ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਚਲਾਏ ਨਿਰਮਲ ਪੰਥ ਦਾ ਸਫ਼ਰ ਦਸਮੇਸ਼ ਪਿਤਾ ਜੀ ਤੱਕ ਖ਼ਾਲਸਾ ਪੰਥ ਦਾ ਰੂਪ ਧਾਰ ਕੇ ਸੰਪੂਰਨ ਹੁੰਦਾ ਹੈ। ਗੁਰੂ ਸਾਹਿਬ ਜੀ ਨੇ ਖ਼ਾਲਸੇ ਨੂੰ ਪਾਤਸ਼ਾਹੀ, ਬਾਦਸ਼ਾਹੀ, ਖ਼ੁਦਮੁਖਤਿਆਰੀ, ਅਜ਼ਾਦੀ ਤੇ ਸਰਦਾਰੀ ਬਖਸ਼ਿਸ਼ ਕੀਤੀ ਹੈ। ਗ਼ੁਲਾਮੀ ਅਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਦੀ ਪ੍ਰੇਰਨਾ ਵੀ ਸਿੱਖਾਂ ਨੂੰ ਗੁਰੂ ਸਾਹਿਬ ਤੋਂ ਹੀ ਮਿਲ਼ੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਪਹਿਲਾ ਖ਼ਾਲਸਾ ਰਾਜ ਸਥਾਪਿਤ ਕੀਤਾ ਤੇ ਫਿਰ ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ‘ਚ ਸਿੱਖ ਰਾਜ ਅੱਗੇ ਵਧਿਆ। ਬ੍ਰਾਹਮਣਾਂ ਤੇ ਡੋਗਰਿਆਂ ਦੀਆਂ ਗ਼ੱਦਾਰੀਆਂ ਕਰਕੇ ੨੯ ਮਾਰਚ ੧੮੪੯ ਨੂੰ ਪੰਜਾਬ ਉੱਤੇ ਅੰਗਰੇਜ਼ ਕਾਬਜ ਹੋ ਗਿਆ ਤੇ ਸਿੱਖ ਆਪਣਾ ਖੁੱਸਿਆ ਰਾਜ-ਭਾਗ ਮੁੜ ਪ੍ਰਾਪਤ ਕਰਨ ਲਈ ਲਗਾਤਾਰ ਸੰਘਰਸ਼ ਕਰਦੇ ਰਹੇ ਤੇ ੧੩੭ ਸਾਲਾਂ ਬਾਅਦ ੨੯ ਅਪ੍ਰੈਲ ੧੯੮੬ ਨੂੰ ਐਲਾਨੀਆਂ ਤੌਰ ‘ਤੇ ਖ਼ਾਲਸੇ ਨੇ ਆਪਣੀ ਬਾਦਸ਼ਾਹਤ ਭਾਵ ਖ਼ਾਲਿਸਤਾਨ ਦਾ ਐਲਾਨ ਕਰਕੇ ਨਵੇਂ ਸਿਰਿਓਂ ਲਾਮਬੰਦੀ ਕੀਤੀ।
ਇਸ ਤੋਂ ਪਹਿਲਾਂ ੧੯੪੭ ਦੀ ਭਾਰਤ-ਪਾਕਿ ਵੰਡ ਮੌਕੇ ਸਿੱਖਾਂ ਨੇ ਹਿੰਦੂਆਂ ਨਾਲ਼ ਆਪਣਾ ਘਰ ਇਸ ਸੋਚ ਅਤੇ ਵਿਸ਼ਵਾਸ ਨਾਲ਼ ਸਾਂਝਾ ਕੀਤਾ ਕਿ ‘ਸਿੱਖ ਰਾਜ-ਸੱਤਾ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ।’ ਪਰ ੨੬ ਜਨਵਰੀ ੧੯੫੦ ਨੂੰ ਲਾਗੂ ਹੋਏ ਸੰਵਿਧਾਨ ਨੇ ਸਿੱਖ ਆਸਾਂ ‘ਤੇ ਪਾਣੀ ਫੇਰ ਦਿੱਤਾ। ਕੌਮ ਨੂੰ ਕੁਝ ਵਰ੍ਹਿਆ ‘ਚ ਹੀ ਅਹਿਸਾਸ ਹੋ ਗਿਆ ਕਿ ਉਹ ਗੋਰਿਆਂ ਦੀ ਗ਼ੁਲਾਮੀ ਤੋਂ ਬਾਅਦ ਕਾਲ਼ਿਆਂ ਦੀ ਗ਼ੁਲਾਮੀ ‘ਚ ਜਕੜੀ ਗਈ ਹੈ। ਸਿੱਖਾਂ ਦੇ ਧਰਮ, ਇਤਿਹਾਸ, ਬੋਲੀ, ਸੱਭਿਆਚਾਰ ਤੇ ਰਵਾਇਤਾਂ ਨੂੰ ਮਲੀਆਮੇਟ ਕਰਨ ਲਈ ਬ੍ਰਾਹਮਣੀ ਹਕੂਮਤ ਨੇ ਕਈ ਚਾਲਾਂ ਚੱਲੀਆਂ।
ਜਦ ੧੯੭੮ ਦਾ ਸਾਕਾ ਵਾਪਰਿਆ ਤਾਂ ਸਿੱਖਾਂ ‘ਚ ਨਵੀਂ ਕ੍ਰਾਂਤੀ ਪੈਦਾ ਹੋਈ ਜਿਸ ਨੇ ਅਜੋਕੇ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹ ਦਿੱਤਾ ਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਕੌਮ ਦੀ ਵਾਂਗਡੋਰ ਸੰਭਾਲ ਲਈ। ਸੰਤ ਭਿੰਡਰਾਂਵਾਲ਼ਿਆਂ ਨੇ ਸਿੱਖੀ ਦਾ ਪ੍ਰਚਾਰ ਐਨਾ ਗੱਜ-ਵੱਜ ਕੇ ਕੀਤਾ ਕਿ ਸਿੱਖ ਨੌਜਵਾਨ ਸੀਸ ਤਲ਼ੀ ‘ਤੇ ਧਰ ਕੇ ਜੂਝਣ ਲਈ ਤਿਆਰ-ਬਰ-ਤਿਆਰ ਹੋ ਗਏ। ਦੁਸ਼ਮਣ ਸਫ਼ਾਂ ‘ਚ ਹਾਹਕਾਰ ਮੱਚ ਗਈ।
੧੯ ਜੁਲਾਈ ੧੯੮੨ ਨੂੰ ਜਦ ਸ੍ਰੀ ਅੰਮ੍ਰਿਤਸਰ ਵਿਖੇ ਮੋਰਚਾ ਲੱਗਿਆ ਤਾਂ ਉਸ ਮੋਰਚੇ ਨੂੰ ੪ ਅਗਸਤ ਨੂੰ ਅਕਾਲੀ ਦਲ ਨੇ ਵੀ ਸਾਂਝੇ ਰੂਪ ‘ਚ ਅਪਣਾ ਲਿਆ। ੧੯੮੪ ਤੱਕ ਧਰਮ ਯੁੱਧ ਮੋਰਚਾ ਪੂਰਾ ਸਿਖ਼ਰਾਂ ‘ਤੇ ਪਹੁੰਚ ਚੁੱਕਾ ਸੀ। ਇਸ ਦੌਰਾਨ ਦੋ ਲੱਖ ਤੋਂ ਵੱਧ ਸਿੱਖ ਗ੍ਰਿਫਤਾਰੀਆਂ ਦੇ ਚੁੱਕੇ ਸਨ ਤੇ ੨੦੦ ਤੋਂ ਵੱਧ ਸਿੰਘ ਸ਼ਹਾਦਤਾਂ ਦੇ ਜਾਮ ਪੀ ਗਏ ਸਨ। ਹਿੰਦੁਸਤਾਨ ਦੀ ਸਰਕਾਰ ਕੋਲ ਕੇਵਲ ਦੋ ਹੀ ਰਾਹ ਬਚੇ ਸਨ ਕਿ ਜਾਂ ਤਾਂ ਸਿੱਖਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਜਾਂ ਮੋਰਚੇ ਨੂੰ ਕੁਚਲ ਦਿੱਤਾ ਜਾਵੇ।
ਸੋ ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸਿੱਖਾਂ ਨੂੰ ਹਮੇਸ਼ਾ ਵਾਸਤੇ ਗ਼ੁਲਾਮ ਬਣਾਉਣ ਲਈ ਤੇ ਸਿੱਖਾਂ ਦੇ ਮਨਾਂ ‘ਚ ਹਿੰਦ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਅਤੇ ਕੌਮ ਦੇ ਸਵੈ-ਅਭਿਮਾਨ ਤੇ ਸ਼ਕਤੀ ਨੂੰ ਦਰੜਨ ਲਈ ਹਿੰਦੁਸਤਾਨ ਦੀ ਇੱਕ ਲੱਖ ਫ਼ੌਜ ਨੇ ਗੁਰੂ ਨਗਰੀ ਨੂੰ ਘੇਰਾ ਪਾ ਲਿਆ ਤੇ ੪ ਜੂਨ ੧੯੮੪ ਨੂੰ ਅੰਮ੍ਰਿਤ ਵੇਲ਼ੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਬਣ ਕੇ ਆਈਆਂ ਭਾਰਤੀ ਫ਼ੌਜਾਂ ਨੂੰ ਸਬਕ ਸਿਖਾਉਣ ਲਈ ਮੁੱਠੀ-ਭਰ ਸਿੱਖ ਯੋਧਿਆਂ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ ਅਤੇ ਜਨਰਲ ਸ਼ਾਬੇਗ ਸਿੰਘ ਦੀ ਕਮਾਂਡ ਹੇਠ ਵਿਲੱਖਣ ਜੰਗ ਲੜੀ ਤੇ ਸ਼ਹਾਦਤਾਂ ਦੇ ਜਾਮ ਪੀਤੇ। ਹਿੰਦੂ ਸਾਮਰਾਜ ਨੇ ਟੈਂਕਾਂ-ਤੋਪਾਂ, ਮਸ਼ੀਨਗੰਨਾਂ ਤੇ ਜਹਾਜਾਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਦੀ ਬੇਅਦਬੀ ਕੀਤੀ, ਤੋਸ਼ਾਖਾਨਾ ਸਾੜ ਦਿੱਤਾ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਲੁੱਟ ਲਈ, ਸਿੱਖ ਸੰਗਤਾਂ ਨੂੰ ਤਸੀਹੇ ਦੇ ਕੇ ਗੋਲ਼ੀਆਂ ਨਾਲ਼ ਭੁੰਨ ਦਿੱਤਾ। ਸਰਕਾਰ ਨੇ ਦਰਬਾਰ ਸਾਹਿਬ ‘ਤੇ ਹਮਲੇ ਮਗਰੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ‘ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ। ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰਾਂ ਸੂਬਿਆਂ ‘ਚ ਨਿਰਦੋਸ਼ੇ ਸਿੱਖਾਂ ਦੇ ਗਲ਼ਾਂ ‘ਚ ਟਾਇਰ ਪਾ ਕੇ ਅੱਗਾਂ ਲਾਈਆਂ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ ‘ਚ ਪਾਪ ਹੋ ਗਿਆ।
ਜੂਨ ੧੯੮੪ ਦੇ ਘੱਲੂਘਾਰੇ ਤੋਂ ਪਹਿਲਾਂ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਕੌਮ ਦਾ ਨਿਸ਼ਾਨਾ ਮਿੱਥਦੇ ਹੋਏ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਈ ਵਾਰ ਕਹਿ ਚੁੱਕੇ ਸਨ ਕਿ “ਜੇ ਦਰਬਾਰ ਸਾਹਿਬ ‘ਤੇ ਹਮਲਾ ਹੋਇਆ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।” ਭਾਵ ਕਿ ਇਸ ਤੋਂ ਬਾਅਦ ਸੰਘਰਸ਼ ਅਨੰਦਪੁਰ ਦੇ ਮਤੇ ਜਾਂ ਵੱਧ ਅਧਿਕਾਰਾਂ ਦੀ ਪ੍ਰਾਪਤੀ ਲਈ ਨਹੀਂ ਬਲਕਿ ਇੱਕ ਵੱਖਰੇ ਦੇਸ਼ ਖ਼ਾਲਿਸਤਾਨ ਦੀ ਸਿਰਜਣਾ ਲਈ ਹੋਵੇਗਾ। ਇਸ ਤੋਂ ਪਹਿਲਾਂ ਬੱਬਰ ਖ਼ਾਲਸਾ, ਦਲ ਖ਼ਾਲਸਾ ਤੇ ਭਾਈ ਜਗਜੀਤ ਸਿੰਘ ਚੌਹਾਨ ਜਿਹੇ ਗੁਰਸਿੱਖ ਵੀ ਖ਼ਾਲਿਸਤਾਨ ਲਈ ਆਵਾਜ਼ ਬੁਲੰਦ ਕਰਦੇ ਰਹੇ ਸਨ। ਪਰ ਜੂਨ ੧੯੮੪ ਦੇ ਘੱਲੂਘਾਰੇ ਨੇ ਤਾਂ ਭਾਰਤ ਅਤੇ ਸਿੱਖਾਂ ਵਿਚਾਲ਼ੇ ਇੱਕ ਮਜ਼ਬੂਤ ਅਤੇ ਨਾ-ਮਿਟਣ ਵਾਲ਼ੀ ਲਕੀਰ ਖਿੱਚ ਦਿੱਤੀ ਜਿਸ ਨਾਲ਼ ਖ਼ਾਲਿਸਤਾਨ ਦੇ ਸੰਘਰਸ਼ ਨੂੰ ਵਧੇਰੇ ਬਲ਼ ਮਿਲ਼ਿਆ।
੨੬ ਜਨਵਰੀ ੧੯੮੬ ਨੂੰ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੱਦੇ ‘ਤੇ ਸਰਕਾਰ ਦੀਆਂ ਰੋਕਾਂ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਰਬੱਤ ਖ਼ਾਲਸਾ ਦਾ ਇਕੱਠ ਹੋਇਆ ਤੇ ਸਿੱਖ ਕੌਮ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਮਤੇ ਪਾਸ ਕੀਤੇ ਗਏ ਅਤੇ ਸਰਬੱਤ ਖ਼ਾਲਸਾ ‘ਚ ਖ਼ਾਲਸਾ ਪੰਥ ਨੂੰ ਧਾਰਮਿਕ ਅਤੇ ਰਾਜਸੀ ਸੇਧ ਦੇਣ ਲਈ ਪੰਜ ਮੈਂਬਰੀ ਪੰਥਕ ਕਮੇਟੀ ਥਾਪੀ ਗਈ। ਪੰਥਕ ਕਮੇਟੀ ਦੇ ਆਗੂਆਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ (ਸ਼ਹੀਦ), ਭਾਈ ਗੁਰਦੇਵ ਸਿੰਘ ਉਸਮਾਨਵਾਲ਼ਾ (ਸ਼ਹੀਦ), ਗਿਆਨੀ ਅਰੂੜ ਸਿੰਘ (ਸ਼ਹੀਦ), ਭਾਈ ਧੰਨਾ ਸਿੰਘ ਅਤੇ ਭਾਈ ਵੱਸਣ ਸਿੰਘ ਜਫ਼ਰਵਾਲ ਨੇ ਗੁਰਮਤਿ ਦੀ ਰੌਸ਼ਨੀ ਅਤੇ ਇਤਿਹਾਸਕ ਪ੍ਰੰਪਰਾਵਾਂ ਅਨੁਸਾਰ ਇਤਿਹਾਸਕ ਫ਼ੈਸਲਾ ਲੈਂਦਿਆਂ ਅਤੇ ਸਿੱਖ ਜਜ਼ਬਾਤਾਂ ਦੀ ਤਰਜ਼ਮਾਨੀ ਅਤੇ ਸੰਤ ਭਿੰਡਰਾਂਵਾਲ਼ਿਆਂ ਦੇ ਬਚਨਾਂ ਦੀ ਪ੍ਰੋੜਤਾ ਕਰਦਿਆਂ ਅਤੇ ਮੋਹਰ ਲਾਉਂਦਿਆਂ ੨੯ ਅਪ੍ਰੈਲ ੧੯੮੬ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ‘ਖ਼ਾਲਿਸਤਾਨ’ ਦਾ ਐਲਾਨ ਕਰ ਦਿੱਤਾ ਅਤੇ ਖ਼ਾਲਿਸਤਾਨ ਦੀ ਅਜ਼ਾਦੀ ਅਤੇ ਰਾਖੀ ਲਈ ਹਥਿਆਰਬੰਦ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਜੁਝਾਰੂ ਜਥੇਬੰਦੀ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਮੁਖੀ ਜਨਰਲ ਹਰੀ ਸਿੰਘ ਉਰਫ ਭਾਈ ਮਨਬੀਰ ਸਿੰਘ ਚਹੇੜੂ ਨੂੰ ਖ਼ਾਲਿਸਤਾਨ ਦੀ ਫ਼ੌਜ ਦਾ ਮੁਖੀ ਥਾਪ ਦਿੱਤਾ।
ਖ਼ਾਲਿਸਤਾਨ ਦੇ ਐਲਾਨਨਾਮੇ ਤੋਂ ਉਪਰੰਤ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ ‘ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ, ਇੱਜ਼ਤ, ਸਵੈਮਾਣ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ। ਖ਼ਾਲਿਸਤਾਨ ਕਮਾਂਡੋ ਫ਼ੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ, ਦੁਸ਼ਟ ਸੋਧ ਕਮਾਂਡੋ ਫ਼ੋਰਸ ਆਦਿ ਜੁਝਾਰੂ ਜਥੇਬੰਦੀਆਂ ਹੋਂਦ ‘ਚ ਆਈਆਂ ਤੇ ਦਮਦਮੀ ਟਕਸਾਲ, ਬੱਬਰ ਖ਼ਾਲਸਾ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਤੇ ਹੋਰਾਂ ਸਿੱਖ ਜੁਝਾਰੂਆਂ ਦੀ ਲਲਕਾਰ ਉੱਠੀ। ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਨ੍ਹਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ।
ਖ਼ਾਲਿਸਤਾਨ ਦਾ ਸੰਘਰਸ਼ ਬੁਲੰਦੀਆਂ ਨੂੰ ਛੂਹਣ ਲਗ ਪਿਆ। ਸਿੱਖ ਜੁਝਾਰੂਆਂ ਨੇ ਪੰਜਾਬ ਦੀ ਧਰਤੀ ‘ਤੇ ਖ਼ਾਲਸਾਈ ਜਾਹੋ-ਜਲਾਲ ਪ੍ਰਚੰਡ ਕਰ ਦਿੱਤਾ। ਖ਼ਾਲਿਸਤਾਨੀ ਜੁਝਾਰੂਆਂ ਨੇ ਹਿੰਦੁਸਤਾਨ ਦੀ ਫ਼ੌਜ ਅਤੇ ਸਰਕਾਰ ਦੇ ਨੱਕ ‘ਚ ਦਮ ਕਰ ਦਿੱਤਾ ਭਾਂਵੇਂ ਕਿ ਸਿੱਖ ਜੁਝਾਰੂਆਂ ਦੇ ਕੋਲ ਕੋਈ ਟੈਂਕ-ਤੋਪ, ਕਿਲ੍ਹਾ, ਗੜ੍ਹੀ, ਫ਼ੌਜ, ਟਰੇਨਿੰਗ ਜਾਂ ਆਧੁਨਿਕ ਕਿਸਮ ਦੇ ਵੱਡੀ ਮਾਰ ਕਰਨ ਵਾਲ਼ੇ ਹਥਿਆਰ ਨਹੀਂ ਸਨ ਪਰ ਫਿਰ ਵੀ ਵਾਹਿਗੁਰੂ ਦੀ ਬਖਸ਼ਿਸ ਅਤੇ ਖੰਡੇ-ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਸਦਕਾ ਸੰਸਾਰ ਦੀ ਚੌਥੀ ਤਾਕਤਵਰ ਭਾਰਤੀ ਫ਼ੌਜ ਨਾਲ਼ ਟੱਕਰ ਲੈ ਲਈ ਤੇ ਪੁਰਾਤਨ ਸਿੰਘਾਂ ਵਾਂਗ ਸਿੱਖ ਕੌਮ ਦਾ ਮਾਣਮੱਤਾ ਇਤਿਹਾਸ ਸਿਰਜ ਦਿੱਤਾ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਵਾਰਸ ਹੋਣ ਦਾ ਪ੍ਰਤੱਖ ਸਬੂਤ ਵਿਖਾਇਆ।
੧੯੮੯ ਦੀਆਂ ਲੋਕ ਸਭਾ ਚੋਣਾਂ ‘ਚ ਖ਼ਾਲਿਸਤਾਨੀ ਸੰਘਰਸ਼ ਦੀ ਸਭ ਤੋਂ ਵੱਡੀ ਜਿੱਤ ਹੋਈ। ਹਿੰਦੁਸਤਾਨ ਦੀ ਸਰਕਾਰ ਜਾਣ ਚੁੱਕੀ ਸੀ ਕਿ ਹੁਣ ਖ਼ਾਲਿਸਤਾਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਸਰਕਾਰ ਨੇ ਜੁਝਾਰੂ-ਜਰਨੈਲਾਂ ਨੂੰ ਫੜਨ ਲਈ ਪੂਰੀ ਤਾਕਤ ਝੋਕ ਦਿੱਤੀ। ਪੁਲੀਸ ਅਤੇ ਸੀ.ਆਰ.ਪੀ. ਦੀਆਂ ਤਾਕਤਾਂ ਹੋਰ ਵਧਾ ਦਿੱਤੀਆਂ, ਕੈਟ ਟੋਲਿਆਂ ਨੂੰ ਸਰਗਰਮ ਕੀਤਾ ਗਿਆ। ਲੋਕਾਂ ਨੂੰ ਲਾਲਚ, ਡਰਾਵੇ ਦਿੱਤੇ ਤੇ ਬੇ-ਤਹਾਸ਼ਾ ਤਸ਼ੱਦਦ ਕੀਤੇ ਗਏ। ਖ਼ਾਲਿਸਤਾਨੀ ਦੇ ਹਥਿਆਰਬੰਦ ਸੰਘਰਸ਼ ਨੂੰ ਖ਼ਤਮ ਕਰਨ ਲਈ ਸਾਮ, ਦਾਮ, ਦੰਡ, ਭੇਦ ਹਰ ਤਰੀਕਾ ਅਪਣਾ ਗਿਆ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ। ਆਖ਼ਰ ੧੯੯੨-੯੩ ਤੱਕ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਲੜਾਈ ਲੜਦੇ ਹੋਏ ਕੌਮ ਦੇ ਜੁਝਾਰੂ-ਜਰਨੈਲ ਸ਼ਹੀਦੀਆਂ ਪਾ ਗਏ ਤੇ ਮਗਰੋਂ ਖ਼ਾਲਿਸਤਾਨ ਦੇ ਸੰਘਰਸ਼ ‘ਚ ਵੱਡੀ ਖੜੋਤ ਆ ਗਈ ਪਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਰਕਾਰ ਸਿੱਖਾਂ ਦੇ ਦਿਲ ਅਤੇ ਜ਼ੁਬਾਨ ‘ਚੋਂ ਖ਼ਾਲਿਸਤਾਨ ਕੱਢ ਨਾ ਸਕੀ। ਖ਼ਾਲਿਸਤਾਨ ਸ਼ਬਦ ਸਿੱਖ ਕੌਮ ਦੇ ਧੁਰ ਅੰਦਰ ਤੱਕ ਸਮਾਅ ਚੁੱਕਾ ਹੈ ਜਿਸਨੂੰ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ।
ਸਾਨੂੰ ਪਤਾ ਹੈ ਕਿ ਖ਼ਾਲਿਸਤਾਨ ਦੇ ਸਫ਼ਰ ਵਿੱਚ ਹਜ਼ਾਰਾਂ ਮੋੜ-ਘੋੜ ਆਉਣਗੇ। ਮੰਜ਼ਿਲ ਤੋਂ ਪਹਿਲਾਂ ਹਜ਼ਾਰਾਂ ‘ਦਮਦਮੇ’ ਆਉਣਗੇ, ਜਿੱਥੇ ਗੁਰਾਂ ਦਾ ਖ਼ਾਲਸਾ ਤਾਜ਼ੇ ਦਮ ਹੋ ਕੇ ਨਵੇਂ ਹੌਸਲੇ ਨਾਲ਼ ਫੇਰ ਨਿੱਤਰੇਗਾ। ਖ਼ਾਲਸਾ, ਸੰਘਰਸ਼ ਦੀ ਬੁਲੰਦੀ ਤੇ ਸੰਘਰਸ਼ ਵਿੱਚ ਖੜੋਤ ਨੂੰ ਗੁਰਾਂ ਦੇ ਹੁਕਮ ਵਿੱਚ ਆਏ ਵਕਤੀ ਵਰਤਾਰੇ ਮੰਨਦਾ ਹੈ। ਗੁਰਾਂ ਦਾ ਖ਼ਾਲਸਾ ਜਾਣਦਾ ਹੈ ਕਿ ਇਹੋ ਜਿਹੀਆਂ ਬੇਅੰਤ ਬੁਲੰਦੀਆਂ ਤੇ ਬੇਅੰਤ ਨਿਵਾਣਾਂ ਤੇ ਖੜੋਤਾਂ ਦੇ ਦੌਰ ਲੰਘਣ ਮਗਰੋਂ ਹੀ ਸਦੀਵੀ ਅਜ਼ਾਦੀ ਦਾ ਫਲ਼ ਹਾਸਲ ਹੋਣਾ ਹੈ। ਸਾਨੂੰ ਪੱਕੀ ਤਰ੍ਹਾਂ ਪਤਾ ਹੈ ਕਿ ਖ਼ਾਲਿਸਤਾਨ ਹੋਂਦ ਵਿੱਚ ਆਉਣ ਤੋਂ ਪਹਿਲਾਂ, ਸਾਡੀ ਫ਼ਤਹਿ ਹੋਣ ਤੋਂ ਪਹਿਲਾਂ, ਅਸੀਂ ਦੁਨੀਆਂ ਨੂੰ ਕਈ ਵਾਰ ਹਾਰੇ ਹੋਏ ਲੱਗਾਂਗੇ। ਕਈ ਵਾਰ ਭਰਮ ਪਵੇਗਾ ਕਿ ਖ਼ਾਲਿਸਤਾਨ ਦੀ ਗੱਲ ਮੁੱਕ ਗਈ ਹੈ। ਕਈ ਵਾਰ ਦਾਅਵੇ ਹੋਣਗੇ ਕਿ ਹੁਣ ਸਿੱਖਾਂ ਵਿੱਚ ਖ਼ਾਲਿਸਤਾਨ ਦਾ ਕੋਈ ਨਾਂ ਲੈਣ ਨੂੰ ਤਿਆਰ ਨਹੀਂ। ਪਰ ਹਰ ਵਾਰ ਸਾਰੇ ਦਾਅਵੇ ਝੂਠੇ ਨਿਕਲ਼ਣਗੇ। ਜਿਹੜੇ ਸਮਝਦੇ ਨੇ ਕਿ ਖ਼ਾਲਿਸਤਾਨੀ ਸੋਚ ਵਾਲ਼ਿਆਂ ਨੂੰ ਮਾਰਨ ਨਾਲ਼, ਖ਼ਾਲਿਸਤਾਨੀ ਬੰਦੂਕਾਂ ਸ਼ਾਂਤ ਕਰਨ ਨਾਲ਼, ਖ਼ਾਲਿਸਤਾਨੀਆਂ ਨੂੰ ਬਦਨਾਮ ਕਰਨ ਨਾਲ਼, ਖ਼ਾਲਿਸਤਾਨੀਆਂ ਖ਼ਿਲਾਫ਼ ਮਹੌਲ ਸਿਰਜਣ ਨਾਲ਼ ਖ਼ਾਲਿਸਤਾਨ ਦਾ ਸੰਕਲਪ ਮਰ ਮੁੱਕ ਜਾਊ, ਉਹ ਆਪਣੇ ਖ਼ਰਚੇ ਹੋਏ ਸਰਮਾਏ ਅਤੇ ਸਾਧਨਾਂ ਨੂੰ ਮਿੱਟੀ ਹੋਇਆ ਵੇਖ ਕੇ ਹਰ ਵਾਰ ਕਹਿਣਗੇ ਕਿ ਸਮਝ ਨਹੀਂ ਆਉਂਦੀ ਇਸ ਨਾਲ਼ ਕਿਵੇਂ ਨਜਿੱਠੀਏ! ਹਰ ਵਾਰ ਕੋਈ ਮਮੂਲੀ ਘਟਨਾ ਸਾਰੇ ਸਿੱਖਾਂ ਨੂੰ ਖ਼ਾਲਿਸਤਾਨ ਦੇ ਰਾਹ ਪਹਿਲਾਂ ਨਾਲ਼ੋਂ ਵੱਧ ਮਜ਼ਬੂਤ ਹੋ ਕੇ ਤੋਰਿਆ ਕਰੇਗੀ। ਹਰ ਵਾਰ ਕੋਈ ਨਵਾਂ ਆਗੂ ਸਾਮ੍ਹਣੇ ਆ ਕੇ ਅਗਵਾਈ ਲਈ ਆਪਾ ਵਾਰੇਗਾ। ਹਰ ਵਾਰ ਨਵੇਂ-ਨਵੇਂ ਸਿੱਖ ਸਾਮ੍ਹਣੇ ਆ ਕੇ ਦੁਸ਼ਮਣ ਨੂੰ ਵੰਗਾਰਨਗੇ। ਹਰ ਵਾਰ ਗੁਰਾਂ ਦਾ ਖ਼ਾਲਸਾ ਦੁਸ਼ਮਣ ਦੀ ਹਿੱਕ ‘ਤੇ ਚੜ੍ਹ ਕੇ ਨੱਚੇਗਾ, ਵੰਗਾਰੇਗਾ, ਮੌਤ ਨੂੰ ਮਾਰੇਗਾ, ਜ਼ਿੰਦਗੀ ਦਾ ਹੋਕਾ ਦੇਵੇਗਾ, ਸ਼ਹਾਦਤ ਦੇ ਸਫ਼ਰ ‘ਤੇ ਅੱਗੇ ਵਧੇਗਾ।
ਕੌਮ ਦਾ ਰਾਜਸੀ ਨਿਸ਼ਾਨਾ ‘ਖ਼ਾਲਿਸਤਾਨ’ ਮਿੱਥਿਆ ਜਾ ਚੁੱਕਾ ਹੈ ਜੋ ਸਾਡੇ ਧਾਰਮਿਕ ਸਿਧਾਂਤਾਂ ਨਾਲ ਜੁੜਿਆ ਹੈ। ਕੌਮ ਦੇ ਨਿਸ਼ਾਨੇ ਨੂੰ ਬਦਲਣਾ ਜਾਂ ਉਸ ਦਾ ਵਿਰੋਧ ਕਰਨਾ ਗੁਰੂ ਨੂੰ ਬੇਦਾਵਾ ਦੇਣ ਦੇ ਸਮਾਨ ਹੈ। ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਹਮੇਸ਼ਾਂ ਲਈ ਰੱਦ ਕਰ ਦਿੱਤਾ ਹੈ, ਜਿਸ ਨੇ ਸਾਡਾ ਸਰਵਉੱਚ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ‘ਤੇ ਲੰਡੂ ਵੰਡੇ ਤੇ ਭੰਗੜੇ ਪਾ ਕੇ ਖੁਸ਼ੀਆਂ ਮਨਾਈਆਂ ਸਨ। ਸਿੱਖ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਹਨ ਜਿੱਥੇ ਉਹ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਸਰ ਕਰ ਸਕਣ, ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ, ਜਿੱਥੇ ਉਹਨਾਂ ਦਾ ਧਰਮ ਪ੍ਰਫੁੱਲਤ ਹੋਵੇ, ਜਿੱਥੇ ਉਹਨਾਂ ਦੀ ਮਾਂ-ਬੋਲੀ ਨੂੰ ਕੋਈ ਛੁਟਿਆਉਣ ਦਾ ਯਤਨ ਨਾ ਕਰੇ। ਜਿੱਥੇ ਉਹਨਾਂ ਦੇ ਧਰਮ ਸਥਾਨਾਂ ਤੇ ਧਰਮ ਗ੍ਰੰਥਾਂ ‘ਤੇ ਹਮਲੇ ਕਰਨ ਦਾ ਕੋਈ ਹੀਆ ਨਾ ਕਰ ਸਕੇ, ਜਿੱਥੇ ਉਹਨਾਂ ਦੇ ਕੁਦਰਤੀ ਸ੍ਰੋਤਾਂ ਨੂੰ ਕੋਈ ਲੁੱਟ ਨਾ ਸਕੇ ਤੇ ਉਹਨਾਂ ਦੇ ਧਾਰਮਿਕ ਮਾਮਲਿਆਂ ‘ਚ ਕੋਈ ਦਖ਼ਲ-ਅੰਦਾਜੀ ਨਾ ਕਰ ਸਕੇ।
ਹੁਣ ਪੰਜਾਬ ਦੀ ਰਾਜਨੀਤੀ ‘ਚ ਚਾਹੇ ਕਿੰਨੀਆਂ ਵੀ ਤਬਦੀਲੀਆਂ ਆ ਜਾਣ, ਪਰ ਸਾਨੂੰ ਓਨਾ ਚਿਰ ਤਕ ਰੱਜ ਨਹੀਂ ਆਉਣਾ ਜਿੰਨਾ ਚਿਰ ਤਕ ਇਸ ਧਰਤੀ ‘ਤੇ ਖ਼ਾਲਸਾ ਰਾਜ (ਖ਼ਾਲਿਸਤਾਨ) ਕਾਇਮ ਨਹੀਂ ਹੋ ਜਾਂਦਾ। ਸਿੱਖਾਂ ਦੀ ਅਜ਼ਾਦੀ ਦੀ ਰੀਝ ਨੂੰ ਕੋਈ ਨਹੀਂ ਮਾਰ ਸਕਦਾ। ਅਸੀਂ ਆਪਣੇ ਆਖ਼ਰੀ ਸਾਹਾਂ ਤਕ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ, ਸਿੱਖਾਂ ਦੀ ਨਿਆਰੀ ਹੋਂਦ-ਹਸਤੀ ਦੀ ਰਾਖੀ, ਸਿੱਖੀ ਸਵੈਮਾਣ, ਚੜ੍ਹਦੀ ਕਲਾ ਅਤੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ। ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪੂਰੀ ਦੁਨੀਆਂ ‘ਚ ਫੈਲੇਗੀ ਤਾਂ ਸਾਰਾ ਸੰਸਾਰ ਸੁਖੀ ਵਸੇਗਾ। ਆਖ਼ਰ ਦਸਮੇਸ਼ ਪਿਤਾ ਦਾ ਖ਼ਾਲਸਾ ਹੀ ਸਮੇਂ ਦੀਆਂ ਹਕੂਮਤਾਂ ਵੱਲੋਂ ਸਤਾਏ ਨਿਮਾਣਿਆਂ, ਨਿਤਾਣਿਆਂ ਤੇ ਲਤਾੜੇ ਹੋਏ ਲੋਕਾਂ ਦਾ ਸਹਾਰਾ ਬਣੇਗਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਆਦਿ ਜਥੇਬੰਦੀਆਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਲਗਾਤਾਰ ਸੰਘਰਸ਼ਸ਼ੀਲ ਹਨ ਤੇ ਵਿਦੇਸ਼ਾਂ ਵਿੱਚ ਤਾਂ ਖ਼ਾਲਿਸਤਾਨੀ ਸੰਘਰਸ਼ ਦੀਆਂ ਸਰਗਰਮੀਆਂ ਪੂਰੇ ਜ਼ੋਬਨ ‘ਤੇ ਹਨ।
ਖ਼ਾਲਿਸਤਾਨ ਦੇ ਐਲਾਨਨਾਮੇ ਵਾਲ਼ੇ ਦਿਨ ਉਹਨਾਂ ਧਰਮੀ ਲੋਕਾਂ ਨੂੰ ਸਾਡਾ ਪ੍ਰਣਾਮ ਹੈ ਜਿਨ੍ਹਾਂ ਨੇ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ‘ਚ ਕਿਸੇ ਤਰ੍ਹਾਂ ਵੀ ਹਿੱਸਾ ਪਾਇਆ ਤੇ ਪਾ ਰਹੇ ਹਨ। ਉਹਨਾਂ ਜੁਝਾਰੂ ਸਿੰਘਾਂ-ਸਿੰਘਣੀਆਂ ਦੇ ਚਰਨਾਂ ‘ਚ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ‘ਚ ਅਹਿਮ ਯੋਗਦਾਨ ਪਾਉਂਦਿਆਂ ਆਪਣੀ ਜ਼ਿੰਦ-ਜਾਨ ਕੌਮ ਦੇ ਲੇਖੇ ਲਾ ਦਿੱਤੀ। ਉਹਨਾਂ ਨੂੰ ਪ੍ਰਣਾਮ ਜੋ ਸੰਘਰਸ਼ ਵਿੱਚ ਹਿੱਸਾ ਪਾਉਂਦੇ ਜੇਲ੍ਹਾਂ ‘ਚ ਡੱਕੇ ਗਏ ਹਨ, ਉਹਨਾਂ ਨੂੰ ਪ੍ਰਣਾਮ ਜੋ ਜਲਾਵਤਨੀ ਕੱਟ ਰਹੇ ਹਨ, ਉਹਨਾਂ ਨੂੰ ਪ੍ਰਣਾਮ ਜੋ ਅੱਜ ਵੀ ਖ਼ਾਲਿਸਤਾਨ ਦੇ ਸੰਘਰਸ਼ ਨਾਲ਼ ਜੁੜੇ ਹੋਏ ਹਨ। ਇਹ ਜੰਗ ਓਦੋਂ ਤਕ ਜਾਰੀ ਰਹੇਗੀ ਜਦੋਂ ਤਕ ਅਸੀਂ ਜਿੱਤ ਨਹੀਂ ਜਾਂਦੇ ਤੇ ਸਾਨੂੰ ਪਤਾ ਹੈ ਕਿ ਇੱਕ ਦਿਨ ਸਾਡੀ ਜਿੱਤ ਜਰੂਰ ਹੋਣੀ ਹੈ ‘ਰਾਜ ਕਰੇਗਾ ਖ਼ਾਲਸਾ ਆਕੀ ਰਹੈ ਨਾ ਕੋਇ।’
ਜਲਾਵਤਨੀ ਖ਼ਾਲਿਸਤਾਨੀ ਆਗੂ ਭਾਈ ਗਜਿੰਦਰ ਸਿੰਘ ਹਾਈਜੈਕਰ ਦੀਆਂ ਲਿਖੀਆਂ ਇਹ ਸਤਰਾਂ ਸਾਡਾ ਹੋਰ ਵੀ ਹੌਸਲਾ ਅਤੇ ਉਤਸ਼ਾਹ ਵਧਾਉਂਦੀਆਂ ਹਨ ਕਿ “ਐ ਦਸਮੇਸ਼ ਪਿਤਾ! ਤੇਰੇ ਝੰਡੇ ਦੀ ਥਾਂਵੇਂ ਝੂਲਦੇ ਨੇ ਝੰਡੇ ਅੱਜ ਜਿਹੜੇ, ਅਸੀਂ ਲਾਹਵਾਂਗੇ, ਸਮੁੰਦਰਾਂ ‘ਚ ਰੋੜ੍ਹਾਂਗੇ। ਤੇਰੇ ਹੁਕਮਾਂ ਦੀ ਵੇਖੀਂ ਇੱਥੇ ਰਾਜ ਹੋਵੇਗਾ, ਤੇ ਤੇਰੀ ਲਹੂ ‘ਚ ਲਿਬੜੀ ਕੌਮ ਦੇ ਸਿਰ ਤਾਜ ਹੋਵੇਗਾ।”
– ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883 #SYFB
Author: Gurbhej Singh Anandpuri
ਮੁੱਖ ਸੰਪਾਦਕ