“ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ”
ਅੰਮ੍ਰਿਤਸਰ, 7 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਕਤਲ ਅਤੇ ਬਲਾਤਕਾਰ ਦੇ ਕੇਸਾਂ ‘ਚ ਸਜ਼ਾਯਾਫ਼ਤਾ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਦੀ ਸੁਨਾਰੀਆ ਜੇਲ੍ਹ ‘ਚੋਂ 21 ਦਿਨਾਂ ਦੀ ਛੁੱਟੀ ਮਿਲਣ ‘ਤੇ ਸਿੱਖ ਪੰਥ ਭੜਕ ਉੱਠਿਆਂ ਹਨ। ਇਸ ਸਬੰਧੀ ਸਖ਼ਤ ਪ੍ਰਤੀਕਿਰਿਆ ਜਾਹਰ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਹਿੰਦੁਸਤਾਨ ਦਾ ਕਾਨੂੰਨ ਬਲਾਤਕਾਰੀਆਂ ਨੂੰ ਸਤਿਕਾਰ ਦਾ ਪਾਤਰ ਸਮਝਦਾ ਹੈ। ਉਹਨਾਂ ਕਿਹਾ ਕਿ ਡੇਰਾ ਮੁਖੀ ਨੂੰ ਪੈਰੌਲ ਦੇ ਕੇ ਕੇਂਦਰ ਦੀ ਭਾਜਪਾ ਸਰਕਾਰ ਨੇ ਖ਼ਾਲਸਾ ਪੰਥ ਨੂੰ ਵੰਗਾਰ ਪਾਈ ਹੈ ਜਿਸ ਦਾ ਮੁਕਾਬਲਾ ਕਰਨ ਲਈ ਪੰਥ ਤਿਆਰ ਰਹੇ। ਉਹਨਾਂ ਕਿਹਾ ਕਿ ਇੱਕ ਪਾਸੇ ਡੇਰਾ ਸਿਰਸਾ ਮੁਖੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ, ਇਸ ਨੇ ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚ ਕੇ ਸਿੱਖ ਭਾਵਨਾਵਾਂ ਨੂੰ ਵੀ ਵਲੂੰਧਰਿਆ ਸੀ ਜਿਸ ਮਗਰੋਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਹਰਮੰਦਰ ਸਿੰਘ ਡੱਬਵਾਲੀ, ਭਾਈ ਬਲਕਾਰ ਸਿੰਘ ਜਾਮਾਰਾਏ, ਭਾਈ ਗੁਰਦੀਪ ਸਿੰਘ ਮਨਸੂਰਦੇਵਾਂ ਆਦਿ ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਤੇ ਪੰਥ ਨੂੰ ਲੰਮਾ ਸੰਘਰਸ਼ ਲੜਨਾ ਪਿਆ। ਅਜੇ 2017 ‘ਹੀ ਇਸ ਨੂੰ ਲੜਕੀਆਂ ਨਾਲ ਬਲਾਤਕਾਰ ਮਾਮਲੇ ‘ਚ ਸਜ਼ਾ ਹੋਈ ਸੀ ਤੇ ਇਹ ਕਤਲ ਕੇਸਾਂ ‘ਚ ਵੀ ਸਜ਼ਾ ਭੁਗਤ ਰਿਹਾ ਹੈ ਉਸ ਦੋਸ਼ੀ ਨੂੰ ਭਾਜਪਾ ਸਰਕਾਰ ਨੇ ਵੋਟਾਂ ਲੈਣ ਲਈ ਪੈਰੌਲ ਦੇਣੀ ਸ਼ੁਰੂ ਕਰ ਦਿੱਤੀ ਹੈ। ਪਰ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਇਹਨਾਂ ਵਿੱਚੋਂ ਕੁਝ ਸਿੰਘਾਂ ਨੂੰ ਅੱਜ-ਤਕ ਪੈਰੌਲ ਤਕ ਨਹੀਂ ਦਿੱਤੀ ਗਈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਕੀ ਤਿੰਨ ਸਾਲਾਂ ਬਾਅਦ ਇਹਨਾਂ ਦੀ ਪੈਰੌਲ ਦਾ ਹੱਕ ਨਹੀਂ ਸੀ ਬਣਦਾ ? ਜਾਹਰ ਹੈ ਕਿ ਹਿੰਦੁਸਤਾਨ ਦਾ ਕਾਨੂੰਨ ਪੰਥ ਦੇ ਯੋਧਿਆਂ ਲਈ ਹੋਰ ਹੈ ਤੇ ਪੰਥ ਦੇ ਦੁਸ਼ਮਣਾਂ ਲਈ ਹੋਰ ਹੈ। ਉਹਨਾਂ ਕਿਹਾ ਕਿ ਹਿੰਦੁਸਤਾਨ ਵੱਲੋਂ ਸਿੱਖਾਂ ਨੂੰ ਇਹ ਅਕਲ ਦਿੱਤੀ ਜਾ ਰਹੀ ਹੈ ਕਿ ਭਾਰਤੀ ਲੋਕਤੰਤਰ ਵਿੱਚ ਤੁਹਾਡੀ ਕੋਈ ਹੈਸੀਅਤ, ਵੁਕਤ ਤੇ ਸੁਣਵਾਈ ਨਹੀਂ। ਤੁਹਾਡੀਆਂ ਵੋਟਾਂ ਤੇ ਜਜ਼ਬਾਤਾਂ ਦੀ ਪਰਵਾਹ ਨਹੀਂ। ਉਹਨਾਂ ਕਿਹਾ ਕਿ ਹੁਣ ਸਾਡੇ ਸਾਹਮਣੇ ਸਵਾਲ ਹੈ ਕਿ ਭਾਰਤੀ ਪਿੰਜਰੇ ‘ਚ ਕੈਦ ਹੋ ਕੇ ਪੰਛੀਆਂ ਵਾਂਗ ਤੜਪ-ਤੜਪ ਕੇ ਮਰਨਾ ਹੈ ਜਾਂ ਜੂਝ ਕੇ ਅਜ਼ਾਦੀ ਪ੍ਰਾਪਤ ਕਰਨੀ ਹੈ। ਉਹਨਾਂ ਕਿਹਾ ਕਿ ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ, ਬਾਦਲ ਦਲ ਅੰਦਰੋਂ ਖ਼ੁਸ਼ ਤੇ ਬਾਹਰੋਂ ਖਾਮੋਸ਼ ਹੈ। ਉਹਨਾਂ ਕਿਹਾ ਸੁਖਬੀਰ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ‘ਤੇ ਅਮਨ ਕਾਨੂੰਨ ਦੀ ਬੜੀ ਦੁਹਾਈ ਦਿੰਦਾ ਸੀ ਪਰ ਹੁਣ ਡੇਰਾ ਸਿਰਸਾ ਖਿਲਾਫ਼ ਕਿਉਂ ਨਹੀਂ ਭੁਗਤਦਾ। ਉਹਨਾਂ ਕਿਹਾ ਕਿ ਸਿੱਖਾਂ ਨੂੰ ਇੱਕ ਵਾਰ ਫਿਰ ਗੁਲਾਮੀ ਦਾ ਅਹਿਸਾਸ ਕਰਵਾਇਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ