ਪ੍ਰਸ਼ਾਸ਼ਨ ਚਾਈਨਾ ਡੋਰ ਦੇ ਖਰੀਦਾਰਾਂ ਤੋਂ ਪੁੱਛਗਿੱਛ ਕਰਕੇ ਵਿਕਰੀ ਕਰਨ ਵਾਲਿਆਂ ਤੇ ਸ਼ਿਕੰਜਾ ਕੱਸੇ: ਕਰਤਾਰਪੁਰ ਐਕਸ਼ਨ ਕਮੇਟੀ
ਕਰਤਾਰਪੁਰ 13 ਜਨਵਰੀ (ਭੁਪਿੰਦਰ ਸਿੰਘ ਮਾਹੀ) ਪਾਬੰਦੀ ਸ਼ੁਦਾ ਚਾਈਨਾ ਡੋਰ ਦਾ ਖੋਫ ਅੱਜ ਕੱਲ ਪੈਦਲ ਜਾਣ ਵਾਲੇ ਅਤੇ ਦੋ ਪਹੀਆ ਵਾਹਨਾਂ ਤੇ ਜਾਣ ਵਾਲਿਆਂ ਦੇ ਚਿਹਰਿਆਂ ਤੇ ਸਾਫ ਵੇਖਿਆ ਜਾ ਰਿਹਾ ਹੈ ਕਿਉਂਕਿ ਚਾਈਨਾ ਡੋਰ ਜਾਨਲੇਵਾ ਹੈ ਤੇ ਇਸ ਦੇ ਨਾਲ ਬਹੁਤ ਜਾਨਾਂ ਅਤੇ ਬਹੁਤੇ ਲੋਕ ਭਿਆਨਕ ਜਖ਼ਮੀ ਹੋ ਚੁੱਕੇ ਹਨ। ਪਰ ਫਿਰ ਵੀ ਇਹ ਪਾਬੰਦੀ ਸ਼ੁਦਾ ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਇਸਨੂੰ ਬੇਖੋਫ ਹੋ ਕੇ ਵੇਚੀ ਜਾ ਰਹੇ ਹਨ। ਅੱਜ ਵੀ ਲੋਹੜੀ ਦੇ ਤਿਉਹਾਰ ਮੌਕੇ ਇਹ ਪਾਬੰਦੀ ਸ਼ੁਦਾ ਚਾਈਨਾ ਡੋਰ ਧੜਾਧੜ ਵਿਕਦੀ ਰਹੀ ਤੇ ਰਾਹਗੀਰਾਂ ਦੇ ਚਿਹਰਿਆਂ ਤੇ ਇਸਦਾ ਬਹੁਤ ਹੀ ਜਿਆਦਾ ਖੋਫ ਵੇਖਣ ਨੂੰ ਮਿਲ ਰਿਹਾ ਸੀ। ਪਰ ਪ੍ਰਸ਼ਾਸ਼ਨ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਤੇ ਬੰਨ੍ਹੀ ਪੱਟੀ ਖੋਲ ਨਹੀਂ ਸਕਿਆ। ਇਸ ਸਬੰਧੀ ਕਰਤਾਰਪੁਰ ਐਕਸ਼ਨ ਕਮੇਟੀ ਦੇ ਭੁਪਿੰਦਰ ਸਿੰਘ, ਪਵਨ ਧੀਮਾਨ, ਇੰਦਰਜੀਤ ਸਿੰਘ, ਸਮੀਰ ਸੰਭਰਵਾਲ, ਮਨਮੋਹਨ ਸਿੰਘ ਮਠਾੜੂ ਨੇ ਕਿਹਾ ਪ੍ਰਸ਼ਾਸ਼ਨ ਨੂੰ ਪਾਬੰਦੀ ਸ਼ੁਦਾ ਚਾਈਨਾ ਡੋਰ ਨੂੰ ਪੱਕੇ ਤੌਰ ਤੇ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਇਸ ਨਾਲ ਹੋਣ ਵਾਲੇ ਭਿਆਨਕ ਹਾਦਸਿਆਂ ਤੋਂ ਬਚਾਓ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ ਚਾਈਨਾ ਡੋਰ ਦੇ ਖਰੀਦਾਰਾਂ ਤੋਂ ਪੁੱਛਗਿੱਛ ਕਰਕੇ ਇਸਨੂੰ ਵੇਚਣ ਵਾਲਿਆਂ ਤੇ ਸ਼ਿਕੰਜਾ ਕੱਸੇ ਜਿਸ ਨਾਲ ਇਸ ਦੀ ਵਿਕਰੀ ਬੰਦ ਹੋ ਸਕੇ।