“ਪ੍ਰੋਫੈਸਰ ਭੁੱਲਰ ਨੂੰ ਰਿਹਾਅ ਕੀਤਾ ਜਾਵੇ – ਰਣਜੀਤ ਸਿੰਘ ਦਮਦਮੀ ਟਕਸਾਲ”
ਅੰਮ੍ਰਿਤਸਰ, 18 ਜਨਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਰਾਜਸੀ ਸਿੱਖ ਕੈਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਾਈਲ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਸਤਖ਼ਤ ਨਾ ਕਰਨ ਕਰਕੇ ਸਿੱਖ ਪੰਥ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਬੇਹੱਦ ਰੋਹ ਅਤੇ ਰੋਸ ਹੈ। ਅੱਜ ਸ੍ਰੀ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਵਾਲੀਆਂ ਫਲੈਕਸਾਂ ਸਾੜੀਆਂ ਗਈਆਂ ਅਤੇ ਕੇਜਰੀਵਾਲ ਮੁਰਦਾਬਾਦ ਅਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰੋ ਆਦਿਕ ਨਾਅਰੇ ਲਗਾਏ ਗਏ। ਇਸ ਮੌਕੇ ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ, ਬਾਦਲਕਿਆਂ ਤੇ ਭਾਜਪਾਈਆਂ ਵਾਂਗ ਕੇਜਰੀਵਾਲ ਵੀ ਪੰਥ ਅਤੇ ਪੰਜਾਬ ਦਾ ਦੁਸ਼ਮਣ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ, ਭਾਜਪਾ ਦੀ ਬੀ ਟੀਮ ਹੈ ਤੇ ਇਹ ਪੰਥ ਅਤੇ ਪੰਜਾਬ ਦੀ ਕਦੇ ਵੀ ਹਿਤੈਸ਼ੀ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਫਾਈਲ ‘ਤੇ ਦਸਤਖ਼ਤ ਨਾ ਕਰਕੇ ਆਪਣਾ ਅਸਲੀ ਕਰੂਪ ਚਿਹਰਾ ਵਿਖਾ ਦਿੱਤਾ ਹੈ। ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕੇਜਰੀਵਾਲ ਦੇ ਉਮੀਦਵਾਰਾਂ ਨੂੰ ਵੋਟਾਂ ‘ਚ ਹਰਗਿਜ਼ ਮੂੰਹ ਨਾ ਲਾਇਆ ਜਾਵੇ। ਉਹਨਾਂ ਕਿਹਾ ਕਿ ਪ੍ਰੋਫੈਸਰ ਭੁੱਲਰ 1995 ਤੋਂ ਜੇਲ੍ਹ ਵਿਚ ਨਜਰਬੰਦ ਹਨ ਤੇ ਹੁਣ ਦਿੱਲੀ ਸਰਕਾਰ ਉਹਨਾਂ ਦੀ ਰਿਹਾਈ ‘ਚ ਅੜਿੱਕਾ ਬਣੀ ਹੋਈ ਹੈ ਤੇ ਫਾਈਲ ਨੂੰ ਇਤਰਾਜਯੋਗ ਕਹਿ ਕੇ ਰੱਦ ਕਰ ਚੁੱਕੀ ਹੈ। ਇਸ ਮਾਮਲੇ ‘ਤੇ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਵਾਰ-ਵਾਰ ਝੂਠ ਬੋਲਿਆ ਗਿਆ ਜੋ ਜੱਗ ਜਾਹਰ ਹੈ। ਉਹਨਾਂ ਕਿਹਾ ਕਿ ਪੰਜਾਬ ‘ਚ ਹਿੰਦੂਆਂ ਨੂੰ ਖਤਰੇ ਦੀ ਗੱਲ ਕਹਿ ਕੇ ਕੇਜਰੀਵਾਲ ਤੇ ਰਾਘਵ ਚੱਢਾ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੌਕੇ ਕਰਨਪ੍ਰੀਤ ਸਿੰਘ ਵੇਰਕਾ, ਜਸਕਰਨ ਸਿੰਘ ਪੰਡੋਰੀ, ਅਵਤਾਰ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਹੈਰੀ ਭਿੰਡਰ, ਹਰਪ੍ਰੀਤ ਸਿੰਘ ਬੰਟੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ