ਅੰਮ੍ਰਿਤਪਾਲ ਸਿੰਘ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੀ ਮੁੱਖ ਸੇਵਾ ਸੌਂਪੀ ਗਈ ਹੈ। ਸੰਦੀਪ ਸਿੰਘ ਸਿੱਧੂ (ਦੀਪ ਸਿੱਧੂ) ਵੱਲੋਂ ਕਾਇਮ ਕੀਤੀ ਗਈ ਇਸ ਜਥੇਬੰਦੀ ਦੀ 16 ਮੈਂਬਰੀ ਕਮੇਟੀ ਨੇ ਰਸਮੀ ਤੌਰ ਤੇ ਅੰਮ੍ਰਿਤਪਾਲ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ। ਅੰਮ੍ਰਿਤਪਾਲ ਸਿੰਘ ਉਹਨਾਂ ਨੌਜੁਆਨਾਂ ਵਿੱਚ ਸ਼ਾਮਲ ਸੀ, ਜਿਹੜੇ ਇਸ ਜਥੇਬੰਦੀ ਦੇ ਜਨਮ ਮੌਕੇ ਦੀਪ ਸਿੱਧੂ ਦੇ ਮੋਹਰੀ ਸਾਥੀ ਰਹੇ। ਦੀਪ ਸਿੱਧੂ ਨੇ ਅੰਮ੍ਰਿਤਪਾਲ ਸਿੰਘ ਨੂੰ ਹਮੇਸ਼ਾਂ ਅਪਣੇ ਨਾਲ਼ ਰੱਖਿਆ ਅਤੇ ਦੋਹਾਂ ਦੀ ਪੰਜਾਬ, ਸਿੱਖੀ ਅਤੇ ਪੰਥ ਬਾਰੇ ਰਾਏ ਮਿਲ਼ਦੀ ਜੁਲਦੀ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਬੀਤੇ ਦਿਨ ਬਰਗਾੜੀ ਵਿਖੇ ਹੋਏ ਵੱਡੇ ਇਕੱਠ ਦੌਰਾਨ ਦੀਪ ਸਿੱਧੂ ਵੱਲੋਂ ਬਣਾਈ ਗਈ ਸੰਸਥਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਵੇਂ ਕਨਵੀਨਰ ਅੰਮ੍ਰਿਤਪਾਲ ਸਿੰਘ ਦੇ ਜਿੰਨੇ ਕੁ ਵੀ ਵਿਚਾਰ ਸੁਣੇ ਹਨ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਨੌਜਵਾਨ ਪੰਥ ਅਤੇ ਪੰਜਾਬ ਦੇ ਮਸਲਿਆਂ ਅਤੇ ਲੋੜਾਂ ਬਾਰੇ ਡੂੰਘੀ ਸਮਝ ਰੱਖਦਾ ਹੈ। ਉਸ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਇਤਿਹਾਸ ਦੇ ਵਿੱਚ ਨਿਭਾਏ ਗਏ ਰੋਲ ਮੁਤਾਬਿਕ ਪੰਜਾਬ ਦੀ ਵਾਰਸ ਸਿਰਫ਼ ਸਿੱਖ ਕੌਮ ਹੀ ਹੈ ਅਤੇ ਸਿੱਖ ਕੌਮ ਦੇ ਕੌਮੀ ਨਿਸ਼ਾਨੇ ਬਾਰੇ ਵੀ ਉਹ ਸਪਸ਼ਟ ਹੈ। ਸਾਡੀ ਕੋਸ਼ਿਸ਼ ਹੈ ਕਿ ਛੇਤੀ ਹੀ ਇਸ ਵੀਰ ਨਾਲ਼ ਇੱਕ ਮੁਲਾਕਾਤ ਕਰ ਕੇ ਪ੍ਰਕਾਸ਼ਿਤ ਕੀਤੀ ਜਾਵੇ।
ਸਿੱਖ ਚਿੰਤਕਾਂ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਸਿੱਖ ਨੌਜਵਾਨ ਦੀਪ ਸਿੰਘ ਸਿੱਧੂ ਕਾਰਨ ਵਾਰਿਸ ਪੰਜਾਬ ਦੇ ਜਥੇਬੰਦੀ ਵੱਲ ਝੁਕਾਅ ਰੱਖਦੇ ਹਨ, ਇਸ ਕਾਰਨ ਇਸ ਜਥੇਬੰਦੀ ਨੂੰ ਸਿੱਖ ਸਿਧਾਂਤਾਂ ਦੇ ਮੱਦੇਨਜ਼ਰ ਸੁਚੱਜੀ ਸਲਾਹ ਦੇਣ ਦੀ ਜ਼ਿੰਮੇਵਾਰੀ ਨਿਭਾਉਣ। ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਨੌਜਵਾਨਾਂ ਨੂੰ ਵੀ ਸਲਾਹ ਹੈ ਕਿ ਉਹ ਖ਼ਾਸ ਮਹੱਤਵਪੂਰਨ ਵਿਸਿ਼ਆਂ ਤੇ ਸਿੱਖ ਵਿਦਵਾਨਾਂ ਤੇ ਚਿੰਤਕਾਂ ਤੋਂ ਸਲਾਹ ਲੈਣ ਦੀ ਪੁਰਾਤਨ ਜਥੇਬੰਦਕ ਰਵਾਇਤ, ਜਿਸ ਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਵੀ ਪਹਿਰਾ ਦਿੰਦੇ ਰਹੇ ਸਨ, ਮੁੜ ਸੁਰਜੀਤ ਕਰਨ।
ਨੌਜਵਾਨ ਜਿੱਥੇ ਸਿੱਖ ਵਿਦਵਾਨਾਂ ਦੀ ਸਲਾਹ ਲੈਣ , ਓਥੇ ਵਿਦਵਾਨ ਵੀ ਸਿੱਖ ਜਵਾਨੀ ਦੇ ਸ਼ੁੱਭਚਿੰਤਕ ਬਣਨ, ਪਰ ਕਿਸੇ ਵੀ ਫ਼ੈਸਲੇ ਲਈ ਕਸਵੱਟੀ ਸਿੱਖ ਸਿਧਾਂਤ ਦੀ ਹੀ ਹੋਵੇ। ਸਿੱਖ ਵਿਦਵਾਨ ਸੰਘਰਸ਼ ਦੇ ਪੈਂਤੜੇ ਬਾਰੇ ਸੁਝਾਅ ਦੇ ਸਕਦੇ ਹਨ, ਪਰ ਸਿੱਖਾਂ ਦੇ ਕੌਮੀ ਨਿਸ਼ਾਨੇ ਨੂੰ ਮੁੜ ਪਰਿਭਾਸ਼ਿਤ ਨਹੀਂ ਕਰ ਸਕਦੇ। ਸਿੱੱਖਾਂ ਦੇ ਕੌਮੀ ਨਿਸ਼ਾਨੇ ‘ਰਾਜ ਕਰੇਗਾ ਖ਼ਾਲਸਾ’ ਤੋਂ ਮੁਨਕਰ ਵਿਦਵਾਨਾਂ ਦੀ ਗੱਲ ਬੇਸ਼ੱਕ ਨਾ ਸੁਣੀ ਜਾਵੇ, ਪਰ ਹਰ ਇੱੱਕ ਫ਼ੈਸਲਾ ਦੀਰਘ ਵਿਚਾਰ ਵਟਾਂਦਰੇ ਤੋਂ ਬਾਅਦ ਸਿੱਖ ਸਿਧਾਂਤਾਂ ਨੂੰ ਸਨਮੁਖ ਰੱਖ ਕੇ ਲਿਆ ਜਾਵੇ।
ਅਸੀਂ ਉਮੀਦ ਕਰਦੇ ਹਾਂ ਕਿ ਸਿੱਖ ਨੌਜਵਾਨਾਂ ਦੀ ਇਹ ਜਥੇਬੰਦੀ ਪੰਥ ਤੇ ਪੰਜਾਬ ਲਈ ਅਹਿਮ ਪ੍ਰਾਪਤੀਆਂ ਦਾ ਇਤਿਹਾਸ ਸਿਰਜੇਗੀ।
ਬਲਜੀਤ ਸਿੰਘ ਖਾਲਸਾ
ਮੁੱਖ ਸੰਪਾਦਕ’ਵੰਗਾਰ’
98558 31284
Author: Gurbhej Singh Anandpuri
ਮੁੱਖ ਸੰਪਾਦਕ