ਅੰਮ੍ਰਿਤਸਰ, 18 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ): ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਅਤੇ ਕਿਸਾਨੀ ਸੰਘਰਸ਼ ਦੇ ਹੀਰੋ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਯਾਦ ‘ਚ ਸਿੱਖ ਨੌਜਵਾਨ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਦੀਪ ਸਿੱਧੂ ਦੀ ਯਾਦ ‘ਚ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਤੱਕ ਸ਼ਰਧਾਂਜਲੀ ਮਾਰਚ ਕੱਢਿਆ ਗਿਆ। ਇਸ ਮੌਕੇ ਯੂਨਾਈਟਿਡ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਜੁਗਰਾਜ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਨਵਦੀਪ ਸਿੰਘ, ਭਾਈ ਗੁਰਸ਼ਰਨ ਸਿੰਘ ਸੋਹਲ, ਭਾਈ ਪ੍ਰਿਤਪਾਲ ਸਿੰਘ ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਹੁਸਨਦੀਪ ਸਿੰਘ ਅਤੇ ਸੰਗਤਾਂ ਵੱਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦਿਆਂ ਅਤੇ ਹੱਥਾਂ ‘ਚ ਨਿਸ਼ਾਨ ਸਾਹਿਬ ਤੇ ਦੀਪ ਸਿੱਧੂ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਫੜ ਕੇ ਮਾਰਚ ਕੀਤਾ ਗਿਆ। ਵਿਰਾਸਤੀ ਮਾਰਗ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੇੜੇ ਪ੍ਰਦਰਸ਼ਨ ਕਰਦਿਆਂ ਨੌਜਵਾਨਾਂ ਨੇ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਦੀਪ ਸਿੱਧੂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਦੀਪ ਸਿੱਧੂ ਅਮਰ ਰਹੇ ਆਦਿ ਨਾਅਰੇ ਵੀ ਲਗਾਏ ਅਤੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਦੀਪ ਸਿੱਧੂ ਦੀ ਆਤਮਿਕ ਸ਼ਾਂਤੀ ਲਈ ਅਤੇ ਉਸ ਵਰਗੇ ਕੌਮੀ ਹੀਰੇ ਪੰਥ ਅਤੇ ਪੰਜਾਬ ਦੀ ਝੋਲ਼ੀ ‘ਚ ਗੁਰੂ ਪਾਤਸ਼ਾਹ ਬਖਸ਼ਣ ਦੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਅਰਦਾਸ ਵੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਦੀਪ ਸਿੱਧੂ ਪੰਥ, ਪੰਜਾਬ, ਹੱਕ, ਸੱਚ ਅਤੇ ਧਰਮ ਦੀ ਗੱਲ ਠੋਕ ਵਜਾ ਕੇ ਕਰਦਾ ਸੀ, ਨੌਜਵਾਨਾਂ ਨੂੰ ਉਸ ਤੋਂ ਬਹੁਤ ਵੱਡੀਆਂ ਆਸਾਂ ਸਨ, ਉਹ ਇੱਕ ਅਨੌਖੀ ਰੂਹ ਸੀ, ਉਸ ਵਿੱਚ ਇੱਕ ਨਿਧੜਕ ਆਗੂ ਵਾਲੇ ਗੁਣ ਸਨ, ਉਹ ਗੁਣਾਂ ਦਾ ਭਰਪੂਰ ਖਜਾਨਾ ਸੀ। ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਕਿਹਾ ਕਿ ਦੀਪ ਸਿੱਧੂ ਜੋ ਸੱਚ ਦਾ ਆਸ਼ਕ ਤੇ ਕੌਮੀ ਪਰਵਾਨਾ ਸੀ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ 24 ਫਰਵਰੀ ਨੂੰ ਦੀਪ ਸਿੱਧੂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫ਼ਲੇ ਰੂਪ ਵਿੱਚ ਮਾਰਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇਗਾ, ਸੰਗਤਾਂ ਵੱਡੀ ਗਿਣਤੀ ‘ਚ ਮਾਰਚ ਦਾ ਹਿੱਸਾ ਬਣਨ। ਇਸ ਮੌਕੇ ਕਰਨਪ੍ਰੀਤ ਸਿੰਘ ਵੇਰਕਾ, ਜਸਕਰਨ ਸਿੰਘ ਪੰਡੋਰੀ, ਅਵਤਾਰ ਸਿੰਘ, ਇੰਦਰਜੀਤ ਸਿੰਘ, ਕਰਨਵੀਰ ਸਿੰਘ, ਸਿਦਕ ਸਨ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ