“ਦੀਪ ਸਿੱਧੂ ਸੱਚ ਦਾ ਪਰਵਾਨਾ ਤੇ ਕੌਮੀ ਆਸ਼ਕ ਸੀ”
ਅੰਮ੍ਰਿਤਸਰ 17 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ ਅਤੇ ਫਿਲਮੀ ਅਦਾਕਾਰ ਦੀਪ ਸਿੱਧੂ ਉਰਫ਼ ਸੰਦੀਪ ਸਿੰਘ ਨੂੰ ਐਕਸੀਡੈਂਟ ਦੇ ਬਹਾਨੇ ਇੱਕ ਡੂੰਘੀ ਸਾਜਿਸ਼ ਤਹਿਤ ਇੰਡੀਅਨ ਸਟੇਟ ਵੱਲੋਂ ਕਤਲ ਕੀਤਾ ਗਿਆ ਹੈ। ਇਹ ਵਿਚਾਰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਬਹੁਤ ਭਾਵੁਕ ਹੁੰਦਿਆਂ ਦੁਖੀ ਹਿਰਦੇ ਨਾਲ ਪ੍ਰਗਟਾਏ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਨੂੰ ਐਕਸੀਡੈਂਟ ਦੇ ਬਹਾਨੇ ਖ਼ਤਮ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਦੀਪ ਸਿੱਧੂ ਪੰਥ, ਪੰਜਾਬ, ਖ਼ਾਲਿਸਤਾਨ, ਹੱਕ, ਸੱਚ ਅਤੇ ਧਰਮ ਦੀ ਗੱਲ ਠੋਕ ਵਜਾ ਕੇ ਕਰਦਾ ਸੀ ਜਿਸ ਕਰਕੇ ਉਹ ਇੰਡੀਅਨ ਸਟੇਟ, ਹਿੰਦੁਤਵੀ ਤਾਕਤਾਂ, ਭਾਜਪਾ ਸਰਕਾਰ ਅਤੇ ਕਾਮਰੇਡ ਲਾਣੇ ਦੀਆਂ ਅੱਖਾਂ ‘ਚ ਰੜਕਦਾ ਸੀ ਤੇ ਦੀਪ ਸਿੱਧੂ ਉਹਨਾਂ ਦੇ ਨਿਸ਼ਾਨੇ ‘ਤੇ ਸੀ ਉਸ ਨੂੰ ਖ਼ਤਮ ਕਰਨ ਦੀਆਂ ਕਿਸਾਨੀ ਸੰਘਰਸ਼ ਵੇਲੇ ਤੋਂ ਹੀ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ।
ਉਹਨਾਂ ਕਿਹਾ ਕਿ ਦੀਪ ਸਿੱਧੂ ਤੋਂ ਨੌਜਵਾਨਾਂ ਨੂੰ ਬਹੁਤ ਵੱਡੀਆਂ ਆਸਾਂ ਸਨ, ਉਹ ਇੱਕ ਅਨੌਖੀ ਰੂਹ ਸੀ, ਉਸ ਵਿੱਚ ਇੱਕ ਨਿਧੜਕ ਆਗੂ ਵਾਲੇ ਗੁਣ ਸਨ, ਉਹ ਗੁਣਾਂ ਦਾ ਭਰਪੂਰ ਖਜਾਨਾ ਸੀ। ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਕਿਹਾ ਕਿ ਦੀਪ ਸਿੱਧੂ ਜੋ ਸੱਚ ਦਾ ਆਸ਼ਕ ਤੇ ਕੌਮੀ ਪਰਵਾਨਾ ਸੀ ਉਹ ਕੌਮ ਦਾ ਦਰਦ ਆਪਣੇ ਪਹਾੜ ਜਿੱਡੇ ਸੀਨੇ ‘ਚ ਲੈ ਕੇ ਅਤੇ ਚਾਹੁਣ ਵਾਲ਼ਿਆਂ ਨੂੰ ਇੱਕ ਡੂੰਘਾ ਦਰਦ ਦੇ ਕੇ ਸਾਨੂੰ ਅਲਵਿਦਾ ਕਹਿ ਗਿਆ ਹੈ ਪਰ ਉਸ ਦੀਆਂ ਪੰਜਾਬ ਦੇ ਨਾਲ਼ ਵਫ਼ਾ ਦੀਆਂ ਗੱਲਾਂ ਅਤੇ ਪੰਥ ਤੇ ਪੰਜਾਬ ਪ੍ਰਤੀ ਸੇਵਾਵਾਂ ਸਦਾ ਚੇਤੇ ਆਉਂਦੀਆਂ ਰਹਿਣਗੀਆਂ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਆਪਣੇ ਸਾਥੀਆਂ ਸਮੇਤ ਦੀਪ ਸਿੱਧੂ ਦੇ ਅੰਤਿਮ ਸਸਕਾਰ ‘ਚ ਲੁਧਿਆਣਾ ਵਿਖੇ ਸ਼ਾਮਲ ਹੋਏ ਤੇ ਉਹਨਾਂ ਅਰਦਾਸ ਕੀਤੀ ਕਿ ਵਾਹਿਗੁਰੂ ਇਸ ਪਵਿਤੱਰ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਇਸ ਮੌਕੇ ਭਾਈ ਰਣਜੀਤ ਸਿੰਘ (ਮੁੱਖ ਸੰਪਾਦਕ ਖ਼ਾਲਸਾ ਫ਼ਤਹਿਨਾਮਾ), ਭਾਈ ਭੁਪਿੰਦਰ ਸਿੰਘ ਛੇ ਜੂਨ, ਅੰਮ੍ਰਿਤਪਾਲ ਸਿੰਘ ਕੁਰਾਲਾ, ਹਰਪ੍ਰੀਤ ਸਿੰਘ ਬੰਟੀ, ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਜਸਕਰਨ ਸਿੰਘ ਪੰਡੋਰੀ, ਮਹਿੰਦਰ ਸਿੰਘ ਭਟਨੂਰਾ, ਅਰਸ਼ਦੀਪ ਸਿੰਘ ਬੇਗੋਵਾਲ, ਚੰਦ ਸਿੰਘ ਆਦਿ ਹਾਜ਼ਰ ਸਨ।