“ਮਾਮਲਾ ਡੇਰਾ ਸਿਰਸਾ ਮੁਖੀ ਨੂੰ ਜੈੱਡ ਸੁਰੱਖਿਆ ਦੇਣ ਦਾ”
“”ਡੇਰਾ ਸਿਰਸਾ ਮੁਖੀ ਖਤਰਨਾਕ ਅਪਰਾਧੀ, ਕਾਤਲ, ਬਲਾਤਕਾਰੀ ਤੇ ਦਰਿੰਦਾ ਹੈ””
ਅੰਮ੍ਰਿਤਸਰ, 22 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ): ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੈੱਡ ਪਲੱਸ ਸੁਰੱਖਿਆ ਮਿਲਣ ਕਰਕੇ ਪੰਜਾਬ ਵਿੱਚ ਭੁਚਾਲ ਆ ਗਿਆ ਹੈ ਕਿਉਂਕਿ ਹਰਿਆਣਾ ਸਰਕਾਰ ਨੇ ਹਾਈ ਕੋਰਟ ਵਿੱਚ ਕਿਹਾ ਹੈ ਕਿ ਰਾਮ ਰਹੀਮ ਸਿੱਧੇ ਤੌਰ ‘ਤੇ ਕਿਸੇ ਹੱਤਿਆ ਵਿਚ ਸ਼ਾਮਲ ਨਹੀਂ ਹੈ ਇਸ ਲਈ ਉਸ ਨੂੰ ਹਤਿਆਰਾ ਨਹੀਂ ਮੰਨਿਆ ਜਾ ਸਕਦਾ। ਇਸ ‘ਤੇ ਸਖ਼ਤ ਪ੍ਰਤੀਕਿਰਿਆ ਜਾਹਰ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੀ ਭਾਰਤੀ ਫ਼ੋਰਸਾਂ ਦਾ ਕੰਮ ਕੇਵਲ ਬਲਾਤਾਕਾਰੀਆਂ ਦੀ ਰੱਖਿਆ ਕਰਨਾ ਹੀ ਰਹਿ ਗਿਆ ਹੈ ? ਉਹਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਜੋ ਕਾਤਲ, ਬਲਾਤਕਾਰੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ ਤੇ ਇਸ ਤੋਂ ਵੱਡਾ ਖਤਰਨਾਕ ਅਪਰਾਧੀ ਅਤੇ ਦਰਿੰਦਾ ਕੌਣ ਹੋ ਸਕਦਾ ਹੈ, ਇਸ ਨੂੰ ਸਾਰੀ ਉਮਰ ਜੇਲ੍ਹ ‘ਚ ਤਾੜ ਕੇ ਰੱਖਿਆ ਜਾਣਾ ਚਾਹੀਦਾ ਹੈ ਜਾਂ ਮੌਕੇ ‘ਤੇ ਸਜ਼ਾ-ਏ-ਮੌਤ ਦੇਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਸੋਸ਼ਣ ਅਤੇ ਲੁੱਟ-ਖਸੁੱਟ ਨਾ ਹੋ ਸਕੇ। ਉਹਨਾਂ ਕਿਹਾ ਕਿ ਪਹਿਲਾਂ ਡੇਰਾ ਸਿਰਸਾ ਮੁਖੀ ਨੂੰ ਸੁਨਾਰੀਆ ਜੇਲ੍ਹ ‘ਚੋਂ 21 ਦਿਨਾਂ ਦੀ ਫਰਲੋ ਇਸ ਕਰਕੇ ਦਿੱਤੀ ਗਈ ਕਿਉਂਕਿ ਭਾਜਪਾ ਸਰਕਾਰ ਉਸ ਨੂੰ ਵੋਟ ਬੈਂਕ ਵਜੋਂ ਵਰਤ ਰਹੀ ਹੈ ਜਿਵੇਂ ਬਾਦਲਾਂ ਨੇ ਵਰਤਿਆ ਸੀ। ਉਹਨਾਂ ਕਿਹਾ ਕਿ ਡੇਰਾ ਸਿਰਸਾ ਨੂੰ ਭਾਜਪਾ ਸਰਕਾਰ ਵੱਲੋਂ ਮੁੜ ਕਾਮਯਾਬ ਕਰਨਾ ਸਿੱਖਾਂ ਲਈ ਖਤਰੇ ਦੀ ਘੰਟੀ ਹੈ, ਭਾਜਪਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਤੇ ਇਥੋਂ ਸਿੱਖੀ ਦੀਆਂ ਜੜ੍ਹਾਂ ਵੱਢ ਕੇ ਦੇਹਧਾਰੀ ਗੁਰੂਡੰਮ੍ਹ ਨੂੰ ਫੈਲਾਉਣਾ ਚਾਹੁੰਦੀ ਹੈ ਜੋ ਬਰਦਾਸ਼ਤਯੋਗ ਨਹੀਂ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਪੰਜਾਬ ਦੇ ਮਾਲਵੇ ਅਤੇ ਹਰਿਆਣਾ ਦੇ ਸਿੱਖ ਸੁਚੇਤ ਅਤੇ ਸਾਵਧਾਨ ਰਹਿਣ ਤੇ ਸ਼ਸਤਰਧਾਰੀ ਜ਼ਰੂਰ ਹੋਣ। ਉਹਨਾਂ ਹੈਰਾਨੀ ਪ੍ਰਗਟਾਈ ਕਿ ਬੀਜੇਪੀ ਸਰਕਾਰ ਵੱਲੋਂ ਬਲਾਤਕਾਰੀਆਂ ਨੂੰ ਜੈੱਡ ਸੁਰੱਖਿਆ ਅਤੇ ਧੀਆਂ-ਭੈਣਾਂ ਦੇ ਰਾਖੇ ਅਤੇ ਕੌਮ ਦੇ ਯੋਧਿਆਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਮੀਤ ਸਿੰਘ ਇੰਜਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੈੜਾ ਨੂੰ ਸਰਕਾਰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹ ‘ਚ ਤਾੜ ਕੇ ਰੱਖਿਆ ਹੈ ਜੋ ਸਿੱਖਾਂ ਨਾਲ ਅਨਿਆਂ, ਵਿਤਕਰਾ ਤੇ ਧੱਕੇਸ਼ਾਹੀ ਹੈ ਤੇ ਮੋਦੀ ਸਰਕਾਰ ਵੱਲੋਂ ਵਾਰ-ਵਾਰ ਸਿੱਖਾਂ ਦੇ ਜਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸਿੱਖਾਂ ਦੇ ਹਮਾਇਤੀ ਹੋਣ ਦਾ ਢੋਂਗ ਰਚਿਆ ਜਾ ਰਿਹਾ ਹੈ।