“ਸ਼ਹੀਦਾਂ ਦਾ ਸੁਪਨਾ ਅਵੱਸ਼ ਪੂਰਾ ਕਰਾਂਗੇ : ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ”
ਅੰਮ੍ਰਿਤਸਰ, 4 ਮਾਰਚ ( ਨਜ਼ਰਾਨਾ ਨਿਊਜ਼ ਨੈੱਟਵਰਕ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਰੰਭੇ ਹਥਿਆਰਬੰਦ ਸਿੱਖ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਜੁਝਾਰੂ ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਬਾਠ ਉਰਫ਼ ਬਚਿੱੱਤਰ ਸਿੰਘ ਬਾਠ ਦਾ 32ਵਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਗ੍ਰਹਿ ਵਿਖੇ ਪਿੰਡ ਭੀਲੋਵਾਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ‘ਚ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੁੰਦਰ ਦੀਵਾਨ ਸਜੇ ਜਿਸ ਵਿੱਚ ਰਾਗੀਆਂ ਨੇ ਹਰ ਜਸ ਦੁਆਰਾ ਅਤੇ ਢਾਡੀ ਜੱਥਾ ਸਰਬਜੀਤ ਸਿੰਘ ਕਲੇਰ ਤੇ ਕਵੀਸ਼ਰ ਭਾਈ ਨਿਸ਼ਾਨ ਸਿੰਘ ਝਬਾਲ ਦੇ ਜਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਫਿਰ ਪੰਥਕ ਬੁਲਾਰਿਆਂ ਨੇ ਸਿੱਖ ਸੰਘਰਸ਼ ਪ੍ਰਤੀ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ‘ਚ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਫ਼ੈਡਰੇਸ਼ਨ ਆਗੂ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਅਤੇ ਭਾਈ ਕਰਨਪ੍ਰੀਤ ਸਿੰਘ ਵੇਰਕਾ ਨੇ ਹਜ਼ਾਰੀ ਭਰੀ। ਇਸ ਮੌਕੇ ਬੋਲਦਿਆਂ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਜੋ ਆਪਣੀ ਕੌਮ ਦੀ ਹੋਂਦ-ਹਸਤੀ ਲਈ ਆਪਾ ਕੁਰਬਾਨ ਕਰ ਜਾਂਦੇ ਹਨ। ਉਹਨਾਂ ਯੋਧਿਆਂ ਦੀ ਕੁਰਬਾਨੀ ਕਦੇ ਅਜਾਈਂ ਨਹੀਂ ਜਾਵੇਗੀ, ਅੱਜ ਲੋੜ ਹੈ ਕਿ ਨੌਜਵਾਨ ਇਹਨਾਂ ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦੇਣ ਤਾਂ ਹੀ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਇਹ ਸਮਾਗਮ ਸਫਲ ਹੋਣਗੇ। ਭਾਈ ਕਰਨਪ੍ਰੀਤ ਸਿੰਘ ਵੇਰਕਾ ਨੇ ਕਿਹਾ ਕਿ ਜੇ ਅੱਜ ਸਾਡੇ ਸਿਰਾਂ ਉੱਤੇ ਦਸਤਾਰਾਂ ਸ਼ੋਭ ਰਹੀਆਂ ਹਨ ਤਾਂ ਇਹ ਸ਼ਹੀਦਾਂ ਦੀ ਦੇਣ ਹੈ, ਅਸੀਂ ਗੁਰਮਤਿ ਵਿਚਾਰਧਾਰਾ ਨੂੰ ਅਪਣਾਈਏ ਤੇ ਮਨਮੱਤ ਦਾ ਤਿਆਗ ਕਰੀਏ। ਫ਼ੈਡਰੇਸ਼ਨ ਵੱਲੋਂ ਸ਼ਹੀਦ ਭਾਈ ਕਸ਼ਮੀਰ ਸਿੰਘ ਬਾਠ ਦੇ ਭਰਾਤਾ ਭਾਈ ਦਲਬੀਰ ਸਿੰਘ ਅਤੇ ਹੋਰਾਂ ਪਰਿਵਾਰਾਂ ਨੂੰ ਖ਼ਾਲਸਾਈ ਜੈਕਾਰਿਆਂ ਦੀ ਗੂੰਜ ‘ਚ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਸਟਰ ਬਲਦੇਵ ਸਿੰਘ ਖ਼ਾਲਸਾ, ਸਵਰਨਜੀਤ ਸਿੰਘ ਕਰਾਲੀਆਂ, ਪ੍ਰਗਟ ਸਿੰਘ ਚੁਗਾਵਾਂ, ਨਰਿੰਦਰ ਸਿੰਘ ਬੱਲ ਕੈਨੇਡਾ ਵਾਲੇ, ਹਰਪ੍ਰੀਤ ਸਿੰਘ ਭੀਲੋਵਾਲ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ 4 ਮਾਰਚ 1990 ਨੂੰ ਭਾਈ ਕਸ਼ਮੀਰ ਸਿੰਘ ਬਾਠ ਆਪਣੇ ਇੱਕ ਸਾਥੀ ਸਮੇਤ ਅਸਲ ਪੁਲਿਸ ਮੁਕਾਬਲੇ ‘ਚ ਜੂਝਦਿਆਂ ਸ਼ਹਾਦਤ ਦਾ ਜਾਮ ਪੀ ਗਏ ਸਨ।
Author: Gurbhej Singh Anandpuri
ਮੁੱਖ ਸੰਪਾਦਕ