“ਮਾਨ ਦੀ ਜਿੱਤ ਲਈ ਕੀਤੀ ਅਰਦਾਸ : ਰਣਜੀਤ ਸਿੰਘ ਦਮਦਮੀ ਟਕਸਾਲ”
ਅੰਮ੍ਰਿਤਸਰ, 20 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਅੱਜ ਖ਼ਾਲਿਸਤਾਨੀ ਜਰਨੈਲ, ਕੌਮ ਦੀ ਸ਼ਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਅਗਵਾਈ ‘ਚ ਜੁਝਾਰੂ ਸਿੱਖ ਨੌਜਵਾਨਾਂ ਵੱਲੋਂ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਅਮਰਗੜ੍ਹ ਪਹੁੰਚ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਧਾਨ ਸਭਾ ਚੋਣਾਂ ‘ਚ ਅਮਰਗੜ੍ਹ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਐੱਮ ਐੱਲ ਏ ਦੇ ਪੰਥਕ ਉਮੀਦਵਾਰ ਹਨ, ਸੰਸਾਰ ਭਰ ਦੇ ਸਿੱਖਾਂ ਦੀਆਂ ਇਸ ਸੀਟ ‘ਤੇ ਨਜ਼ਰਾਂ ਟਿਕੀਆਂ ਹੋਈਆਂ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਜਿੱਥੇ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਲਈ ਅਰਦਾਸ ਕੀਤੀ ਗਈ ਓਥੇ ਪਿੰਡਾਂ-ਪਿੰਡਾਂ ‘ਚ ਜਾ ਕੇ ਉਹਨਾਂ ਦੇ ਉਮੀਦਵਾਰਾਂ ਲਈ ਚੋਣ ਵੀ ਪ੍ਰਚਾਰ ਕੀਤਾ ਗਿਆ। ਅਮਰਗੜ੍ਹ ਹਲਕੇ ਦੇ ਤਕਰੀਬਨ ਹਰੇਕ ਪਿੰਡ ‘ਚ ਸਿਮਰਨਜੀਤ ਸਿੰਘ ਮਾਨ ਦੇ ਅੱਜ ਪੋਲਿੰਗ ਬੂਥ ਲੱਗੇ ਹੋਏ ਸਨ ਅਤੇ ਵੋਟਰਾਂ ‘ਚ ਉਹਨਾਂ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਕੇ, ਕਾਂਗਰਸੀ, ਕੇਜਰੀਵਾਲ, ਬੀਜੇਪੀ ਆਦਿ ਸਭ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਟੀਆਂ ਹਨ, ਕੇਵਲ ਸਿਮਰਨਜੀਤ ਸਿੰਘ ਮਾਨ ਹੀ ਪੰਥ ਅਤੇ ਪੰਜਾਬ ਦਾ ਭਵਿੱਖ ਰੁਸ਼ਨਾਅ ਸਕਦੇ ਹਨ, ਅੱਜ ਅਮਰਗੜ੍ਹ ਵਾਲੇ ਉਹਨਾਂ ਦੇ ਹੱਕ ‘ਚ ਨਿੱਤਰ ਕੇ ਇਤਿਹਾਸ ਸਿਰਜਣਗੇ। ਇਸ ਮੌਕੇ ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ, ਡਾਇਰੈਕਟਰ ਅਮਰਦੀਪ ਸਿੰਘ ਗਿੱਲ, ਐਕਟਰ ਦਲਜੀਤ ਕਲਸੀ, ਇਕਬਾਲ ਸਿੰਘ ਟਿਵਾਣਾ, ਜਸਕਰਨ ਸਿੰਘ ਪੰਡੋਰੀ, ਅਵਤਾਰ ਸਿੰਘ ਡੇਅਰੀ ਵਾਲੇ, ਗੁਰਦੀਪ ਸਿੰਘ ਲੋਹਾਰਾ, ਮਨਪ੍ਰੀਤ ਸਿੰਘ ਮੰਨਾ, ਹਰਪ੍ਰੀਤ ਸਿੰਘ ਬੰਟੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ