ਅੰਮ੍ਰਿਤਸਰ, 10 ਅਪ੍ਰੈਲ (ਨਜ਼ਰਾਨਾ ਨਿਊਜ਼ ਨੈੱਟਵਰਕ) ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਸਿੱਖ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲ਼ੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਉਰਫ਼ ਬਾਬਾ ਨੰਦ ਦਾ 31ਵਾਂ ਸ਼ਹੀਦੀ ਦਿਹਾੜਾ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਖ਼ਾਲਸਾਈ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਕਵੀਸ਼ਰ ਅਜੀਤ ਸਿੰਘ ਦਰਦੀ ਦੇ ਜਥੇ ਨੇ ਜੋਸ਼ੀਲੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਅਕਾਲ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਸੰਦੀਪ ਸਿੰਘ ਖ਼ਾਲਸਾ, ਗੁਰਦੁਆਰਾ ਕਰਤਾਰਪੁਰ ਲਾਂਘਾ ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਐਡਵੋਕੇਟ ਜਸਬੀਰ ਸਿੰਘ ਘੁੰਮਣ ਨੇ ਘੁੰਮਣ ਨੇ ਖ਼ਾਲਿਸਤਾਨੀ ਸੰਘਰਸ਼ ਬਾਬਤ ਸੰਗਤਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ। ਤਕਰੀਬਨ ਹਰੇਕ ਬੁਲਾਰੇ ਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ ‘ਤੇ ਜ਼ੋਰ ਦਿੱਤਾ।
ਇਸ ਮੌਕੇ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਹੜੇ ਕਹਿੰਦੇ ਨੇ ਕਿ ਖਾਲਿਸਤਾਨ ਦੀ ਲੜਾਈ ‘ਚੋਂ ਤੁਸੀਂ ਕੀ ਖੱਟਿਆ ? ਕੀ ਫਾਇਦਾ ਹੋਇਆ ? ਐਨੇ ਬੰਦੇ ਮਰਵਾ ਲਏ, ਨੁਕਸਾਨ ਕਰਵਾ ਲਿਆ। ਉਹਨਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਕੋਈ ਵਪਾਰ ਜਾਂ ਸੌਦਾ ਨਹੀਂ ਸੀ ਜਿਸ ਵਿੱਚ ਨਫ਼ਾ ਜਾਂ ਨੁਕਸਾਨ ਵੇਖਿਆ ਜਾਂਦਾ, ਇਹ ਸਿੱਖ ਕੌਮ ਦੀ ਅਜ਼ਾਦੀ ਦੀ ਜੰਗ ਸੀ।
ਜਦ ਭਾਰਤ ਦੇ ਹਿੰਦੂ ਹਾਕਮਾਂ ਨੇ ਸਾਡੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਤੇ ਕਹਿਰੀ ਹਮਲਾ ਕਰ ਦਿੱਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ-ਤੋਪਾਂ ਨਾਲ਼ ਢਹਿ-ਢੇਰੀ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗਾਂ ਲਾਈਆਂ, ਦੁੱਧ ਪੀਂਦੇ ਬੱਚੇ ਵੀ ਕੰਧਾਂ ਨਾਲ਼ ਪਟਕਾ ਕੇ ਮਾਰੇ, ਪ੍ਰਕਰਮਾ ਨੂੰ ਲਾਸ਼ਾਂ ਨਾਲ਼ ਭਰ ਦਿੱਤਾ, ਪੰਜਾਬ ਨੂੰ ਇੱਕ ਜੇਲ੍ਹ ਵਿੱਚ ਬਦਲ ਦਿੱਤਾ, ਦਿੱਲੀ ਵਿੱਚ ਸਾਡੀਆਂ ਧੀਆਂ-ਭੈਣਾਂ ਦੀ ਪੱਤ ਰੋਲੀ, ਸਾਡੇ ਭਰਾਵਾਂ ਦੇ ਗਲ਼ਾਂ ‘ਚ ਟਾਇਰ ਪਾ ਕੇ ਜਿਉਂਦਿਆਂ ਨੂੰ ਸਾੜਿਆ ਗਿਆ ਤਾਂ ਫਿਰ ਅਸੀਂ ਕਿਵੇਂ ਘਰਾਂ ‘ਚ ਹੱਥ ‘ਤੇ ਹੱਥ ਧਰ ਕੇ ਬੈਠੇ ਰਹਿੰਦੇ। ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਡਰਪੋਕ, ਕਾਇਰ ਜਾਂ ਬੁਜ਼ਦਿਲ ਨਹੀਂ ਬਣਾਇਆ ਸਗੋਂ ਅਣਖੀਲੇ, ਬਹਾਦਰ ਅਤੇ ਜਬਰ-ਜ਼ੁਲਮ ਦੇ ਵਿਰੁੱਧ ਡਟਣਾ ਸਿਖਾਇਆ ਹੈ।
ਸਾਡੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਉਸ ਦੇ ਸਾਮ੍ਹਣੇ ਜਾਬਰ ਕਹਿ ਕੇ ਵੰਗਾਰਿਆ। ਦੂਜੇ ਪਾਤਸ਼ਾਹ ਨੇ ਹੁੰਮਾਯੂੰ ਬਾਦਸ਼ਾਹ ਵੱਲੋਂ ਤਲਵਾਰ ਕੱਢਣ ਦੇ ਬਾਵਜੂਦ ਉਸ ਦੀ ਕੋਈ ਪ੍ਰਵਾਹ ਨਾ ਕੀਤੀ। ਛੇਵੇਂ ਪਾਤਸ਼ਾਹ ਜੀ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ। ਸਾਡੇ ਨੌਵੇਂ ਪਾਤਸ਼ਾਹ ਜੀ ਤਾਂ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਸ਼ਹਾਦਤ ਦੇ ਗਏ ਫਿਰ ਅਸੀਂ ਆਪਣੇ ਧਰਮ ਦੀ ਰਾਖੀ ਲਈ ਸ਼ਹਾਦਤਾਂ ਦੇਣ ਲਈ ਕਿਉਂ ਨਾ ਨਿੱਤਰਦੇ। 1984 ਦੇ ਘੱਲੂਘਾਰੇ ਮਗਰੋਂ ਸਿੱਖ ਜਵਾਨੀ ਨੇ ਆਪਣਾ ਫ਼ਰਜ਼ ਪਛਾਣਿਆ, ਘਰਾਂ-ਪਰਿਵਾਰਾਂ ਦੇ ਮੋਹ ਤਿਆਗੇ ਤੇ ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਗੁਰੂ ਸਾਹਿਬ ਦੇ ਆਸਰੇ ਇੱਕ ਦਹਾਕਾ ਹਿੰਦੁਸਤਾਨ ਦੀ ਸਰਕਾਰ ਨਾਲ਼ ਲਹੂ-ਵਿੱਢਵੀਂ ਲੜਾਈ ਲੜੀ। ਪ੍ਰਧਾਨ ਮੰਤਰੀ, ਮੁੱਖ ਮੰਤਰੀ, ਫ਼ੌਜ ਦਾ ਜਰਨੈਲ ਅਤੇ ਅਨੇਕਾਂ ਪੁਲੀਸ ਅਫ਼ਸਰ, ਫ਼ਿਰਕੂ ਹਿੰਦੁਤਵੀ, ਮੁਖਬਰ, ਕੈਟ, ਗ਼ੱਦਾਰ ਆਦਿਕ ਸੋਧੇ। ਇਸ ਧਰਤੀ ‘ਤੇ ਖਾਲਸਾਈ ਜਾਹੋ-ਜਲਾਲ ਪ੍ਰਚੰਡ ਕਰਦਿਆਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀਆਂ ਦੇ ਹੜ੍ਹ ਲਿਆ ਦਿੱਤੇ।
ਇਹ ਸਿੱਖ ਇਤਿਹਾਸ ਦਾ ਸੁਨਹਿਰੀ ਦੌਰ ਸੀ ਜਦ ਵੀਹਵੀਂ ਸਦੀ ਦੇ ਦੋ ਅਖੀਰਲੇ ਦਹਾਕਿਆਂ ‘ਚ ਵੀ ਗੁਰੂ ਕੇ ਲਾਲ ਅਠਾਰ੍ਹਵੀਂ ਸਦੀ ਦੇ ਸਿੰਘਾਂ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜ ਰਹੇ ਸਨ।
ਬੁਲਾਰਿਆਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਤੇ ਕਿਹਾ ਕਿ ਖ਼ਾਲਿਸਤਾਨ ਦੀ ਅਜ਼ਾਦੀ ਲਈ ਜੰਗ ਜਾਰੀ ਰਹੇਗੀ। ਸਮਾਗਮ ਦੀ ਸਮਾਪਤੀ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਜੁਝਾਰੂ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਸਮੇਤ 15 ਦੇ ਕਰੀਬ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ੀਲਡ ਅਤੇ ਸਿਰੋਪਿਆਂ ਨਾਲ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ‘ਚ ਸਨਮਾਨਿਤ ਵੀ ਕੀਤਾ।
ਇਸ ਮੌਕੇ ਸ਼ਹੀਦ ਤਰਸੇਮ ਸਿੰਘ ਕੋਹਾੜ ਦੀ ਸਿੰਘਣੀ ਬੀਬੀ ਪਰਮਜੀਤ ਕੌਰ, ਭਾਈ ਜਗਜੀਤ ਸਿੰਘ ਰੰਧਾਵਾ, ਮਨਵੀਰ ਸਿੰਘ ਕਾਲੀਆ, ਰਣਵੀਰ ਸਿੰਘ ਰਾਣਾ, ਮਨਜਿੰਦਰ ਸਿੰਘ, ਲਵਪ੍ਰੀਤ ਸਿੰਘ ਬਸਰਾ, ਪਰਮਿੰਦਰ ਸਿੰਘ ਰਿਆੜ, ਰਵਿੰਦਰ ਸਿੰਘ ਰਿ ਆੜ, ਨਿਸ਼ਾਨ ਸਿੰਘ, ਮਨਦੀਪ ਸਿੰਘ ਹੈਪੀ, ਗੁਰਪ੍ਰੀਤ ਸਿੰਘ ਟਾਂਡਾ, ਰਿੱਕੀ ਖੁੱਡਾ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ