ਜਲੰਧਰ / ਗੁਰਭੇਜ ਸਿੰਘ ਅਨੰਦਪੁਰੀ/ ਭੁਪਿੰਦਰ ਸਿੰਘ ਮਾਹੀ – ਪੰਜਾਬ ਵਿਧਾਨ ਸਭਾ ਚੋਣਾਂ ਲਈ ਲੋਕਾਂ ‘ਚ ਪੂਰਾ ਉਤਸ਼ਾਹ ਹੈ ਤੇ ਲੋਕ ਵੱਡੀ ਗਿਣਤੀ ‘ਚ ਵੋਟ ਪਾਉਣ ਲਈ ਪੋਲਿੰਗ ਬੂਥਾਂ ‘ਤੇ ਜਾ ਰਹੇ ਹਨ। ਕਪੂਰਥਲਾ ‘ਚ ਲਾੜਾ ਬਣਿਆ ਸੁਮਿਤ ਪਾਲ ਸਿੰਘ ਆਪਣੇ ਵਿਆਹ ਤੋਂ ਪਹਿਲਾਂ ਵੋਟ ਪਾਉਣ ਆਇਆ। ਉਹ ਲਾੜਾ ਦੇ ਲਿਬਾਸ਼ ‘ਚ ਹੀ ਵੋਟ ਪਾਉਣ ਲਈ ਪੁੱਜਾ।
ਸੁਮਿਤ ਨੇ ਕਿਹਾ ਕਿ ਉਹ ਵੋਟ ਪਾਉਣ ਤੋਂ ਬਾਅਦ ਹੀ ਫੇਰੇ ਲੈਣਗੇ। ਇਸੇ ਤਰ੍ਹਾਂ ਅਰਸ਼ਪ੍ਰੀਤ ਕੌਰ ਵੀ ਲਾੜੀ ਦੇ ਪਹਿਰਾਵੇ ਵਿੱਚ ਜ਼ੀਰਕਪੁਰ ਨੇੜਲੇ ਪਿੰਡ ਨਾਭਾ ਵਿਖੇ ਵੋਟ ਪਾਉਣ ਪਹੁੰਚੀ। ਉਨ੍ਹਾਂ ਨੇ ਫੇਰੇ ਲੈਣ ਤੋਂ ਪਹਿਲਾਂ ਆਪਣੀ ਵੋਟ ਪਾਈ। ਅਰਸ਼ਦੀਪ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਬੂਥ ‘ਤੇ ਪਹੁੰਚੇ ਅਤੇ ਉਨ੍ਹਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
“ਵੋਟਿੰਗ ਦੌਰਾਨ ਦੋ ਧਿਰਾਂ ‘ਚ ਜ਼ੋਰਦਾਰ ਝੜਪ, ਚੱਲੀਆਂ ਗੋਲੀਆਂ, 1 ਜ਼ਖਮੀ”
ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਮੱਲੂਵਾਲੀਆ ‘ਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਇੱਕ ਸ਼ਖਸ ਦੇ ਪੈਰ ‘ਚ ਗੋਲੀ ਲੱਗਣ ਦੀ ਖ਼ਬਰ ਹੈ। ਦਰਅਸਲ, ਵੋਟਿੰਗ ਦੌਰਾਨ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਦਰਮਿਆਨ ਝੜਪ ਹੋਈ।
ਇਸ ਝੜਪ ਦੌਰਾਨ ਕਾਂਗਰਸ ਪਾਰਟੀ ਨਾਲ ਸਬੰਧਤ ਇਕ ਸਾਹਿਲ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮੱਲੂਵਾਲੀਆਂ ਵਾਲਾ ਦੇ ਪੈਰ ਵਿੱਚ ਗੋਲੀ ਲੱਗੀ ਹੈ।ਜ਼ਖਮੀ ਸ਼ਖਸ ਨੂੰ ਸਿਵਲ ਹਸਪਤਾਲ ਜ਼ੀਰਾ ਵਿਖੇ ਪਹੁੰਚਾਇਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ ਸਾਹਿਲ ਨੇ ਦੱਸਿਆ ਕਿ ਪਿੰਡ ਵਿਖੇ ਜਦੋਂ ਵੋਟਾਂ ਪੈ ਰਹੀਆਂ ਸਨ ਤਾਂ ਅਚਾਨਕ ਅਕਾਲੀ ਅਤੇ ਕਾਂਗਰਸੀ ਵਰਕਰ ਆਪਸ ਵਿਚ ਭਿੜ ਗਏ। ਜਿਸ ਦੌਰਾਨ ਇੱਟਾਂ ਰੋੜੇ ਚੱਲੇ ਅਤੇ ਇਸ ਦੌਰਾਨ ਅਕਾਲੀ ਵਰਕਰਾਂ ਵੱਲੋਂ ਫਾਈਰਿੰਗ ਸ਼ੁਰੂ ਕਰ ਦਿੱਤੀ।
“ਜਲੰਧਰ ‘ਚ ਵੋਟਿੰਗ ਦੌਰਾਨ ਦੋ ਧਿਰਾਂ ਭਿੜੀਆਂ, ਪੁਲਸ ਵਲੋਂ ਲਾਠੀਚਾਰਜ”
ਜਲੰਧਰ ਹਲਕੇ ਨਾਰਥ ‘ਚ ਕਈ ਜਗ੍ਹਾ ‘ਤੇ ਕਾਂਗਰਸ ਦੇ ਬੂਥ ਖਾਲੀ ਦਿਖਾਈ ਦਿੱਤੇ ਗਏ | ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਕਿ ਲੋਕ ਬਦਲਾਅ ਚਾਹੁੰਦੇ ਹਨ | ਦੂਜੇ ਪਾਸੇ ਸੈਂਟਰਲ ਹਲਕੇ ਦੇ ਰੈਨਕ ਬਾਜ਼ਾਰ ‘ਚ ਅਕਾਲੀ ਦਲ ਅਤੇ ਕਾਂਗਰਸ ਦੇ ਸਮਰਥਕਾਂ ‘ਚ ਆਪਸੀ ਕੁੱਟਮਾਰ ਹੋ ਗਏ |
“ਪਿੰਡ ਸੰਘਵਾਲ ‘ਚ ਪਹਿਲੀ ਵਾਰ ਵੋਟ ਪਾਉਣ ਆਏ ਵੋਟਰਾਂ ਨੂੰ ਮਿਲੀਆਂ ਇਹ ਖਾਸ ਚੀਜ਼ਾਂ ਜਾਣੋ ਕੀ ?”
ਲੋਕਤੰਤਰ ਦੇ ਸਭ ਤੋਂ ਵੱਡੇ ਉਤਸਵ ਵਿਧਾਨ ਸਭਾ ਚੋਣਾਂ ਦੌਰਾਨ ਇਸ ਵਾਰ ਭਾਰਤੀ ਚੋਣ ਕਮਿਸ਼ਨ ਵੱਲੋਂ ਨਵੇਂ ਵੋਟਰਾਂ ਨੂੰ ਵੋਟ ਪਾਉਣ ਲਈ ਉਤਸਾਹਿਤ ਕਰਨ ਲਈ ਆਰੰਭੀ ਮੁਹਿੰਮ ਤਹਿਤ ਅੱਜ ਚੋਣ ਸਟਾਫ਼ ਨੇ ਵੱਖ-ਵੱਖ ਪੋਿਲੰਗ ਬੂਥਾਂ ‘ਤੇ ਪਹਿਲੀ ਵਾਰ ਵੋਟ ਪਾਉਣ ਪਹੁੰਚੇ ਨੌਜਵਾਨ ਲੜਕੇ ਤੇ ਲੜਕੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਨਮਾਨਤ ਕਰ ਕੇ ਉਨਾਂ ਦਾ ਮਾਣ ਵਧਾਇਆ।
ਇਸ ਮੌਕੇ ਹਾਜ਼ਰ ਸੁਪਰਵਾਈਜ਼ਰ ਅਸ਼ੋਕ ਕੁਮਾਰ ਨੇ ਦਸਿਆ ਕਿ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਦੀ ਨਵੀਂ ਵੋਟ ਬਣੀ ਹੈ ਅਤੇ ਉਨਾਂ ਨੂੰ ਵੋਟ ਪ੍ਰਣਾਲੀ ‘ਚ ਹਿੱਸਾ ਲੈਣ ਲਈ ਬਕਾਇਦਾ ਵੋਟਰ ਗਾਈਡਾਂ ਸੋਂਪ ਕੇ ਨਾ ਕੇਵਲ ਜਾਗਰੂਕ ਹੀ ਕੀਤਾ ਗਿਆ ਉਨਾਂ ਦੱਸਿਆ ਕਿ ਅੱਜ ਵੋਟਾਂ ਵਾਲੇ ਦਿਨ ਉਕਤ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਨੂੰ ਉਕਤ ਸਮੱਗਰੀ ਦੇ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਇਸਤੋਂ ਇਲਾਵਾ 80 ਸਾਲ ਤੋਂ ਵਧੇਰੇ ਉਮਰ ਵਾਲੇ ਨਾਗਰਿਕਾਂ ਨੂੰ ਵੀ ਅਲੱਗ ਤੌਰ ‘ਤੇ ਸਰਟੀਫਿਕੇਟ ਪ੍ਰਦਾਨ ਕਰ ਕੇ ਸਨਮਾਨਤ ਕੀਤਾ ਗਿਆ।
“ਵਿਜੈਇੰਦਰ ਸਿੰਗਲਾ ਵਿਰੁੱਧ ਮਾਮਲਾ ਦਰਜ, ਵੋਟ ਪਰਚੀ ‘ਤੇ ਲਿਖਿਆ ਸੀ ‘ਮੇਰੀ ਵੋਟ ਵਿਕਾਸ ਨੂੰ, ਮੇਰੀ ਵੋਟ ਵਿਜੈ ਨੂੰ’”
ਸੰਗਰੂਰ ‘ਚ ਇੱਕ ਬੂਥ ‘ਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਫੋਟੋ ਨਾਲ ਨਾਅਰਾ ਲਿਖਿਆ ਹੋਇਆ ਸੀ ਕਿ ‘ਮੇਰੀ ਵੋਟ ਵਿਕਾਸ, ਮੇਰੀ ਵੋਟ ਵਿਜੇ ਨੂੰ’। ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਸਖਤੀ ਨਾਲ ਕਾਰਵਾਈ ਕਰਦੇ ਹੋਏ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕਰ ਲਿਆ ਹੈ।
ਭਵਾਨੀਗੜ੍ਹ ਵਿਚ ਪੋਲਿੰਗ ਬੂਥ ‘ਤੇ ਲੋਕਾਂ ਨੂੰ ਚੋਣ ਪਾਉਣ ਵਾਲੀ ਪਰਚੀ ‘ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਤਸਵੀਰ ਤੇ ਨਾਲ ਹੀ ਲਿਖਿਆ ਸੀ ਕਿ ‘ਮੇਰੀ ਵੋਟ ਵਿਕਾਸ ਨੂੰ, ਮੇਰੀ ਵੋਟ ਵਿਜੇ ਨੂੰ’।
ਇਸ ਮਾਮਲੇ ਨੂੰ ਲੈ ਕੇ ਜਦੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਤਾਂ ਚੋਣ ਕਮਿਸ਼ਨ ਵੱਲੋਂ ਫੌਰੀ ਤੌਰ ‘ਤੇ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ‘ਤੇ ਇੰਡੀਅਨ ਪੈਨਲ ਕੋਡ ਦੀ ਧਾਰਾ 171 ਸੀ ਅਤੇ 188 ਤਹਿਤ ਮਾਮਲਾ ਦਰਜ ਕਰ ਲਿਆ।