‘ਹਰੇਕ ਧੀ-ਭੈਣ ਦੀ ਇੱਜਤ ਦੀ ਰਾਖੀ ਕਰਨਾ ਸਿੱਖ ਦਾ ਫ਼ਰਜ : ਰਣਜੀਤ ਸਿੰਘ, ਭੁਪਿੰਦਰ ਸਿੰਘ”
ਅੰਮ੍ਰਿਤਸਰ, 16 ਮਾਰਚ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬੀਤੇ ਦਿਨੀਂ ਲੁਧਿਆਣਾ ਦੇ ਨਿਊ ਮਾਧੋਪੁਰੀ ਨਗਰ ‘ਚ ਸਿੱਖ ਪਰਿਵਾਰ ਦੀ ਨੌਜਵਾਨ ਵਿਆਹੁਤਾ ਲੜਕੀ ਨੂੰ ਹਿੰਦੂ ਗੁਆਂਢੀ ਵੱਲੋਂ ਛੇੜਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ‘ਤੇ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਤੁਰੰਤ ਸਖ਼ਤ ਐਕਸ਼ਨ ਕੀਤਾ ਹੈ। ਸ੍ਰੀ ਅੰਮ੍ਰਿਤਸਰ ਤੋਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਅਗਵਾਈ ‘ਚ ਫ਼ੈਡਰੇਸ਼ਨ ਦੇ ਸਿੰਘਾਂ ਨੇ ਲੁਧਿਆਣੇ ਪਹੁੰਚ ਕੇ ਦੋਸ਼ੀ ਦੀ ਭੁਗਤ ਸਵਾਰਦਿਆਂ ਉਸ ਨੂੰ ਬਜ਼ਾਰ ‘ਚ ਖੜ੍ਹਾ ਕਰਕੇ ਸਿੱਖ ਲੜਕੀ ਦੇ ਪੈਰੀਂ ਪਵਾ ਕੇ ਮਾਫ਼ੀ ਮੰਗਵਾਈ ਹੈ ਤੇ ਉਸ ਦੇ ਸਾਥੀਆਂ ਨੂੰ ਵੀ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੇ ਵੀ ਅਗਾਂਹ ਇਸ ਭੈਣ ਵੱਲ ਕੈਰੀ ਅੱਖ ਨਾਲ ਵੀ ਵੇਖਿਆ ਤਾਂ ਉਹਨਾਂ ਨੂੰ ਮਿਸਾਲੀ ਸਬਕ ਸਿਖਾਇਆ ਜਾਏਗਾ। ਇਸ ਮੌਕੇ ਫ਼ੈਡਰੇਸ਼ਨ ਚੀਫ਼ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਗੁਰੂਆਂ, ਸ਼ਹੀਦਾਂ ਤੇ ਸੂਰਬੀਰਾਂ ਦਾ ਪੰਜਾਬ ਹੈ, ਅਸੀਂ ਇਸ ਨੂੰ ਆਸ਼ਕੀ ਦਾ ਅੱਡਾ ਨਹੀਂ ਬਣਨ ਦਿਆਂਗੇ। ਉਹਨਾਂ ਕਿਹਾ ਕਿ ਲੜਕੀ ਚਾਹੇ ਸਿੱਖ ਦੀ ਹੋਵੇ ਜਾਂ ਕਿਸੇ ਹਿੰਦੂ, ਮੁਸਲਮਾਨ, ਈਸਾਈ ਜਾਂ ਕਿਸੇ ਹੋਰ ਦੀ। ਧੀ-ਭੈਣ ਦੀ ਇੱਜਤ ਦੀ ਰਾਖੀ ਕਰਨਾ ਹਰੇਕ ਸਿੱਖ ਦਾ ਫ਼ਰਜ਼ ਹੈ। ਅਸੀਂ ਕਿਸੇ ਨਾਲ ਜ਼ੁਲਮ, ਧੱਕੇਸ਼ਾਹੀ ਅਤੇ ਬੇਇਨਸਾਫ਼ੀ ਸਹਿਣ ਨਹੀਂ ਕਰਾਂਗੇ। ਲੜਕੀ ਦੇ ਪਰਿਵਾਰ ਨੇ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਗਲੀ ਦੇ ਇੱਕ ਲੜਕੇ ਵੱਲੋਂ ਉਸ ਨੂੰ ਛੇੜਿਆ ਗਿਆ ਸੀ ਤੇ ਬਾਕੀ ਉਸ ਵੱਲ ਵੇਖ ਕੇ ਮੁਸ਼ਟੰਡਿਆਂ ਵਾਂਗ ਹੱਸਦੇ ਸਨ ਜਿਨ੍ਹਾਂ ‘ਤੇ ਕੌੰਸਲਰ ਦੀ ਹਾਜ਼ਰੀ ‘ਚ ਫ਼ੈਡਰੇਸ਼ਨ ਦੇ ਸਿੰਘਾਂ ਨੇ ਮਾਫ਼ੀ ਮੰਗਵਾ ਦਿੱਤੀ ਹੈ ਜਿਸ ਤੋਂ ਮੈਨੂੰ ਪੂਰੀ ਸੰਤੁਸ਼ਟੀ ਹੈ। ਇਸ ਮੌਕੇ ਭਾਈ ਕਰਨਪ੍ਰੀਤ ਸਿੰਘ ਵੇਰਕਾ, ਭਾਈ ਜਸਕਰਨ ਸਿੰਘ ਪੰਡੋਰੀ, ਭਾਈ ਅਵਤਾਰ ਸਿੰਘ, ਭਾਈ ਜਸ਼ਨਦੀਪ ਸਿੰਘ ਮੁਕਤਸਰ, ਭਾਈ ਜਸਵਿੰਦਰ ਸਿੰਘ, ਭਾਈ ਸ਼ਰਨਦੀਪ ਸਿੰਘ ਅਤੇ ਭਾਈ ਗੁਰਦੀਪ ਸਿੰਘ ਲੋਹਾਰਾ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ