ਅੰਮ੍ਰਿਤਸਰ, 10 ਜਨਵਰੀ (ਨਜ਼ਰਾਨਾ ਨਿਊਜ਼ ਨੈੱਟਵਰਕ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ 11 ਜਨਵਰੀ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਕੱਢੇ ਜਾ ਰਹੇ ਬੰਦੀ ਸਿੰਘ ਰਿਹਾਈ ਮਾਰਚ ’ਚ ਵੱਡੀ ਗਿਣਤੀ ‘ਚ ਗੱਡੀਆਂ, ਕਾਰਾਂ, ਜੀਪਾਂ ਤੇ ਮੋਟਰ ਸਾਇਕਲਾਂ ‘ਤੇ ਸ਼ਮੂਲੀਅਤ ਕਰਨ। ਉਹਨਾਂ ਦੱਸਿਆ ਕਿ ਗੁ. ਜੋਤੀ ਸਰੂਪ ਤੋਂ ਮਾਰਚ ਸਵੇਰੇ 10 ਵਜੇ ਅਰਦਾਸ ਉਪਰੰਤ ਅਰੰਭ ਹੋਵੇਗਾ ਤੇ ਗਵਰਨਰ ਹਾਊਸ ਚੰਡੀਗੜ੍ਹ ਵਿਖੇ ਸਮਾਪਤ ਹੋਵੇਗਾ ਜਿੱਥੇ ਬੰਦੀ ਸਿੰਘਾਂ ਦੀ ਰਿਹਾਈ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲੇ ਦੇ ਹੱਲ ਲਈ ਪੰਜਾਬ ਗਵਰਨਰ ਨੂੰ ਡੈਲੀਗੇਸ਼ਨ ਵੱਲੋਂ ਯਾਦ ਪੱਤਰ ਦਿੱਤਾ ਜਾਵੇਗਾ। ਫ਼ੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁਲੱਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਸ਼ਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਗੁਰਦੀਪ ਸਿੰਘ ਖੈੜਾ ਨੂੰ ਉਮਰ ਕੈਦ ਦੀ ਸਜ਼ਾ ਕੱਟਦਿਆਂ ਪਿਛਲੇ 25 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸਿਤਮ ਦੀ ਗੱਲ ਹੈ ਕਿ ਸਰਕਾਰਾਂ ਉਹਨਾਂ ਨੂੰ ਰਿਹਾਅ ਕਰਨ ਦਾ ਨਾਮ ਹੀ ਨਹੀਂ ਲੈ ਰਹੀਆਂ। ਗੁਰੂ ਨਾਨਕ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ ਪਰ ਅਫ਼ਸੋਸ ਕਿ ਉਹ ਫੈਸਲਾ ਅੱਜ ਤੱਕ ਸਰਕਾਰ ਨੇ ਅਮਲ ਵਿੱਚ ਨਹੀਂ ਲਿਆਂਦਾ। ਇਸ ਵਿੱਚ ਕੋਈ ਸ਼ੱਕ ਨਹੀ ਕਿ ਇਹਨਾਂ ਕੈਦੀਆਂ ਨਾਲ ਵਿਤਕਰੇ ਅਤੇ ਨਫਰਤ ਵਾਲਾ ਸਲੂਕ ਇਸ ਕਰਕੇ ਹੈ ਕਿਉਕਿ ਇਹਨਾਂ ਨੌਜਵਾਨਾਂ ਨੇ ਸਿੱਖਾਂ ਦੇ ਸਵੈ-ਨਿਰਣੇ ਕੇ ਹੱਕ ਲਈ ਪਿਛਲੇ ਦਹਾਕਿਆਂ ਦੌਰਾਨ ਲੜੇ ਸਿੱਖ ਸੰਘਰਸ਼ ਵਿੱਚ ਹਿੱਸਾ ਲਿਆ ਸੀ।
ਇਹਨਾਂ ਸਿੱਖ ਰਾਜਸੀ ਕੈਦੀਆਂ ਨਾਲ ਸਰਕਾਰਾਂ ਸਰਾਸਰ ਧੱਕਾ ਅਤੇ ਵਿਤਕਰਾ ਕਰ ਰਹੀਆਂ ਹਨ। ਉਹਨਾਂ ਸਪੱਸ਼ਟ ਕੀਤਾ ਕਿ ਕੋਈ ਵੀ ਕੇਸ ਅਦਾਲਤਾਂ ਵਿੱਚ ਸੁਣਵਾਈ ਅਧੀਨ ਨਹੀਂ ਹੈ ਅਤੇ ਇਹਨਾਂ ਨਜ਼ਰਬੰਦਾਂ ਦੀ ਰਿਹਾਈ ਬਾਰੇ ਅੰਤਿਮ ਫੈਸਲਾ ਕੇਦਰੀ ਗ੍ਰਹਿ ਮੰਤਰਾਲੇ ਦੀ ਰਾਏ ਨਾਲ ਸੂਬਾ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਹੀ ਲੈਣਾ ਹੈ। ਉਹਨਾਂ ਦੱਸਿਆ ਕਿ ਪ੍ਰੋ. ਭੁੱਲਰ ਦੀ ਰਿਹਾਈ ਦਾ ਕੇਸ ਦਿੱਲੀ ਦੀ ਆਪ ਦੀ ਸਰਕਾਰ ਕੋਲ ਲੰਮੇ ਸਮੇਂ ਤੋ ਲਟਕ ਰਿਹਾ ਹੈ ਪਰ ਮੁੱਖ ਮੰਤਰੀ ਕੇਜਰੀਵਾਲ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਾਲਾਕਿ ਆਉਂਦੀਆਂ ਚੋਣਾਂ ਦੇ ਮੱਦੇਨਜਰ ਉਹ ਹਰ ਦੂਜੇ ਦਿਨ ਪੰਜਾਬ ਅੰਦਰ ਆ ਕੇ ਲੋਕਾਂ ਨੂੰ ਭਰਮਾਉਣ ਲਈ ਨਿੱਤ ਨਵੇਂ ਵਾਅਦੇ ਕਰ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ