ਅੰਮ੍ਰਿਤਸਰ, 8 ਅਪ੍ਰੈਲ (ਨਜ਼ਰਾਨਾ ਨਿਊਜ਼ ਨੈੱਟਵਰਕ): ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਸਿੱਖ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਉਰਫ਼ ਬਾਬਾ ਨੰਦ ਅਤੇ ਸਾਥੀ ਸ਼ਹੀਦ ਸਿੰਘਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਮਿਤੀ 10 ਅਪ੍ਰੈਲ 2022 ਨੂੰ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹਨਾਂ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸਮੂਹ ਸੰਪਰਦਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਤੇ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਮਾਗਮ ‘ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 7 ਅਪ੍ਰੈਲ 1991 ਨੂੰ ਜਦੋਂ ਭਾਈ ਪਰਮਜੀਤ ਸਿੰਘ ਪੰਮਾ ਤੇ ਉਹਨਾਂ ਦੀ ਸਿੰਘਣੀ ਦੋਵੇਂ ਹੀ ਪਠਾਨਕੋਟ ਤੋਂ ਸਵੇਰੇ ਪੰਜ ਵਜੇ ਦੀ ਰੇਲ ਗੱਡੀ ‘ਚ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਰਹੇ ਸਨ ਤਾਂ ਜਿਵੇਂ ਹੀ ਇਹ ਟਰੇਨ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਅੱਗੇ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫ਼ੋਰਸਾਂ ਨੇ ਪੂਰੀ ਤਰ੍ਹਾਂ ਨਾਲ਼ ਚੁਫੇਰਿਉਂ ਘੇਰਾ ਪਾਇਆ ਹੋਇਆ ਸੀ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਭਾਈ ਸਾਹਿਬ ਨੂੰ ਦੋ ਵਾਰ ਹਿਲਾਇਆ, ਪਰ ਆਪ ਜੀ ਜਾਗਦੇ ਹੋਣ ਦੇ ਬਾਵਜੂਦ ਵੀ ਸੌਣ ਦਾ ਡਰਾਮਾ ਕਰ ਰਹੇ ਸਨ। ਇੱਕ ਵਾਰ ਤਾਂ ਪੈਰਾ ਮਿਲਟਰੀ ਫ਼ੋਰਸਾਂ ਉਸ ਡੱਬੇ ‘ਚੋਂ ਹੇਠਾਂ ਵੀ ਉੱਤਰ ਗਈਆਂ ਸਨ, ਪਰ ਮੁਖਬਰ ਦੀ ਸ਼ਾਇਦ ਪੱਕੀ ਸੂਹ ਸੀ। ਫਿਰ ਦੁਬਾਰਾ ਤੋਂ ਸੁਰੱਖਿਆ ਫ਼ੋਰਸਾਂ ਨੇ ਭਾਈ ਸਾਹਿਬ ਨੂੰ ਹਿਲਾਇਆ। ਹੁਣ ਇਸ ਵਾਰ ਆਪਣੀ ਪਿਸਟਲ ਉਹਨਾਂ ਵੱਲ ਤਾਣ ਕੇ ਉੱਠੇ ਤੇ ਚੋਰ ਅੱਖ ਨਾਲ਼ ਆਪਣੀ ਸਿੰਘਣੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਬੜੀ ਫੁਰਤੀ ਦੇ ਨਾਲ਼ ਹੇਠਾਂ ਉੱਤਰ ਕੇ ਗੋਲ਼ੀਆਂ ਚਲਾਈਆਂ ਤੇ ਦੌੜਨ ਦੀ ਕੋਸ਼ਿਸ਼ ਵੀ ਕੀਤੀ, ਇੱਕ ਗੋਲ਼ੀ ਸੁਰੱਖਿਆ ਕਰਮੀ ਨੂੰ ਵੀ ਲੱਗੀ, ਪਰ ਚਾਰੇ ਪਾਸਿਆਂ ਤੋਂ ਘੇਰਾ ਪਿਆ ਹੋਣ ਕਾਰਨ ਸੁਰੱਖਿਆ ਬਲਾਂ ਨੇ ਭਾਈ ਸਾਹਿਬ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਲਿਆ ਤੇ ਬਟਾਲਾ ਦੇ ਇੰਟੈਰੋਗੇਸ਼ਨ ਸੈਂਟਰ ਬੀਕੋ ‘ਚ ਲੈ ਗਏ। ਅਖ਼ੀਰ 10 ਅਪ੍ਰੈਲ 1991 ਦੀਆਂ ਅਖਬਾਰਾਂ ਦੀ ਖ਼ਬਰ ਸੀ ਕੇ ਐੱਲ ਓ ਦੇ ਮੁਖੀ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਪੁਲੀਸ ਨਾਲ਼ ਹੋਈ ਮੁੱਠਭੇੜ ਵਿੱਚ ਹਲਾਕ। ਉਹਨਾਂ ਕਿਹਾ ਕਿ ਇਹਨਾਂ ਸ਼ਹਾਦਤਾਂ ਨੂੰ ਯਾਦ ਰੱਖਣਾ ਤੇ ਉਹਨਾਂ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣਾ ਸੱਚੀ ਸ਼ਰਧਾਂਜਲੀ ਹੋਵੇਗੀ।