“ਕਾਂਗਰਸ ਇਕਜੁੱਟਤਾ ਨਾਲ ਮਿਸ਼ਨ 2022 ਫਤਿਹ ਕਰੇਗੀ : ਕਮਲਜੀਤ ਸਿੰਘ ਬਰਾੜ”
ਬਾਘਾ ਪੁਰਾਣਾ, 19 ਜਨਵਰੀ (ਰਾਜਿੰਦਰ ਸਿੰਘ):ਮੋਗਾ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ, ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਟਕਸਾਲੀ ਕਾਂਗਰਸੀ ਬਰਾੜ ਪਰਿਵਾਰ ਦੇ ਫਰਜ਼ੰਦ ਅਤੇ ਦੂਰ ਅੰਦੇਸ਼ੀ ਸੋਚ ਦੇ ਮਾਲਕ ਕਮਲਜੀਤ ਸਿੰਘ ਬਰਾੜ ਨੇ ਮੋਗਾ ਜ਼ਿਲੇ ਦੇ ਦੀਆਂ ਚਾਰੋ ਸੀਟਾਂ ਜਿੱਤਣ ਦੇ ਲਈ ਮੋਗਾ ਜ਼ਿਲੇ ਵਿਚ ਚੋਣ ਮੁਹਿੰਮ ਦਾ ਅਖਾੜਾ ਇਸ ਕਦਰ ਭਖਾ ਦਿੱਤਾ ਹੈ ਕਿ ਕੀਤੀਆਂ ਜਾ ਰਹੀਆਂ ਚੋਣ ਮੀਟਿੰਗਾਂ ਵਿਚ ਉਮੜਨ ਵਾਲੇ ਇਕੱਠਾਂ ਨੇ ਵਿਰੋਧੀ ਜੀਭ ਦੰਦਾਂ ਹੇਠਾਂ ਲੈਣ ਲਈ ਮਜ਼ਬੂਰ ਕਰ ਦਿੱਤਾ ਹੈ। ਅੱਜ ਹਲਕਾ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਮੌਜੂਦਾ ਕਾਂਗਰਸ ਦੇ ਉਮੀਦਵਾਰ ਦਰਸ਼ਨ ਸਿੰਘ ਬਰਾੜ ਦੇ ਹੱਕ ਵਿਚ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਵਿਚ ਮਿਲ ਰਹੇ ਵੱਡੇ ਹੁੰਗਾਰੇ ਅਤੇ ਪਿਆਰ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹਲਕੇ ਦੇ ਲੋਕ ਮੌਜੂਦਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਫਿਰ ਤੋਂ ਹਲਕੇ ਦਾ ਵਿਧਾਇਕ ਦੇਖਣਾ ਚਾਹੁੰਦੇ ਹਨ। ਕਮਲਜੀਤ ਸਿੰਘ ਬਰਾੜ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਇਕ ਬਰਾੜ ਨੇ ਹਮੇਸ਼ਾ ਹੀ ਲੋਕਾਂ ਦੇ ਭਲੇ ਦੀ ਗੱਲ ਕੀਤੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਆਪਣਾ ਮੁੱਖ ਏਜੰਡਾ ਸਮਝਿਆ ਅਤੇ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਮੁੱਖ ਮੰਤਰੀ ਤੱਕ ਰਾਬਤਾ ਰੱਖਣ ਵਾਲੇ ਵਿਧਾਇਕ ਬਰਾੜ ਨੇ ਹਮੇਸਾਂ ਲੋਕਾਂ ਦੇ ਦਿਲਾਂ ਦੀ ਗੱਲ ਕੀਤੀ ਅਤੇ ਹਮੇਸ਼ਾ ਸਾਰੇ ਧਰਮਾਂ ਨੂੰ ਨਾਲ ਲੈ ਕੇ ਹਰ ਦੀ ਸਮੱਸਿਆਵਾਂ ਦਾ ਹੱਲ ਕੀਤਾ। ਭਾਵੇਂ ਹੁਣ ਵਿਧਾਨ ਸਭਾ ਦੀਆਂ ਚੋਣਾਂ ਸਿਰ ’ਤੇ ਹਨ, ਪਰ ਫੇਰ ਵੀ ਲੋਕਾਂ ਦੇ ਹਰਮਨ ਪਿਆਰੇ ਨੇਤਾ ਵਿਧਾਇਕ ਦਰਸ਼ਨ ਸਿੰਘ ਬਰਾੜ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਪਿੰਡਾਂ, ਸ਼ਹਿਰਾਂ, ਕਸਬਿਆਂ ਅਤੇ ਖੇਤਾਂ ’ਚ ਬੈਠੇ ਢਾਣੀਆਂ ਦੇ ਲੋਕਾਂ ਦੇ ਘਰ-ਘਰ ਜਾ ਕੇ ਦੁੱਖ-ਸੁੱਖ ਸੁਣ ਰਹੇ ਹਨ। ਉਨ੍ਹਾਂ ਕਿਹਾ ਕਿ ਬਰਾੜ ਪਰਿਵਾਰ ਨੇ ਹਮੇਸ਼ਾ ਹੀ ਹਲਕੇ ਦੇ ਹਿੱਤਾਂ ਦੀ ਗੱਲ ਕੀਤੀ ਹੈ, ਭਾਵੇਂ ਉਹ ਸਿਆਸਤ ਦੀ ਲੜਾਈ ਹੋਵੇ ਜਾਂ ਲੋਕਾਂ ਦੇ ਭਲੇ ਦੀ, ਪਰ ਬਰਾੜ ਪਰਿਵਾਰ ਨੇ ਹਿੱਕ ਠੋਕ ਕੇ ਅਗਵਾਈ ਕੀਤੀ। ਆਪਣੀ ਕਿਸਮਤ ’ਤੇ ਹੰਝੂ ਵਹਾਅ ਰਹੇ ਹਲਕਾ ਬਾਘਾ ਪੁਰਾਣਾ ਦੇ ਹਲਕੇ ਵੱਲ ਕਿਸੇ ਵੀ ਆਗੂ ਨੇ ਨਹੀਂ ਦੇਖਿਆ ਸਿਰਫ਼ ਵਿਧਾਇਕ ਬਰਾੜ ਦੀ ਪਾਰਖੂ ਅੱਖ ਨੇ ਹਲਕੇ ’ਚ ਵਿਕਾਸ ਦੇ ਜਾਲ ਵਿਛਾ ਦਿੱਤੇ। ਪਿਛਲੇ ਪੰਜ ਸਾਲ ਵਿਚ ਕਾਂਗਰਸੀ ਵਿਧਾਇਕ ਬਰਾੜ ਨੇ ਉਹ ਕੰਮ ਕਰਵਾ ਦਿੱਤੇ ਜੋ ਅੱਜ ਤਕ ਕਿਸੇ ਵੀ ਵਿਅਕਤੀ ਨੇ ਸੋਚਿਆ ਵੀ ਨਹੀਂ ਹੋਣਾ। ਅੰਤ ਵਿਚ ਕਮਲਜੀਤ ਬਰਾੜ ਨੇ ਕਿਹਾ ਕਿ ਕਾਂਗਰਸ ਵਿਚ ਕੋਈ ਫੁੱਟ ਨਹੀਂ ਹੈ ਅਤੇ ਪਰਿਵਾਰ ਵਿਚ ਮਾੜੇ-ਮੋਟੇ ਗਿਲੇ-ਸ਼ਿੱਕਵੇ ਹੋ ਜਾਂਦੇ ਹਨ,ੳੁਹ ਦੂਰ ਕਰ ਲੲੇ ਹਨ ਪਰੰਤੂ ਹੁਣ ਕੋਈ ਸ਼ਿਕਵਾ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਜ਼ਿਲਾ ਕਾਂਗਰਸ ਇਕਜੁੱਟਤਾ ਨਾਲ ਮਿਸ਼ਨ 2022 ਫਤਿਹ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲਾ ਕਾਂਗਰਸ ਇਕਜੁੱਟਤਾ ਨਾਲ ਜ਼ਿਲੇ ਭਰ ਦੀਆਂ 4 ਵਿਧਾਨ ਸਭਾ ਸੀਟਾਂ ਵੱਡੇ ਫਰਕ ਨਾਲ ਜਿੱਤੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਮੁੜ ਕਾਂਗਰਸ ਦੀ ਸਰਕਾਰ ਬਣ ਰਹੀ ਹੈ।