ਅੰਮ੍ਰਿਤਸਰ, 13 ਅਪ੍ਰੈਲ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਖ਼ਾਲਸੇ ਦੀ ਮਾਤਾ ਸਾਹਿਬ ਕੌਰ ‘ਤੇ ਬਣੀ ਸਿੱਖ ਵਿਰੋਧੀ ਫਿਲਮ ਸੁਪਰੀਮ ਮਦਰਹੁੱਡ ਨੂੰ ਸਿਨੇਮਾਂ ਘਰਾਂ ‘ਚ ਰੋਕਣ ਲਈ ਬਿਗਲ ਵਜਾ ਦਿੱਤਾ ਹੈ। ਫ਼ੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਅੰਮ੍ਰਿਤਸਰ ਦੇ ਸਮੂਹ ਸਿਨੇਮਾਂ ਘਰਾਂ ਦੇ ਪ੍ਰਬੰਧਕਾਂ ਨੂੰ ਲਿਖਤੀ ਪੱਤਰ ਸੌਂਪ ਕੇ ਤਾੜਨਾ ਕੀਤੀ ਗਈ ਕਿ ਸੁਪ੍ਰੀਮ ਮਦਰਹੁੱਡ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਕਿਸੇ ਵੀ ਕੀਮਤ ‘ਤੇ ਨਾ ਚਲਾ ਇਆ ਜਾਵੇ। ਉਹਨਾਂ ਕਿਹਾ ਕਿ ਐਨੀਮੇਸ਼ਨ ਫਿਲਮਾਂ ਰਾਹੀਂ ਸਿੱਖੀ ਦੇ ਮੂਲ ਸਿਧਾਂਤਾਂ, ਗੁਰੂ ਸਾਹਿਬਾਨਾਂ ਦੀ ਦੈਵੀ ਅਜ਼ਮਤ ਅਤੇ ਰੂਹਾਨੀਅਤ ‘ਤੇ ਹਮਲੇ ਕੀਤੇ ਜਾ ਰਹੇ ਹਨ ਜੋ ਸਿੱਖ ਕੌਮ ਲਈ ਬਰਦਾਸ਼ਤਯੋਗ ਨਹੀਂ ਹੈ। ਇਸ ਫਿਲਮ ਨੂੰ ਰੋਕਣ ਲਈ ਸਰਬੱਤ ਖਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੀ ਸੰਦੇਸ਼ ਜਾਰੀ ਕਰ ਚੁੱਕੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਐਨੀਮੇਸ਼ਨ ਫਿਲਮ ਤੇ ਇਤਰਾਜ ਜਤਾਏ ਹਨ ਅਤੇ ਰਿਲੀਜ਼ ਕਰਨ ਦੀ ਇਜਾਜਤ ਨਹੀਂ ਦਿੱਤੀ ਹੈ। ਇਸ ਫਿਲਮ ਨੂੰ ਲੈ ਕੇ ਸਿੱਖ ਪੰਥ ਵਿੱਚ ਭਾਰੀ ਰੋਹ ਅਤੇ ਰੋਸ ਹੈ। ਇਸ ਲਈ ਵਿਵਾਦਿਤ ਫਿਲਮ ਨੂੰ ਸਿਨੇਮਾਂ ਘਰਾਂ ਵਿੱਚ ਨਾ ਚਲਾਇਆ ਜਾਵੇ। ਅਗਰ ਇਸ ਫਿਲਮ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਚਲਾਇਆ ਜਾਂਦਾ ਹੈ ਤਾਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਸਿਨੇਮਾਂ ਘਰਾਂ ਦੇ ਪ੍ਰਬੰਧਕਾਂ ਅਤੇ ਪ੍ਰਸਾਸ਼ਨ ਦੀ ਹੋਵੇਗੀ। ਇਸ ਮੌਕੇ ਗਗਨਦੀਪ ਸਿੰਘ ਸੁਲਤਾਨਵਿੰਡ, ਕਰਨਪ੍ਰੀਤ ਸਿੰਘ ਵੇਰਕਾ ਤੇ ਜਸਕਰਨ ਸਿੰਘ ਪੰਡੋਰੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ