ਸਾਂਖ ਬਹਾਲ ਕਰਨ ਦੀ ਤਾਂਘ ਵਿੱਚ ਹੈ। ਮੌਜੂਦਾ ਸਿਆਂਸੀ ਹਾਲਾਤਾਂ ਅਨੁਸਾਰ ਹਲਕੇ ਪਾਇਲ ਅੰਦਰ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸਮਝੌਤੇ ਤਹਿਤ ਸੀਟ ਛੱਡ ਕੇ ਕਾਂਗਰਸ ਪਾਰਟੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਰਸਤਾ ਸਾਫ ਕਰ ਦਿੱਤਾ ਜਾਪਦਾ ਹੈ। ਬਸਪਾ ਉਮੀਦਵਾਰ ਦਾ ਸਿਆਸੀ ਜਨ ਅਧਾਰ ਪਿਛਲੀ ਵਿਧਾਨ ਸਭਾ ਚੋਣ ਦਾ ਵੋਟ ਬੈਂਕ ਸਿਆਸੀ ਪੰਡਤਾਂ ਦੇ ਗੁਣੀਏ ਵਿੱਚ ਮੇਚ ਨਹੀ ਬੈਠਦਾ, ਕਿਉਕਿ ਪਿਛਲੀ ਵਿਧਾਨ ਸਭਾ ਚੋਣ ਵਿੱਚ ਬਸਪਾ ਨੂੰ ਕਰੀਬ 600 ਵੋਟਾਂ ਨਾਲ ਹੀ ਸਾਰਨਾ ਪਿਆ ਸੀ। ਹਲਕਾ ਪਾਇਲ ਦੀਆਂ ਸਿਆਸੀ ਪ੍ਰਸਥਿੱਤੀਆਂ ਘੋਖਣ ਤੇ ਪਤਾ ਲੱਗਦਾ ਹੈ ਕਿ ਹਲਕੇ ਅੰਦਰ ਕਾਗਰਸ ਪਾਰਟੀ ਅਤੇ ਕੋਟਲੀ ਪ੍ਰੀਵਾਰ ਦਾ ਦਬਦਬਾ, ਬਾਕੀ ਸਿਆਸੀ ਪਾਰਟੀਆਂ ਸਮੇਤ ਅਕਾਲੀ ਦਲ ਲਈ ਸੱਤ ਸਮੁੰਦਰ ਪਾਰ ਕਰਨ ਦੇ ਬਰਾਬਰ ਹੈ।
ਭਾਂਵੇ ਸ਼੍ਰੋਮਣੀ ਅਕਾਲੀ ਦਲ 101 ਸਾਲ ਪੁਰਾਣੀ ਖੇਤਰੀ ਪਾਰਟੀ ਅਖਵਾਉਦਾ ਹੋਇਆ ਪੰਜਾਬ ਦੇ ਕਿਸਾਨਾਂ ਅਤੇ ਪੰਥ ਦਾ ਅਲੰਬਰਦਾਰ ਬਣ ਕੇ ਵੋਟਾਂ ਵਟੋਰਦਾ ਰਿਹਾ ਹੈ ਪਰ ਫਿਰ ਵੀ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਪਾਉਣ ਵਿੱਚ ਅਸਫਲ ਰਿਹਾ ਹੈ। ਸੋਚਣ ਵਾਲੀ ਗਲ ਹੈ ਕਿ ਅਕਾਲੀ ਦਲ ਪੰਜਾਬ ਦੀ ਪੁਰਾਣੀ ਖੇਤਰੀ ਪਾਰਟੀ ਹੋਣ ਅਤੇ ਪੰਜ ਵਾਰ ਰਾਜ ਭਾਗ ਦਾ ਆਨੰਦ ਮਾਨਣ ਦੇ ਬਾਵਜੂਦ ਵੀ ਆਪਣੇ ਬਲਬੂਤੇ ਚੋਣ ਲੜਨ ਤੋ ਅਸਮਰੱਥ ਹੈ, ਜਿਸ ਨੂੰ ਹਰੇਕ ਚੋਣ ਵਿੱਚ ਕਦੇ ਜਨਤਾ ਪਾਰਟੀ, ਕਦੇ ਭਾਜਪਾ ਕਦੇ ਬਸਪਾ ਦੀਆਂ ਵਿਸਾਖੀਆ ਦੀ ਲੋੜ ਪੈਦੀ ਹੈ। ਜਿਸ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਅਕਾਲੀ ਦਲ ਅਤੇ ਉਸ ਦੀਆਂ ਭਾਈਵਾਲ ਪਾਰਟੀਆਂ ਨੇ ਆਪਣੇ ਰਾਜ ਭਾਗ ਦੌਰਾਨ ਪੰਜਾਬ ਦੇ ਸਾਰੇ ਵਰਗਾਂ ਲਈ ਲੋੜੀਦੀਆਂ ਮੁਢਲੀਆਂ ਸਹੂਲਤਾਂ ਪ੍ਰਦਾਨ ਨਹੀ ਕੀਤੀਆਂ ਭਾਵ, ਰਾਜ ਭਾਗ ਸਮੇਂ ਵਿਕਾਸ ਕਾਰਜ ਨਹੀ ਕੀਤੇ, ਜਿਸ ਕਰਕੇ ਹਰ ਚੋਣ ਵਿੱਚ ਸਥਾਨਿਕ ਖੇਤਰੀ ਪਾਰਟੀਆਂ ਦੀ ਬਿਜਾਏ ਦੂਜੀਆਂ ਨੈਸ਼ਨਲ ਪਾਰਟੀਆਂ ਦੇ ਸਹਾਰੇ ਦੀ ਲੋੜ ਪੈਦੀ ਹੈ। ਜਦ ਕਿ ਪੰਜਾਬ ਅੰਦਰ ਬਹੁਤ ਸਾਰੀਆਂ ਖੇਤਰੀ ਪਾਰਟੀਆਂ ਦਾ ਆਪਣਾ ਵਜੂਦ ਹੈ ਜੋ ਪੰਜਾਬ ਲਈ ਫਿਕਰਮੰਦ ਅਤੇ ਲੋਕਾਂ ਲਈ ਕੁਝ ਕਰਨ ਦੀ ਤਾਂਘ ਰੱਖਦੀਆਂ ਹਨ। ਅਜੋਕੇ ਸਮੇਂ ਅਕਾਲੀ ਦਲ ਅਤੇ ਬਸਪਾ ਗੱਠਜੋੜ ਵਲੋਂ ਬਸਪਾ ਦੇ ਜਸਪ੍ਰੀਤ ਸਿੰਘ ਬੀਜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜੋ ਹਲਕੇ ਦੀ ਭੂੰਗੋਲਿਕ ਤੇ ਰਾਜਨੀਤਿਕ ਪ੍ਰਸਥਿੱਤੀਆਂ ਤੋ ਕੋਰੇ ਹਨ, ਫਿਰ ਵੀ ਬਸਪਾ ਉਮੀਦਵਾਰ ਜਸਪ੍ਰੀਤ ਸਿੰਘ ਬੀਜਾ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਉਤਾਵਲੇ ਲਈ ਪੱਬਾਂ ਭਾਰ ਹਨ। ਹਲਕਾ ਪਾਇਲ ਅੰਦਰ ਦੋ ਨਗਰ ਕੌਸਲਾਂ ਦੋਰਾਹਾ ਅਤੇ ਪਾਇਲ ਤੋ ਇਲਾਵਾ ਇੱਕ ਨਗਰ ਪੰਚਾਇਤ ਮਲੌਦ ‘ਤੇ ਕਾਂਗਰਸ ਦਾ ਕਬਜਾ ਹੈ। ਦੋਰਾਹਾ ਕੌਸਲ ਦੇ 15 ਕੋਸਲਰਾਂ ਵਿੱਚੋ ਅਕਾਲੀ ਦਲ ਦਾ ਇੱਕ, ਪਾਇਲ ਨਗਰ ਕੌੌਸਲ ਦੇ 11 ਕੌਸਲਰਾਂ ਵਿੱਚੋ ਇੱਕ ਅਤੇ ਨਗਰ ਪੰਚਾਇਤ ਮਲੌਦ ਦੇ 11 ਕੌਸਲਰਾਂ ਚੋ ਸਿਰਫ ਇੱਕ ਕੌਸਲਰ ਅਕਾਲੀ ਦਲ ਦਾ ਹੈ। ਹੁਣੇ ਹੋਈ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿੱਚ ਹਲਕੇ ਦੇ ਦੋ ਅਕਾਲੀ ਉਮੀਦਵਾਰਾਂ ਨੂੰ ਜਿੱਤ ਨਸੀਬ ਨਹੀ ਹੋਈ। ਬਲਾਕ ਸੰਮਤੀਆਂ ਅਤੇ ਜਿਲ੍ਹਾਂ ਪ੍ਰੀਸ਼ਦ ਵਿੱਚ ਵੀ ਤੂਤੀ ਕਾਂਗਰਸ ਦੀ ਹੀ ਬੋਲਦੀ ਹੈ, ਜਦ ਕਿ ਵੋਟਰਾਂ ਵਿਚ ਹਾਸੋਹੀਣੇ ਬਣਿਆ ਅਕਾਲੀ-ਬਸਪਾ ਉਮੀਦਵਾਰ, ਜਿੱਤ ਦੇ ਦਾਅਵੇ ਕਰ ਰਿਹਾ ਹੈ। ਬਸਪਾ ਉਮੀਦਵਾਰ ਵਲੋਂ ਅਕਾਲੀ ਦਲ ਉਪਰ ਰੱਖੀ ਟੇਕ, ਰੇਤ ਦੀਆਂ ਕੰਧਾਂ ਵਾਂਗ ਢਹਿ ਢੇਰੀ ਹੋ ਰਹੀ ਦਿਸ ਰਹੀ ਹੈ, ਕਿਉਂਕਿ ਹਲਕਾ ਪਾਇਲ ਦੇ ਸੀਨੀਅਰ ਅਕਾਲੀ ਆਗੂ ਅਤੇ ਹਲਕਾ ਇੰਚਾਰਜ ਈਸ਼ਰ ਸਿੰਘ ਮੇਹਰਬਾਨ ਵੱਲੋਂ ਅਸਤੀਫ਼ਾ ਦੇ ਜਾਣਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਾਬਕਾ ਮੀਤ ਪ੍ਰਧਾਨ ਹਰਪਾਲ ਸਿੰਘ ਜੱਲ੍ਹਾ ਦਾ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਇਹ ਸਾਬਤ ਕਰਦਾ ਹੈ ਕਿ ਅਕਾਲੀ ਦਲ ਵਿੱਚ ਸਭ ਕੁਝ ਅੱਛਾ ਨਹੀਂ ਹੈ। ਗੌਰਤਲਬ ਹੈ ਕਿ ਅਕਾਲੀ ਬਸਪਾ ਗੱਠਜੋੜ ਦਾ ਉਮੀਦਵਾਰ ਦੋਰਾਹਾ, ਪਾਇਲ ਅਤੇ ਮਲੌਦ ਨਗਰ ਕੌਂਸਲਾਂ ਵਿੱਚ ਹਾਰੇ ਉਮੀਦਵਾਰਾਂ ਰਾਹੀਂ ਵੋਟਾਂ ਇਕੱਠੀਆਂ ਕਰਕੇ ਜਿੱਤ ਹਸਲ ਕਰਨ ਦਾ ਪਲੈਨ ਬਣਾਈ ਬੈਠਾ ਹੈ,
ਇਸ ਤੋਂ ਇਲਾਵਾ ਅਗਰ ਬਸਪਾ ਦੇ ਕੇਡਰ ਵੱਲ ਤਿਰਛੀ ਨਿਗ੍ਹਾ ਮਾਰੀ ਜਾਵੇ ਤਾਂ ਬਸਪਾ ਦਾ ਜਨ ਅਧਾਰ ਕੱਖਾਂ ਤੋਂ ਹੌਲਾ ਜਾਪਦਾ ਹੈ, ਜਿਸ ਕਰਕੇ ਬਸਪਾ ਉਮੀਦਵਾਰ ਦੇ ਸਾਹਮਣੇ ਚੋਣ ਲੜਨੀ ਕੰਡਿਆਂ ਦਾ ਬਿਖੜਾ ਪੈਡਾਂ ਸਾਬਤ ਹੋ ਰਹੀ ਹੈ। ਉਕਤ ਧਰਾਤਲੀ ਪ੍ਰਸਥਿਤੀਆਂ ਅਤੇ ਅੰਕੜਿਆਂ ਤੋ ਸਾਬਤ ਹੋ ਜਾਂਦਾ ਹੈ ਕਿ ਅਕਾਲੀ ਦਲ ਆਪਣੇ ਸਹਿਯੋਗੀ ਪਾਰਟੀ ਬਸਪਾ ਦੇ ਉਮੀਦਵਾਰ ਨੂੰ ਜਿਤਾਉਣ ਲਈ ਨਹੀ ਬਲਕਿ ਆਪਣਾ ਵਜੂਦ ਕਾਇਮ ਰੱਖਣ ਲਈ ਹੀ ਸਰਗਰਮੀ ਦਿਖਾ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਦੇ ਕੁਝ ਕੁ ਨੂੰ ਛੱਡ ਕੇ ਪੁਰਾਣੇ ਵਰਕਰ ਅਖਬਾਰਾਂ ਦੀਆਂ ਸੁਰਖੀਆਂ ਵਿੱਚੋ ਗਾਇਬ ਹਨ, ਸਿਰਫ ਕਾਗਰਸ ਵਿੱਚੋ ਅਕਾਲੀ ਦਲ ਵਿੱਚ ਆਏ ਨਵਜਾਤ ਆਗੂ ਜਾਂ ਚੋਣ ਹਾਰ ਚੁੱਕੇ ਹੀ ਹਲਕੇ ਪਾਇਲ ਦੇ ਖੈਰ ਖੁਆਹ ਬਣ ਕੇ ਵਿਚਰ ਰਹੇ ਹਨ, ਜਦ ਕਿ ਸਰਕਲ ਪ੍ਰਧਾਨਾ ਦੀਆਂ ਗਤੀਵਿਧੀਆਂ ਨਾਮਾਤਰ ਹਨ।
ਪੇਸ਼ਕਸ਼-ਲਾਲ ਸਿੰਘ ਮਾਂਗਟ
9855472859
Author: Gurbhej Singh Anandpuri
ਮੁੱਖ ਸੰਪਾਦਕ