ਪਚੱਤਰ ਸਾਲਾਂ ਤੋਂ ਬਗਲੇ ਭਗਤ ਬਣਕੇ,
ਮੇਰਾ ਕਰਦੇ ਰਹੇ ਸ਼ਿਕਾਰ,
ਘਰ ਤੁੰਨ ਤੁੰਨ ਕੇ ਆਪਣੇ ਭਰ ਬੈਠੇ,
ਮੇਰਾ ਵਾਲ ਵਾਲ ਹੋਇਆ ਕਰਜ਼ਦਾਰ,
ਆਉਂਦੇ ਚਿੱਟੇ ਤੇ ਕਦੇ ਨੀਲੇ ਵੇਸ ਪਹਿਨੀ,
ਮੇਰਾ ਅੰਗ ਅੰਗ ਤੋਂ ਮਾਸ ਇਹ ਨੋਚਦੇ ਰਹੇ,
ਪਾਣੀ,ਰੇਤਾ,ਜੰਗਲ ਖਾ ਗਏ ਉਪਜ ਮੇਰੀ,
ਕਬਜਾ ਸਾਰੀ ਮੇਰੀ ਧਰਤ ਦਾ ਲੋਚਦੇ ਰਾਹੇ ,
ਬਾਘੜ ਬਿੱਲੇ ਬੈਠੇ ਰਾਖੀ ਦੁੱਧ ਦੀ ਨੂੰ,
ਚੋਰ ਬਣ ਗਏ ਮੇਰੇ ਪਹਿਰੇਦਾਰ,
ਪਚੱਤਰ ਸਾਲਾਂ ਤੋਂ,,,,,,
ਪੇਟ ਪਾਲਦਾ ਸੀ ਪੂਰੇ ਸੰਸਾਰ ਦਾ ਮੈਂ,
ਪੁੱਤ ਮੇਰੇ ਢਿੱਡ ਲਈ ਵਿਦੇਸ਼ ਤੁਰ ਗਏ,
ਜਵਾਨੀ ਖਤਮ ਕਰਤੀ ਚਿੱਟੇ ਤੇ ਟੀਕਿਆਂ ਨੇ,
ਜੇਲ੍ਹਾਂ,ਥਾਣੇ,ਅਦਾਲਤਾਂ ਨੂੰ ਪੇਸ਼ ਤੁਰ ਗਏ,
ਵੇਚਦੇ ਨਸ਼ੇ ਤੇ ਜਾਇਦਾਦਾਂ ਮੇਰੀਆਂ ਨੂੰ,
ਇਹ ਇਹਨਾਂ ਲੀਡਰਾਂ ਦਾ ਕਿਰਦਾਰ,
ਪਚੱਤਰ ਸਾਲਾਂ ਤੋਂ,,,,,,
ਚੋਣਾਂ ਵੇਲੇ ਖਤਰਾ ਧਰਮ ਨੂੰ ਆ ਪੈਂਦਾ,
ਧਰਮਾਂ ਦੇ ਨਾਂ ਤੇ ਵੋਟਾਂ ਨੂੰ ਲੁੱਟਦੇ ਨੇ,
ਝੂਠੀਆਂ ਸਹੁੰਆਂ ਖਾਣ,ਕਰਨ ਬੇਅਦਬੀਆਂ ਨੂੰ
ਨਫਰਤ ਬੀਜ ਬੂਟੇ ਪਿਆਰ ਦੇ ਪੁੱਟਦੇ ਨੇ,
ਮੇਰੇ ਪੁੱਤ ਜਾਨ ਵਾਰਨ ਮਜ਼ਲੂਮਾਂ ਦੇ ਲਈ,
ਰੱਖਣ ਇਨਸਾਨੀਅਤ ਲਈ ਸਤਿਕਾਰ,
ਪਚੱਤਰ ਸਾਲਾਂ ਤੋਂ,,,,,,,
ਵਕਤ ਔਕਾਤ ਦਿਖਾਉਣ ਦਾ ਲੋਟੂਆਂ ਨੂੰ,
ਨਕਾਬ ਚਿਹਰੇ ਤੇ ਸਰਾਫਤ ਦਾ ਪਹਿਣ ਆ ਗਏ,
ਪੰਜ ਪੰਜ ਸਾਲੀਂ ਲੁੱਟਦੇ ਕੁੱਟਦੇ ਰਹੇ,
ਹੱਥ ਜੋੜ, ਪੈਰੀਂ ਪੈ ਵੋਟਾਂ ਲੈਣ ਆ ਗਏ,
ਜਿਤਾਉਣਾ ਐਤਕੀਂ ਕਿਰਤਾਂ ਦੇ ਵਾਰਿਸਾਂ ਨੂੰ,
“ਗੁਲਸ਼ਨਬੀਰ” ਦੀ ਇਹ ਲਲਕਾਰ,
ਪਚੱਤਰ ਸਾਲਾਂ ਤੋਂ ਬਗਲੇ ਭਗਤ ਬਣਕੇ,
ਮੇਰਾ ਕਰਦੇ ਰਹੇ ਸ਼ਿਕਾਰ,
ਗੁਲਸ਼ਨਬੀਰ ਗੁਰਾਇਆ✍
Author: Gurbhej Singh Anandpuri
ਮੁੱਖ ਸੰਪਾਦਕ