“ਕਿਹਾ,ਪੰਜਾਬ ਦੇ ਲੋਕਾਂ ਨੇ ਆਪਣੇ ਪਸੰਦੀਦਾ ਨੇਤਾ ਦੀ ਕੀਤੀ ਚੋਣ ‘ਆਪ’ ਨੇ ਲੋਕਤੰਤਰਿਕ ਪਾਰਟੀ ਹੋਣ ਦਾ ਦਿੱਤਾ ਸਬੂਤ”
“ਬਾਘਾਪੁਰਣਾ’ਚ ਪਾਰਟੀ ਵਲੰਟੀਅਰਾਂ ਨੇ ਵੰਡੇ ਲੱਡੂ”
ਬਾਘਾਪੁਰਣਾ 19 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਆਪ’ (ਆਮ ਆਦਮੀ ਪਾਰਟੀ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਦੇ ਮੁੱਖ-ਮੰਤਰੀ ਚਿਹਰੇ ਦੇ ਰੂਪ ‘ਚ ਭਗਵੰਤ ਮਾਨ ਦੇ ਐਲਾਨ ਮਗਰੋਂ ਬਾਘਾਪੁਰਣਾ ਹਲਕਾ ਨਿਵਾਸੀਆਂ ‘ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਇਸ ਗੱਲ ਦਾ ਜ਼ਿਕਰ ਬਾਘਾਪੁਰਣਾ ਤੋਂ ‘ਆਪ’ਉਮੀਦਵਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਾਰਟੀ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਕੀਤਾ। ਇਸ ਮੌਕੇ ਪਾਰਟੀ ਵਲੰਟੀਅਰਾਂ ਨੇ ਸ਼ਹਿਰ ਵਿੱਚ ਲੱਡੂ ਵੰਡਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਸੁਖਾਨੰਦ ਨੇ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸ. ਭਗਵੰਤ ਮਾਨ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਦੇ ਹੋਏ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਸਿਆਸਤ ‘ਚ ਕਦਮ ਰੱਖਣ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਵਿਅੰਗ ਰਾਹੀਂ ਸਮਾਜ ਦੀਆਂ ਕੁਰੀਤੀਆਂ ਅਤੇ ਭ੍ਰਿਸ਼ਟ ਸਿਸਟਮ ਨੂੰ ਜੱਗ ਜ਼ਾਹਰ ਕੀਤਾ ਜਾਂਦਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਦੇ ਰੂਪ ‘ਚ ਆਪਣਾ ਪਸੰਦੀਦਾ ਨੇਤਾ ਚੁਣਦੇ ਹੋਏ ਆਉਣ ਵਾਲੇ ਪੰਜਾਬ ਦੇ ਸੁਨਹਿਰੀ ਭਵਿੱਖ ਦੀ ਨੀਂਹ ਰੱਖੀ ਹੈ। ਜਿੱਥੇ ਸੰਸਦ ਮੈਂਬਰ ਵੱਜੋਂ ਉਨ੍ਹਾਂ ਕੰਮ ਕਰਦੇ ਹੋਏ ਸੰਗਰੂਰ ਦੇ ਲੋਕਾਂ ਦਾ ਦਿਲ ਜਿੱਤਿਆ ਹੈ ਉੱਥੇ ਹੀ ਹੁਣ ਮੁੱਖ-ਮੰਤਰੀ ਵਜੋਂ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਨ ਲਈ ਤਿਆਰ ਹਨ।
ਸੁਖਾਨੰਦ ਨੇ ਦੱਸਿਆ ਕਿ ਭਗਵੰਤ ਮਾਨ ਹੀ ਪੰਜਾਬ ਦੇ ਅਗਲੇ ਮੁੱਖ-ਮੰਤਰੀ ਹੋਣਗੇ। ਇਸ ਗੱਲ ਦਾ ਸਬੂਤ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕਰਕੇ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੇ ਭਵਿੱਖ ਲਈ ਸਾਕਾਰਤਮਕ ਸੋਚ ਰੱਖਦੇ ਹੋਏ ਸੂਬੇ ਦੀ ਤਰੱਕੀ ਦਾ ਸੁਪਨਾ ਵੇਖਣ ਵਾਲੀ ਆਮ ਆਦਮੀ ਪਾਰਟੀ ਦੇ ਹੱਕ ‘ਚ ਭੁਗਤਣ ਦਾ ਮਨ ਬਣਾ ਲਿਆ ਹੈ।