ਪੰਜਾਬੀ ਬੋਲੀ ਤੇ ਪੰਜਾਬੀ (ਗੁਰਮੁਖੀ) ਲਿੱਪੀ
(ਡਾ ਹਰਜਿੰਦਰ ਸਿੰਘ ਦਿਲਗੀਰ)
ਪੰਜਾਬੀ ਬੋਲੀ ਇੰਡੋ-ਆਰੀਅਨ ਬੋਲੀ ਹੈ।ਇਹ ਲਹਿੰਦੇ ਪਾਸੇ ਵੱਲ ਪੱਛਮੀ ਪੰਜਾਬ, ਖ਼ੈਬਰ ਪਖ਼ਤੂਨਵਾ, ਚੜ੍ਹਦੇ ਪਾਸੇ ਵੱਲ ਪੂਰਬੀ ਪੰਜਾਬ, ਦਿੱਲੀ, ਹਰਿਆਣਾ, ਹਿਮਾਂਚਲ, ਰਾਜਿਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇ ਜੰਮੂ ਦੇ ਬਹੁਤ ਸਾਰੇ ਲੋਕਾਂ ਦੀ ਬੋਲੀ ਹੈ। ਵਿਦੇਸ਼ਾਂ ਵਿਚੋਂ ਇੰਗਲੈਂਡ, ਕਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ, ਕੇਨੀਆ, ਸਿੰਘਾਪੁਰ, ਥਾਈਲੈਂਡ, ਮਲੇਸ਼ੀਆ, ਸਾਊਦੀ ਅਰਬ ਤੇ ਹੋਰ ਅਰਬ ਮੁਲਕਾਂ ਆਦਿ ਵਿਚ ਵੀ ਪੱਛਮੀ ਅਤੇ ਪੂਰਬੀ ਪੰਜਾਬ ਤੋਂ ਗਏ ਸਾਰੇ ਲੋਕ ਪੰਜਾਬੀ ਬੋਲਦੇ ਹਨ। ਵਿਦੇਸ਼ਾਂ ਵਿਚ ਪੱਛਮੀ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਉਰਦੂ ਪੜ੍ਹਾਉਂਦੇ ਹਨ, ਪਰ ਜਦ ਉਹ ਜਵਾਨ ਹੁੰਦੇ ਹਨ ਤਾਂ ਉਹ ਪੰਜਾਬੀ ਹੀ ਬੋਲਦੇ ਹਨ। ਸਿਰਫ਼ ਸ਼ਹਿਰਾਂ ਵਿਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਪਾੜ੍ਹੇ ਹੀ ਉਰਦੂ ਬੋਲਦੇ ਹਨ। ਪਾਕਿਸਤਾਨ ਵਿਚ ਪੰਜਾਬ ਵਿਚ ਪੰਜਾਬੀ ਲਾਗੂ ਕਰਨ ਵਾਸਤੇ ਕਈ ਚਿਰਾਂ ਤੋਂ ਬਹੁਤ ਜੱਦੋਜਹਿਦ ਕੀਤੀ ਜਾ ਰਹੀ ਹੈ।
ਇਕ ਅੰਦਾਜ਼ੇ ਮਤਾਬਿਕ ਦੁਨੀਆਂ ਵਿਚ ਤਕਰੀਬਨ 15 ਕਰੋੜ ਲੋਕ ਪੰਜਾਬੀ ਬੋਲਦੇ ਹਨ; ਇਨ੍ਹਾਂ ਵਿਚੋਂ 10 ਕਰੋੜ ਪੱਛਮੀ ਪੰਜਾਬ, ਢਾਈ ਕਰੋੜ ਪੂਰਬੀ ਪੰਜਾਬ ਤਕਰੀਬਨ ਇਕ ਕਰੋੜ ਪੂਰਬੀ ਪੰਜਾਬ ਦੇ ਨਾਲ ਲਗਦੇ ਸੂਬਿਆਂ ਵਿਚ ਹਨ।
ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਜਿਵੇਂ: ਮਾਝੀ (ਜਿਸ ਨੂੰ ਕੇਂਦਰੀ ਬੋਲੀ ਮੰਨਿਆ ਜਾਂਦਾ ਹੈ); ਅੰਮ੍ਰਿਤਸਰ ਅਤੇ ਲਾਹੌਰ ਵਿਚ ਬੋਲੀ ਜਾਂਦੀ ਹੈ। ਇੰਞ ਹੀ ਲਹਿੰਦੇ ਪੰਜਾਬ ਵਿਚ: ਪੰਜਾਬ ਵਿਚ ਸਰਾਇਕੀ, ਸ਼ਾਹਪੁਰੀ, ਪੋਠੋਹਾਰੀ, ਝਾਂਗੀ/ਜਾਂਗਲੀ, ਧੰਨੀ, ਹਿੰਦਕੋ; ਅਤੇ, ਚੜ੍ਹਦੇ ਪੰਜਾਬ ਵਿਚ: ਦੋਆਬੀ, ਮਲਵਈ, ਪੁਆਧੀ, ਬਾਂਗਰੂ, ਭਟਿਆਣੀ, ਪਹਾੜੀ/ਕਾਂਗੜੀ, ਡੋਗਰੀ ਆਦਿ ਪੰਜਾਬੀ ਦੀਆਂ ਉਪ-ਬੋਲੀਆਂ ਹਨ।
{ਵੇਖੋ: ਚਾਰਟ/ਤਸਵੀਰ}
ਇਕ ਵਿਚਾਰ ਮੁਤ਼ਾਬਿਕ਼ ਪੰਜਾਬੀ ਬੋਲੀ ਦਾ ਜਨਮ ਸੰਨ 600 (ਪੁਰਾਣਾ ਕਾਲ) ਦਾ ਹੈ। ਪਰ ਬਹੁਤ ਵਿਦਵਾਨ ਇਹ ਮੰਨਦੇ ਹਨ ਕਿ ਪੰਜਾਬੀ ਬੋਲੀ ਦਾ ਜਨਮ ਸਤਵੀਂ ਸਦੀ ਦੇ ਕਰੀਬ ਪੈਸ਼ਾਚੀ ਪ੍ਰਾਕ੍ਰਿਤ (ਜੋ ਲੋਕਾਂ ਦੀ ਕੁਦਰਤੀ ਜ਼ਬਾਨ ਸੀ) ਵਿਚੋਂ ਹੋਇਆ ਸੀ।ਇਹ ਗ਼ਲਤ ਹੈ ਕਿ ਪੰਜਾਬੀ ਸੰਸਕ੍ਰਿਤ ਵਿਚੋਂ ਪੈਦਾ ਹੋਈ ਸੀ। ਸਾਹਿਤਕ ਬੋਲੀਆਂ ਕੁਦਰਤੀ ਬੋਲੀਆਂ ਤੋਂ ਮਗਰੋਂ ਕਾਇਮ ਹੁੰਦੀਆਂ ਹਨ; ਇਸ ਕਰ ਕੇ (ਸ਼ੌਰਸੈਨੀ) ਅਪਭ੍ਰੰਸ਼ ਅਤੇ ਸੰਸਕ੍ਰਿਤ ਪੰਜਾਬੀ ਦੀ ਪ੍ਰਾਕ੍ਰਿਤ ਤੋਂ ਮਗਰੋਂ ਦੀਆਂ ਬੋਲੀਆਂ ਹਨ। ਪੰਜਾਬੀ ਦਾ ਵਿਕਾਸ ਨੌਵੀਂ ਦਸਵੀਂ ਸਦੀ ਵਿਚ ਹੁੰਦਾ ਰਿਹਾ ਸੀ; ਨਾਥ ਜੋਗੀਆਂ (ਸਤਵੀਂ ਅਠਵੀਂ ਸਦੀ) ਦੀ ਬੋਲੀ ਪੰਜਾਬੀ ਦਾ ਮੁੱਢਲਾ ਰੂਪ ਸੀ; ਪਰ, 14ਵੀਂ ਸਦੀ ਤਕ ਤਾਂ ਇਹ ਤਕਰੀਬਨ ਸਾਰੇ ਪੰਜਾਬ ਦੇਸ਼ ਦੇ ਲੋਕਾਂ ਦੀ ਇੱਕੋ-ਇਕ ਬੋਲੀ ਬਣ ਚੁਕੀ ਸੀ। ਇਸ ਮਗਰੋਂ ਸ਼ੇਖ਼ ਫ਼ਰੀਦ, ਗੁਰੂ ਨਾਨਕ, ਦਮੋਦਰ, ਭਾਈ ਗੁਰਦਾਸ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ਼, ਬੁਲ੍ਹੇ ਸ਼ਾਹ, ਵਾਰਿਸ ਸ਼ਾਹ, ਫ਼ਜ਼ਲ ਸ਼ਾਹ, ਹਾਸ਼ਮ, ਪੀਲੂ, ਮੀਆਂ ਮੁਹੰਮਦ ਬਖ਼ਸ਼, ਖਵਾਜਾ ਗ਼ੁਲਾਮ ਫ਼ਰੀਦ ਦੇ ਕਲਾਮ ਨੇ ਤਾਂ ਪੰਜਾਬੀ ਜ਼ਬਾਨ ਨੂੰ ਲੋਕਾਂ ਦੀ ਰਗ ਰਗ ਵਿਚ ਭਰ ਦਿੱਤਾ ਸੀ। ਸੰਨ 1947 ਤੋਂ ਮਗਰੋਂ ਚੜ੍ਹਦੇ ਪੰਜਾਬ ਵਿਚ ਨਾਨਕ ਸਿੰਘ, ਕਰਤਾਰ ਸਿੰਘ ਦੁੱਗਲ, ਪੂਰਨ ਸਿੰਘ, ਭਾਈ ਵੀਰ ਸਿੰਘ, ਈਸ਼ਵਰ ਚੰਦਰ ਨੰਦਾ, ਧਨੀ ਰਾਮ ਚਾਤ੍ਰਿਕ, ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ-ਇਮਰੋਜ਼, ਕੇਸਰ ਸਿੰਘ ਨਾਵਲਿਸਟ, ਗੁਰਦਿਆਲ ਸਿੰਘ, ਅਤੇ, ਲਹਿੰਦੇ ਪੰਜਾਬ ਵਿਚ ਸ਼ਰੀਫ਼ ਕੁੰਜਾਹੀ, ਨਜਮ ਹੁਸੈਨ ਸਯਦ, ਫ਼ਖ਼ਰ ਜ਼ਮਾਨ, ਅਫ਼ਜ਼ਲ ਅਹਿਸਨ ਰੰਧਾਵਾ, ਮੁਨੀਰ ਨਿਆਜ਼ੀ, ਮਨਜ਼ੂਰ ਝੱਲਾ, ਅਲੀ ਅਰਸ਼ਦ ਮੀਰ ਆਦਿ ਦੀਆਂ ਲਿਖਤਾਂ ਨੇ ਤਾਂ ਪੰਜਾਬੀ ਨੂੰ ਰੱਜ ਕੇ ਅਮੀਰ ਕਰ ਦਿੱਤਾ ਸੀ।
ਪੰਜਾਬੀ ਵਿਚ ਬਹੁਤ ਸਾਰੇ ਲਫ਼ਜ਼ ਫ਼ਾਰਸੀ, ਅ਼ਰਬੀ, ਤੁਰਕੀ , ਪਸ਼ਤੋ ਆਦਿ ਵਿਚੋਂ ਵੀ ਸ਼ਾਮਿਲ ਹੁੰਦੇ ਰਹੇ ਸਨ; ਹੁਣ ਕਈ ਅੰਗ੍ਰੇਜ਼ੀ ਦੇ ਲਫ਼ਜ਼ ਵੀ ਪੰਜਾਬੀ ਬੋਲੀ ਦਾ ਹਿੱਸਾ ਬਣ ਚੁਕੇ ਹਨ।
ਗੁਰਮੁਖੀ: ਪੰਜਾਬੀ ਦੀ ਮੌਲਿਕ ਲਿੱਪੀ ਪੰਜਾਬੀ (ਜਿਸ ਨੂੰ ਲਹਿੰਦੇ ਪੰਜਾਬ ਵਿਚ ‘ਗੁਰਮੁਖੀ’ ਕਿਹਾ ਜਾਣ ਲਗ ਪਿਆ ਹੈ) ਦੇ 35 ਅੱਖਰ ਹਨ। ਅ਼ਰਬੀ ਅਤੇ ਫ਼ਾਰਸੀ ਦੇ ਕੁਝ ਅੱਖਰਾਂ ਦਾ ਸਹੀ ਉਚਾਰਣ ਕਾਇਮ ਕਰਨ ਵਾਸਤੇ ਵਾਸਤੇ ਕੁਝ ਅੱਖਰਾਂ ਹੇਠ ਬਿੰਦੀ ਲਾ ਕੇ ਨਵੇਂ ਅੱਖਰ ਘੜ ਲਏ ਗਏ ਹਨ (ਜਿਵੇਂ ਸ਼ ਖ਼ ਗ਼ ਜ਼ ਫ਼); ਇਸ ਤੋਂ ਇਲਾਵਾ ਅ਼, ਕ਼ ਅਤੇ ਲ਼ ਵੀ ਵਰਤੋਂ ਵਿਚ ਆਉਂਦੇ ਹਨ। ਭਾਈ ਕਾਨ੍ਹ ਸਿੰਘ ਨੇ ਧਨੀ ਰਾਮ ਚਾਤ੍ਰਿਕ ਰਾਹੀਂ ਨਾਗਰੀ ਦੇ ਕਈ ਅੱਖਰਾਂ ਦੇ ਪੰਜਾਬੀ ਰੂਪ ਵੀ ਘੜੇ ਸਨ (ਜਿਵੇਂ ਨਾਗਰੀ ਦੇ ਕਸ਼, ਜ੍ਞ, ਲ੍ਰਿ਼ ਆਦਿ ਵਾਸਤੇ) ਪਰ ਉਹ ਚਲ ਨਹੀਂ ਸਕੇ ਸਨ।
ਪੰਜਾਬੀ ਵਿਚ 12 ਸ੍ਵਰ ਹਨ: ਕੰਨਾ, ਕੰਂਨਾ-ਬਿੰਦੀ, ਸਿਹਾਰੀ, ਬਿਹਾਰੀ, ਅਉਂਕੜ, ਦੁਲੈਂਕੜ, ਲਾਂਵ, ਦੁਲਾਵਾਂ, ਹੋੜਾ, ਕਨੌੜਾ, ਬਿੰਦੀ, ਟਿੱਪੀ (ਾ ਾਂ ਿ ੀ ੁ ੂ ੇ ੈ ੋ ੌ ਂ ੰ ) ਵੀ ਹਨ; ਕਈ ਵਿਦਵਾਨ ਕੰਨਾ-ਬਿੰਦੀ, ਬਿੰਦੀ, ਟਿੱਪੀ (ਾਂ ਂ ੰ ) ਨੂੰ ਆਜ਼ਾਦ ਨਹੀਂ ਮੰਨਦੇ ਅਤੇ ਸਿਰਫ਼ 9 ਸ੍ਵਰ ਹੀ ਮੰਨਦੇ ਹਨ।
ਪੰਜਾਬੀ ਦੀ ਪੈਂਤੀ ਦਾ ਉਚਾਰਣ: ਹੇਠਾਂ ਪੰਜਾਬੀ ਦੇ ਅੱਖਰਾਂ ਦਾ ਚਾਰਟ ਹੈ ਜਿਸ ਵਿਚ ਇਸ ਨੂੰ ਬਣਾਉਣ ਵਾਲੇ ਨੇ ਬੜੇ ਸਰਲ ਤਰੀਕੇ ਨਾਲ ਅੱਖਰਾਂ ਦਾ ਉਚਾਰਣ ਥਾਂ ਅਤੇ ਢੰਗ ਬਿਆਨ ਕੀਤਾ ਹੈ: {ਵੇਖੋ: ਚਾਰਟ/ਤਸਵੀਰ}
ਪੂਰਬੀ ਪੰਜਾਬ ਦੇ ਸਾਰੇ ਲੋਕ ਪੰਜਾਬੀ ਨੂੰ ਕੁਦਰਤੀ ਪੰਜਾਬੀ ਲਿੱਪੀ/ਖ਼ਤ (ਜਿਸ ਨੂੰ ਲਹਿੰਦੇ ਪੰਜਾਬ ਵਾਲੇ ਗੁਰਮੁਖੀ ਕਹਿੰਦੇ ਹਨ) ਵਿਚ ਲਿਖਦੇ ਹਨ; ਲਹਿੰਦੇ ਪੰਜਾਬ ਦੇ ਲੋਕ ਪੰਜਾਬੀ ਨੂੰ ਫ਼ਾਰਸੀ ਖ਼ਤ ਵਿਚ ਲਿਖਦੇ ਹਨ (ਉਨ੍ਹਾਂ ਨੇ ਇਸ ਦਾ ਨਾਂ ਸ਼ਾਹਮੁਖੀ ਰੱਖ ਲਿਆ ਹੈ)। ਕੋਈ ਟਾਵਾਂ-ਟਾਵਾਂ ਬੰਦਾ ਪੰਜਾਬੀ ਨੂੰ ਨਾਗਰੀ (ਹਿੰਦੀ ਦੀ ਲਿੱਪੀ) ਵਿਚ ਵੀ ਲਿਖ ਲੈਂਦਾ ਹੈ। ਗੁਰਮੁਖੀ ਦੀ ਲਿਖਾਈ ਖੱਬੇ ਤੋਂ ਸੱਜੇ ਕੀਤੀ ਜਾਂਦੀ ਹੈ। ਸ਼ਾਹਮੁਖੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਹੈ।
ਪੰਜਾਬੀ ਦੀ ਲਿੱਪੀ ਦਾ ਜਨਮ (ਵਿਕਾਸ) ਬ੍ਰਹਮੀ, ਖਰੋਸ਼ਟੀ ਤੇ ਸਿਧਮਾਰਕਾ ਲਿੱਪੀਆਂ ਤੋਂ ਹੋਇਆ ਸੀ। ਬ੍ਰਹਮੀ ਵਿਚੋਂ ਸ਼ਾਰਦਾ, ਲੰਡਾ, ਟਾਕਰੀ ਵਿਕਸਤ ਹੋਈਆਂ ਸਨ। ਇਸੇ ਸਮੇਂ ਇਨ੍ਹਾਂ ਦੇ ਨਾਲ-ਨਾਲ ਪੰਜਾਬੀ (ਗੁਰਮੁਖੀ) ਦਾ ਜਨਮ ਵੀ ਹੋਇਆ ਸੀ। (ਨਾਗਰੀ, ਗੁਜਰਾਤੀ ਆਦਿ ਦੀਆਂ ਲਿੱਪੀਆਂ ਵੀ ਇਸੇ ਸਮੇਂ ਹੀ ਵਿਕਸਤ ਹੋਣੀਆਂ ਸ਼ੁਰੂ ਹੋਈਆਂ ਸਨ। ਪੰਜਾਬੀ ਦੇ ਬਹੁਤ ਸਾਰੇ ਅੱਖਰ ਸ਼ਾਰਦਾ ਤੇ ਟਾਕਰੀ ਨਾਲ ਮਿਲਦੇ ਹਨ। ਹੇਠਾਂ ਟਾਕਰੀ ਅਤੇ ਸ਼ਾਰਦਾ ਲਿੱਪੀ ਦੇ ਨਮੂਨੇ ਹਾਜ਼ਰ ਹਨ.
{ਨਵਾਂ ਤੇ ਵਡਾ ਮਹਾਨ ਕੋਸ਼ ਵਿਚੋਂ)
Author: Gurbhej Singh Anandpuri
ਮੁੱਖ ਸੰਪਾਦਕ