ਅੰਮ੍ਰਿਤਸਰ, 13 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਤਿਹਾੜ ਜੇਲ੍ਹ ‘ਚੋਂ ਭੇਜੇ ਸੰਦੇਸ਼ ਖ਼ਾਲਸੇ ਦੀ ਮਾਤਾ ਸਾਹਿਬ ਕੌਰ ‘ਤੇ ਬਣੀ ਵਿਵਾਦਤ ਫਿਲਮ ਸੁਪਰੀਮ ਮਦਰਹੁੱਡ ਨੂੰ ਸਿੱਖ ਵਿਰੋਧੀ ਐਲਾਨਦਿਆਂ ਸੰਗਤਾਂ ਨੂੰ ਰੋਕਣ ਦਾ ਸੰਦੇਸ਼ ਦਿੱਤਾ ਹੈ। ਇਹ ਸੰਦੇਸ਼ ਅੱਜ ਜਥੇਦਾਰ ਹਵਾਰਾ ਵੱਲੋਂ ਥਾਪੀ ਜਥੇਬੰਦੀ ਅਕਾਲ ਯੂਥ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਪੜ੍ਹਿਆ ਗਿਆ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ, ਆਵਾਜ਼-ਏ-ਕੌਮ ਦੇ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਜਿੰਦਰ ਸਿੰਘ ਖ਼ਾਲਸਾ ਅਤੇ ਭਾਈ ਭੁਪਿੰਦਰ ਸਿੰਘ ਸੱਜਣ ਪਹੁੰਚੇ ਤੇ ਅਰਦਾਸ ਉਪਰੰਤ ਅਕਾਲ ਤਖ਼ਤ ਦੇ ਸਕੱਤਰੇਤ ਸਾਹਮਣੇ ਸੰਦੇਸ਼ ਪੜ੍ਹਿਆ ਗਿਆ। ਇਸ ਸੰਦੇਸ਼ ‘ਚ ਜਥੇਦਾਰ ਹਵਾਰਾ ਨੇ ਕਿਹਾ ਕਿ ਜਿਵੇਂ ਮੁੱਢ ਤੋਂ ਹੀ ਖਾਲਸਾ ਆਪਣੇ ਨਿਆਰੇਪਨ ਕਾਰਨ ਦੁਨੀਆਂ ਦੇ ਵਿੱਚ ਨਿਵੇਕਲੀਆਂ ਮੱਲਾਂ ਮਾਰਦਾ ਆਇਆ ਹੈ, ਅੱਜ ਵੀ ਗੁਰੂ ਨੂੰ ਪ੍ਰਣਾਏ ਸਿੰਘਾਂ-ਸਿੰਘਣੀਆਂ ਦੇ ਰੂਪ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਲੱਗਾ ਹੈ ਪਰ ਫਿਰ ਵੀ ਕੁੱਝ ਪੰਥ ਵਿਰੋਧੀ ਲੋਕ ਬਿਪਰਵਾਦੀਆਂ ਦੀ ਸ਼ਹਿ ਉੱਤੇ ਸਿੱਖ ਕੌਮ ਅਤੇ ਸਿੱਖ ਸਿਧਾਂਤਾਂ ਦੇ ਉੱਤੇ ਸਮੇਂ ਸਮੇਂ ਮਾਰੂ ਹਮਲੇ ਕਰਦੇ ਰਹਿੰਦੇ ਹਨ। ਜਿਵੇਂ ਕਿ ਪਹਿਲਾਂ ਸਾਡੇ ਸਿੱਖ ਸਿਧਾਂਤਾਂ ਦੇ ਉੱਤੇ ਸਿੱਖ ਵਿਰੋਧੀ ਫਿਲਮ ਨਾਨਕ ਸ਼ਾਹ ਫਕੀਰ ਰਾਹੀਂ ਕੀਤਾ ਗਿਆ ਸੀ, ਪਰ ਖਾਲਸਾ ਪੰਥ ਨੂੰ ਉਸ ਹਮਲੇ ਦਾ ਜਵਾਬ ਦਿੰਦਿਆਂ ਓਸ ਫਿਲਮ ਨੂੰ ਮੁਲਕ ਵਿੱਚ ਕਿਤੇ ਚਲਣ ਨਹੀਂ ਦਿੱਤਾ ਸੀ, ਜਿਸ ਕਾਰਨ ਓਹ ਮਾਰੂ ਹਮਲਾ ਸਾਡੀ ਕੌਮ ਵੱਲੋਂ ਨਾਕਾਮ ਕਰ ਦਿੱਤਾ ਗਿਆ। ਅੱਜ ਫਿਰ ਸਾਡੇ ਸਿੱਖ ਸਿਧਾਂਤਾਂ ਤੇ ਇੱਕ ਵਾਰ ਫਿਰ ‘ਸੁਪਰੀਮ ਮਦਰਹੁੱਡ’ ਨਾਂ ਦੀ ਸਿੱਖ ਸਿਧਾਂਤ ਦੀ ਵਿਰੋਧੀ ਫ਼ਿਲਮ ਰਾਹੀਂ ਸਾਡੇ ਧਾਰਮਿਕ ਜਜਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਸਾਡੇ ਸਿੱਖ ਸਿਧਾਂਤਾਂ ਮੁਤਾਬਿਕ ਖਾਲਸੇ ਨੇ ਕਿਸੇ ਨੂੰ ਵੀ ਗੁਰੂ ਸਾਹਿਬਾਨ ਨੂੰ ਬੁੱਤ ਦੇ ਰੂਪ ‘ਚ ਤਰਾਸ਼ਣ, ਜਾਂ ਕਿਸੇ ਹੋਰ ਰੂਪ ਚ ਫਿਲਮ ਜਾਂ ਐਨੀਮੇਸ਼ਨ ਆਦਿ ਕਿਸੇ ਵੀ ਮਾਧਿਅਮ ਰਾਹੀਂ ਫਿਲਮਾਉਣ ਦਾ ਹੱਕ ਨਹੀਂ ਦਿੱਤਾ। ਇਹ ਵੀ ਯਾਦ ਰੱਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਖਾਲਸੇ ਦੇ ਧਰਮ ਪਿਤਾ ਹਨ ਤਾਂ ਮਾਤਾ ਸਾਹਿਬ ਕੌਰ ਜੀ ਖ਼ਾਲਸੇ ਦੇ ਧਰਮ ਦੇ ਮਾਤਾ ਹਨ ਸੋ ਮਾਤਾ ਸਾਹਿਬ ਕੌਰ ਦੇ ਕਿਰਦਾਰ ਨੂੰ ਐਨੀਮੇਸ਼ਨ ਫਿਲਮ ਦੇ ਜਰੀਏ ਪ੍ਰਸਾਰਿਤ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ। ਇਹਨਾਂ ਗੱਲਾਂ ਨੂੰ ਮੁੱਢ ਤੋਂ ਹੀ ਸਿੱਖ ਵਿਰੋਧੀ ਮੰਨਿਆ ਗਿਆ ਹੈ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸਿਰਫ ਤੇ ਸਿਰਫ ਸਬਦ ਗੁਰੂ ਨਾਲ ਜੋੜਿਆ ਹੈ। ਸਾਡੇ ਗੁਰੂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹਨਾਂ ਦੇ ਤੁੱਲ ਕਿਸੇ ਵੀ ਸਿੱਖ ਵਿਰੋਧੀ ਕਾਰਵਾਈ ਨੂੰ ਖਾਲਸਾ ਪੰਥ ਬਰਦਾਸ਼ਤ ਨਾ ਕਰੋ ਅਤੇ ਇਸ ਫ਼ਿਲਮ ਨੂੰ ਸਿੱਖ ਵਿਰੋਧੀ ਫਿਲਮ ਕਰਾਰ ਦਿੰਦਿਆਂ ਇਸ ਦੇ ਉੱਤੇ ਪੰਜਾਬ ਅਤੇ ਹੋਰ ਦੇਸ਼ਾਂ ਵਿਦੇਸ਼ਾਂ ਚ ਪਾਬੰਦੀ ਲਗਵਾਏ ਕਿਸੇ ਨੂੰ ਵੀ ਇਸ ਸਿੱਖ ਵਿਰੋਧੀ ਕਾਰਵਾਈ ਦਾ ਹਿੱਸਾ ਜਾਂ ਸਹਿਯੋਗੀ ਬਣਨ ਦੀ ਇਜਾਜਤ ਨਾ ਦਿੱਤੀ ਜਾਵੇ। ਇਸ ਮੌਕੇ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਸਤਵੰਤ ਸਿੰਘ, ਆਵਾਜ਼-ਏ-ਕੌਮ ਦੇ ਭਾਈ ਨੋਬਲਜੀਤ ਸਿੰਘ, ਹਰਜਿੰਦਰ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਕਰਨਪ੍ਰੀਤ ਸਿੰਘ ਵੇਰਕਾ, ਭਾਈ ਜਸਕਰਨ ਸਿੰਘ ਪੰਡੋਰੀ ਕਰਨੈਲ ਸਿੰਘ ਘੋੜਾਬਾਹਾ, ਮਨਮੋਹਨ ਸਿੰਘ, ਭੁਪਿੰਦਰ ਸਿੰਘ ਸੱਜਣ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ