ਅੰਮ੍ਰਿਤਸਰ -9 ਜੁਲਾਈ (ਨਜ਼ਰਾਨਾ ਨਿਊਜ਼ ਨੈਟਵਰਕ)
ਅੱਜ ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਫ਼ੈਡਰੇਸ਼ਨ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹਨਾਂ ਅਸਤੀਫ਼ੇ ਵਿੱਚ ਲਿਖਿਆ ਕਿ ਜਦ 7 ਅਗਸਤ 2006 ਨੂੰ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਜਥੇਬੰਦੀ ਦਾ ਆਗਾਜ਼ ਕੀਤਾ ਸੀ ਤਾਂ ਓਦੋਂ ਤੋਂ ਹੀ ਦਾਸ ਫ਼ੈਡਰੇਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਤੇ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਅੱਜ 15 ਸਾਲ ਹੋ ਚੁੱਕੇ ਹਨ, ਮੈਂ ਸਮਝਦਾ ਹਾਂ ਕਿ ਹੁਣ ਹੋਰ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਨੌਜਵਾਨ ਕੌਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਤੇ ਉਹ ਪੰਥ ਅਤੇ ਪੰਜਾਬ ਦਾ ਭਵਿੱਖ ਰੁਸ਼ਨਾਅ ਸਕਦੇ ਹਨ। ਇਸ ਲਈ ਮੈਂ ਫ਼ੈਡਰੇਸ਼ਨ ਦੀ ਪ੍ਰਧਾਨਗੀ, ਮੁੱਢਲੀ ਮੈਂਬਰਸ਼ਿਪ ਤੇ ਸਮੁੱਚੀਆਂ ਸੇਵਾਵਾਂ ਛੱਡਣ ਦਾ ਫ਼ੈਸਲਾ ਲਿਆ ਹੈ ਤੇ ਅਸਤੀਫ਼ਾ ਸੌਂਪ ਰਿਹਾ ਹਾਂ।
ਅਸਤੀਫ਼ੇ ਵਿੱਚ ਕਿਹਾ ਗਿਆ ਕਿ ਜਿੱਥੇ ਮੈਂ ਰੋਮ-ਰੋਮ ਕਰਕੇ ਸਮੁੱਚੇ ਖ਼ਾਲਸਾ ਪੰਥ ਦਾ ਰਿਣੀ ਹਾਂ, ਓਥੇ ਪੰਥਕ ਲੇਖਕ ਭਾਈ ਸਰਬਜੀਤ ਸਿੰਘ ਘੁਮਾਣ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਫ਼ੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਵੀ ਕਰਦਾ ਹਾਂ ਜਿਨ੍ਹਾਂ ਨੇ ਮੋਢੇ ਨਾਲ਼ ਮੋਢਾ ਜੋੜ ਕੇ ਮੇਰਾ ਸਾਥ ਦਿੱਤਾ ਤੇ ਫ਼ੈਡਰੇਸ਼ਨ ਨੂੰ ਬੁਲੰਦੀਆਂ ਤੇ ਪਹੁੰਚਾਇਆ। ਉਹਨਾਂ ਕਿਹਾ ਕਿ ਫ਼ੈਡਰੇਸ਼ਨ ਰਾਹੀਂ ਪੰਥ, ਕੌਮ ਤੇ ਪੰਜਾਬ ਦੀਆਂ ਸੇਵਾਵਾਂ ਕਰਦਿਆਂ ਹੋਈਆਂ ਭੁੱਲਾਂ ਲਈ ਦਾਸ ਖਿਮਾਂ ਦਾ ਜਾਚਕ ਹੈ, ਮੇਰੀ ਥੋੜੀ ਸੇਵਾ ਨੂੰ ਬਹੁਤੀ ਜਾਣ ਕੇ ਖ਼ਾਲਸਾ ਪੰਥ ਪ੍ਰਵਾਨ ਕਰੇ। ਉਹਨਾਂ ਇਹ ਅਸਤੀਫ਼ਾ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੂੰ ਸੌਂਪਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ