ਤਰਨਤਾਰਨ 15 ਜਨਵਰੀ ( ਡਾਕਟਰ ਜਗਜੀਤ ਸਿੰਘ ਬੱਬੂ ) ਜੰਮੂ ਕਸ਼ਮੀਰ ਚ ਭਾਰੀ ਬਰਫਬਾਰੀ ਦੌਰਾਨ ਅੱਤਵਾਦੀਆਂ ਦੀ ਘੁਸਪੈਠ ਵੀ ਵੱਧ ਗਈ ਹੈ। ਜਿਥੇ ਸਰਹੱਦੋ ਪਾਰ ਅੱਤਵਾਦੀ ਲਗਾਤਾਰ ਇਸ ਮੌਸਮ ਦਾ ਫਾਇਦਾ ਉਠਾ ਕੇ ਘੁਸਪੈਠ ਕਰਨ ਦੀ ਫਿਰਾਕ ਚ ਰਹਿੰਦੇ ਹਨ ਉਥੇ ਭਾਰਤੀ ਫੌਜ ਇਨਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰਦੀ ਰਹਿੰਦੀ ਹੈ। ਇਸੇ ਦੌਰਾਨ ਕਈ ਜਗ੍ਹਾ ਤੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਹੋਣ ਦਾ ਸਮਾਚਾਰ ਸਾਹਮਣੇ ਆਉਂਦਾਂ ਹੈ। ਤਾਜ਼ਾ ਮਾਮਲਾ ਜੰਮੂ-ਕਸ਼ਮੀਰ ਦੇ ਪੁੰਛ ਤੋਂ ਸਾਹਮਣੇ ਆਇਆ ਹੈ ਜਿੱਥੇ ਤਰਨਤਾਰਨ ਦੇ ਪਿੰਡ ਕੋਟ ਧਰਮਚੰਦ ਦਾ ਰਹਿਣ ਵਾਲਾ ਫੌਜੀ ਜਵਾਨ ਗੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਚ ਸ਼ਹੀਦ ਹੋਇਆ ਹੈ। ਉਸਨੇ ਸ਼ਹੀਦ ਹੋਣ ਤੋਂ ਪਹਿਲਾਂ 3 ਅੱਤਵਾਦੀਆਂ ਨੂੰ ਮੁਕਾਬਲੇ ਦੌਰਾਨ ਢੇਰ ਕੀਤਾ। ਸ਼ਹੀਦੀ ਦੀ ਖਬਰ ਮਿਲਦਿਆਂ ਹੀ ਸ਼ਹੀਦ ਗੁਰਜੀਤ ਸਿੰਘ ਦੇ ਪਿੰਡ ਸੋਗ ਦੀ ਲਹਿਰ ਦੌੜ ਗਈ।ਪੂਰਾ ਪਿੰਡ ਸ਼ਹੀਦ ਦੇ ਘਰ ਇਕੱਠਾ ਹੋ ਗਿਆ। ਸ਼ਹੀਦ ਗੁਰਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਜੀਤ ਸਿੰਘ ਦਾ ਰਾਜ਼ੀ ਖੁਸ਼ੀ ਦਾ ਫੌਨ ਆਇਆ ਸੀ ਤੇ ਉਸਨੇ ਕਿਹਾ ਸੀ ਉ ਜਲਦ ਆ ਕੇ ਮਕਾਨ ਦੀ ਰਜਿਸਟਰੀ ਕਰਵਾ ਲਵੇਗੇ। ਸ਼ਹੀਦ ਗੁਰਜੀਤ ਸਿੰਘ ਪਰਿਵਾਰ ਚ ਬਜ਼ੁਰਗ ਮਾਤਾ, ਪਤਨੀ ਤੇ ਦੋ ਛੋਟੇ ਬੇਟਿਆਂ ਨੂੰ ਪਿਛੇ ਛੱਡ ਗਿਆ। ਜ਼ਿਕਰਯੋਗ ਹੈ ਕਿ ਸ਼ਹੀਦ ਗੁਰਜੀਤ ਸਿੰਘ ਦੇ ਚਾਚਾ ਵੀ ਫੌਜੀ ਸਨ ਜਿਨ੍ਹਾਂ 2003 ਚ ਦੇਸ਼ ਲਈ ਕੁਰਬਾਨੀ ਦਿੱਤੀ ਸੀ ਜਿਨ੍ਹਾਂ ਦੀ ਯਾਦ ਚ ਪਿੰਡ ਕੋਟ ਧਰਮਚੰਦ ਚ ਯਾਦਗਾਰੀ ਗੇਟ ਬਣਿਆ ਹੋਇਆ ਹੈ।