ਕਲਗੀਧਰ ਪਾਤਸ਼ਾਹ ਦੇ ਲਾਲਾਂ ਦੀ ਧਰਮ ਹੇਤ ਅਦੁੱਤੀ ਤੇ ਲਸਾਨੀ ਸ਼ਹਾਦਤ ਨੇ ਵਿਲੱਖਣ ਇਤਿਹਾਸ ਸਿਰਜਿਆ ਹੈ, ਜਿਸ ਦੀ ਸੰਸਾਰ ਭਰ ’ਚ ਕੋਈ ਹੋਰ ਮਿਸਾਲ ਨਹੀਂ ਮਿਲ਼ਦੀ। ਸਾਹਿਬਜ਼ਾਦਿਆਂ ਨੇ ਆਪਣਾ ਆਪ ਨੀਂਹਾਂ ‘ਚ ਚਿਣਵਾ ਕੇ ਸਿੱਖ ਕੌਮ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਹਨ ਤੇ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇੱਕ ਨਿਵੇਕਲਾ ਮਾਰਗ ਦਰਸਾਇਆ ਹੈ ਕਿ ਜਦ ਧਰਮ ’ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਾਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲੇ ਲਗਾਉਣਾ ਹੈ।
ਪਿਛਲੇ ਦਿਨੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਵਾਲ਼ੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਡੂੰਘੀ ਸਾਜਿਸ਼ ਅਤੇ ਆਰ.ਐੱਸ.ਐੱਸ. ਦੇ ਏਜੰਡੇ ਤਹਿਤ 26 ਦਸੰਬਰ ਨੂੰ ਦੋ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਐਲਾਨਿਆ ਹੈ ਜੋ ਕਿ ਸਿੱਖ ਕੌਮ ’ਤੇ ਧਾਰਮਿਕ, ਸਿਧਾਂਤਕ, ਮਨੋਵਿਿਗਆਨਕ, ਇਤਿਹਾਸਕ ਅਤੇ ਬੌਧਿਕ ਹਮਲਾ ਹੈ ਤੇ ਸਾਹਿਬਜ਼ਾਦਿਆਂ ਦੀ ਰੂਹਾਨੀਅਤ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਇਹ ਰੁਝਾਨ ਕਦਾਚਿਤ ਗੁਰਮਤਿ ਅਤੇ ਸਿੱਖੀ ਵਿੱਚ ਸ਼ਹਾਦਤਾਂ ਨੂੰ ਯਾਦ ਕਰਨ ਦੇ ਅਨੁਕੂਲ ਨਹੀਂ ਹੈ। ਸਾਹਿਬਜ਼ਾਦੇ, ਕੋਈ ਆਮ ਬਾਲ ਜਾਂ ਬੱਚੇ ਨਹੀਂ, ਬਲਕਿ ਛੋਟੀ ਉਮਰੇ ਧਰਮ ਹੇਤ ਸ਼ਹੀਦੀਆਂ ਪਾਉਣ ਕਰਕੇ ਸਿੱਖ ਕੌਮ ਦੇ ਸਰਬਉੱਚ ਲਕਬ ‘ਬਾਬਾ’ ਨਾਲ਼ ਨਿਵਾਜੇ ਹੋਏ ਹਨ। ਉਹਨਾਂ ਪ੍ਰਤੀ ਜੋ ‘ਵੀਰ ਬਾਲ ਦਿਵਸ’ ਨਾਮ ਵਰਤਿਆ ਗਿਆ ਹੈ ਇਸ ਵਿੱਚੋਂ ਰੱਤਾ ਭਰ ਵੀ ਸਿੱਖੀ ਦੀ ਖ਼ੁਸ਼ਬੂ ਨਹੀਂ ਆਉਂਦੀ। ਇਹ ਨਾਮ ਸਿੱਖੀ ਪ੍ਰੰਪਰਾਵਾਂ ਤੇ ਸਿਧਾਂਤਾਂ ਦੇ ਅਨੁਸਾਰ ਨਹੀਂ ਹੈ, ਇਹ ਉਹਨਾਂ ਦੀਆਂ ਸ਼ਹਾਦਤਾਂ ਨੂੰ ਛੋਟਾ ਕਰਨ ਦਾ ਯਤਨ ਹੈ।
ਅਖੌਤੀ ਰਾਸ਼ਟਰਵਾਦ ਦੀ ਭੇਂਟ ਚੜ੍ਹ ਕੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤਾਂ ਨੂੰ ਰੋਲਣ ਤੋਂ ਗੁਰੇਜ ਕੀਤਾ ਜਾਏ। ਇਸ ਤਲਖ ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਅਤੇ ਸਾਹਿਬਜ਼ਾਦਿਆਂ ਦੀ ਯਾਦ ‘ਵੀਰ ਬਾਲ ਦਿਵਸ’ ਵਜੋਂ ਨਹੀਂ ਬਲਕਿ ‘ਬਾਬਿਆਂ ਦੇ ਸ਼ਹੀਦੀ ਦਿਹਾੜੇ’ ਜਾਂ ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ’ ਜਾਂ ‘ਸ਼ਫ਼ਰ-ਏ-ਸ਼ਹਾਦਤ’ ਜਾਂ ‘ਸ਼ਹੀਦੀ ਹਫ਼ਤੇ’ ਵਜੋਂ ਹੀ ਮਨਾਈ ਜਾਵੇ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜਿਸ ਤਰ੍ਹਾਂ ਭਾਰਤੀ ਸੰਸਕ੍ਰਿਤੀ, ਅਖੌਤੀ ਰਾਸ਼ਟਰਵਾਦ ਤੇ ਦੇਸ਼ ਭਗਤੀ ਨਾਲ਼ ਜੋੜਿਆ ਜਾ ਰਿਹਾ ਹੈ ਤੇ ਇਸ ਨੂੰ ਭਾਰਤੀ ਗੌਰਵ ਦੇ ਖਾਤੇ ਪਾਇਆ ਜਾ ਰਿਹਾ ਹੈ, ਇਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਧਰਮ ਲਈ, ਕੌਮ ਲਈ, ਪੰਥ ਲਈ, ਸਰਬੱਤ ਦੇ ਭਲੇ ਲਈ, ਮਨੁੱਖਤਾ ਦੀ ਰਾਖੀ ਲਈ ਅਤੇ ਜੋ ਗੁਰੂ ਨਾਨਕ ਪਾਤਸ਼ਾਹ ਨੇ ਤੀਸਰ ਪੰਥ ਚਲਾਇਆ, ਨਿਰਮਲ ਪੰਥ ਚਲਾਇਆ ਉਸ ਖ਼ਾਲਸਾ ਪੰਥ ਦੀ ਅੱਡਰੀ, ਨਿਆਰੀ, ਹੋਂਦ-ਹਸਤੀ, ਵਿਲੱਖਣਤਾ ਤੇ ਖ਼ਾਲਸਾ ਰਾਜ ਦੀ ਸਿਰਜਣਾ ਲਈ ਹੋਈਆਂ ਸਨ।
ਜਿਸ ਸਮੇਂ ਸੰਨ 1704 ਵਿੱਚ ਇਹ ਸਾਕਾ ਵਾਪਰਿਆ ਉਸ ਸਮੇਂ ਭਾਰਤ ਦਾ ਇੱਕ ਦੇਸ਼ ਵਜੋਂ ਕੋਈ ਵਜੂਦ ਨਹੀਂ ਸੀ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਅੱਜ ਵਾਲ਼ਾ ਭਾਰਤ 600 ਤੋਂ ਵੱਧ ਰਿਆਸਤਾਂ ਵਿੱਚ ਵੰਡਿਆ ਹੋਇਆ ਸੀ। ਫਿਰ ਸਾਹਿਬਜ਼ਾਦਿਆਂ ਨੂੰ ਕਿਹੜੇ ਭਾਰਤ ਦੇ ਨਾਗਰਿਕ ਵਜੋਂ ਦਰਸਾਇਆ ਜਾ ਰਿਹਾ ਹੈ। ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਅਖੰਡ ਭਾਰਤ ਕਹਿਣ ਵਾਲ਼ੇ ਕੋਰਾ ਝੂਠ ਬੋਲਦੇ ਹਨ। ਪੰਜਾਬ ਵੀ ਇੱਕ ਵੱਖਰਾ ਮੁਲਕ ਸੀ ਤੇ ਅੱਜ ਵੀ ਭਾਰਤ ਤੋਂ ਆਜ਼ਾਦ ਹੋਣ ਲਈ ਸਿੱਖ ਕੌਮ ਸੰਘਰਸ਼ਸ਼ੀਲ ਹੈ।
ਵੀਰ ਬਾਲ ਦਿਵਸ ਨਾਮ ਦੇ ਕੇ ਕੀਤਾ ਗਿਆ ਸੂਖ਼ਮ ਹਮਲਾ ਬਿਲਕੁਲ ਉਸੇ ਤਰ੍ਹਾਂ ਹੈ ਜਿਵੇਂ ਹਿੰਦੁਤਵੀਆਂ ਨੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ‘ਹਿੰਦ ਦੀ ਚਾਦਰ’ ਕਹਿ ਕੇ ਪ੍ਰਚਲਿਤ ਕੀਤਾ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੂੰ ‘ਵੀਰ ਬੰਦਾ ਬੈਰਾਗੀ’ ਕਹਿ ਕੇ ਪ੍ਰਚਾਰਿਆ। ਸ਼ਹੀਦ ਭਾਈ ਮਤੀ ਦਾਸ ਜੀ ਨੂੰ ‘ਸ੍ਰੀ ਗੁਰੂ ਮਤੀ ਦਾਸ ਸ਼ਰਮਾ’ ਲਿਖ ਕੇ ਕਿਤਾਬਾਂ ਵੰਡੀਆਂ। ਭਾਈ ਹਕੀਕਤ ਸਿੰਘ ਨੂੰ ‘ਵੀਰ ਹਕੀਕਤ ਰਾਏ’ ਸਥਾਪਿਤ ਕਰਨਾ ਚਾਹਿਆ। ਗੁਰੂ ਸਾਹਿਬਾਨਾਂ ਦੀਆਂ ਮਨੋਕਲਪਿਤ ਤਸਵੀਰਾਂ ’ਤੇ ਸ਼ਿਵ ਅਤੇ ਰਾਮ ਚੰਦਰ ਨੂੰ ਸ਼ਕਤੀ ਦੇਂਦੇ ਵਿਖਾਇਆ। ਗੁਰੂ ਸਾਹਿਬਾਨਾਂ ਨੂੰ ਗਾਂ ਦੀ ਤਸਵੀਰ ’ਚ ਵਿਖਾ ਕੇ ‘ਹਿੰਦੂ ਦੇਵਤਿਆਂ’ ਵਜੋਂ ਪੇਸ਼ ਕੀਤਾ। ਦਸਮੇਸ਼ ਪਿਤਾ ਦੀਆਂ ਤਸਵੀਰਾਂ ਸ਼ਿਵ ਜੀ ਮਰਹੱਟਾ ਅਤੇ ਰਾਣਾ ਪ੍ਰਤਾਪ ਦੇ ਬਰਾਬਰ ਲਗਾਈਆਂ। ਇਤਿਾਸ ਦੀਆਂ ਇਹਨਾਂ ਸਤਰਾਂ ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ’ ਦੀ ਜਗ੍ਹਾ ਲਾਲਾ ਜਗਤ ਨਰਾਇਣ ਨੇ “ਭਾਰਤ ਵਰਸ਼ ਕੇ ਸ਼ੀਸ਼ ਪਰ ਵਾਰ ਦੀਏ ਸੁਤ ਚਾਰ’ ਲਿਖ ਕੇ ਵਿਗਾੜਿਆ।
ਵੀਰ ਬਾਲ ਦਿਵਸ ਨਾਮ ਦਾ ਸਵਾਗਤ ਕਰਨ ਵਾਲ਼ੀਆਂ ਸੰਪਰਦਾਵਾਂ, ਜਥੇਬੰਦੀਆਂ ਤੇ ਆਗੂ ਸਿੱਖ ਕੌਮ ਦੇ ਰਾਹ ’ਚ ਜਾਣੇ-ਅਨਜਾਣੇ ਕੰਢੇ ਬੀਜ ਰਹੇ ਹਨ। ਭਵਿੱਖ ’ਚ ਸਾਡੇ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋਵੇਗੀ। ਜੇ ਅਕਾਲੀ ਦਲ ਬਾਦਲ ਦਾ ਭਾਜਪਾ ਨਾਲ਼ ਗੱਠਜੋੜ ਕਾਇਮ ਰਹਿੰਦਾ ਤਾਂ ਉਹਨਾਂ ਨੇ ਵੀ ਇਸ ਦਾ ਜ਼ੋਰ-ਸ਼ੋਰ ਨਾਲ਼ ਸਵਾਗਤ ਕਰਨਾ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਸ ਨਾਮ ’ਤੇ ਇਤਰਾਜ਼ ਜਤਾ ਕੇ ਸਲਾਹੁਣਯੋਗ ਸਟੈਂਡ ਲਿਆ ਹੈ।
ਸਮੁੱਚੀਆਂ ਪੰਥਕ ਧਿਰਾਂ ਅਤੇ ਗੁਰੂ ਪੰਥ ਨੂੰ ਸਮਰਪਿਤ ਸੰਸਥਾਵਾਂ ਤੇ ਸੰਗਤਾਂ ਨੂੰ ਅਪੀਲ ਹੈ ਕਿ ਭਗਵੇਂ ਬ੍ਰਿਗੇਡ ਦੀ ਚਾਲ ਨੂੰ ਨਕਾਰੋ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਕੌਮੀ ਨਜ਼ਰੀਏ ਤੋਂ ਹੀ ਮਨਾਏ ਜਾਣ, ਇਸ ਨੂੰ ਵੀਰ ਬਾਲ ਦਿਵਸ ਵਜੋਂ ਨਾ ਪ੍ਰਚਾਰਿਆ ਜਾਵੇ।
– ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ