ਇਸ ਚ ਕਿਹੜਾ ਕੋਈ ਛੱਕ ਹੈ, ਕਿ ਝੋਨੇ ਦੀ ਫਸਲ ਜ਼ਮੀਨ ਨੂੰ ਬੰਜਰ ਬਣਾ ਰਹੀ ਹੈ। ਧਰਤੀ ਦੀ ਕੁੱਖ ਦਿਨੋਂ-ਦਿਨ ਸੁੱਕਦੀ ਜਾ ਰਹੀ ਹੈ। ਆਉਣ ਵਾਲੇ ਕੁਝ ਸਮੇਂ ਤੱਕ ਹੀ ਤੁਸੀਂ ਪੀਣ ਵਾਲੇ ਪਾਣੀ ਤੋਂ ਵੀ ਜਾਵੋਗੇ, ਇਹ ਕੰਧ ਤੇ ਲਿਖਿਆ ਸੱਚ ਪੜ ਲਵੋ।
ਸਾਨੂੰ ਦੋ ਦਹਾਕੇ ਪਹਿਲਾ ਬਾਦਲ ਸਰਕਾਰ ਵੱਲੋਂ ਮੋਟਰਾਂ ਨੂੰ ਮਿਲੀ ਮੁਫ਼ਤ ਬਿਜਲੀ ਪਿੱਛੇ ਕੇਂਦਰ ਦੀ ਡੂੰਗੀ ਸ਼ਾਜਿਸ਼ ਦਾ ਪਤਾ ਹੀ ਨਹੀਂ ਲੱਗਾ। ਅਸੀਂ ਝੱਟ ਆਪਣੇ ਬੋਰ ੧੦੦ ਫੁੱਟ ਤੋਂ ੨੦੦ ਤੇ ੩੦੦ ਫੁੱਟ ਕਰਵਾ ਲਏ। ਇਹ ਕੋਈ ਮਾੜੀ ਗੱਲ ਨਹੀਂ ਸੀ। ਮਾੜੀ ਇਹ ਹੋਈ ਕਿ ਅਸੀਂ ਧਰਤੀ ਹੇਠਲੇ ਪਾਣੀ ਤੇ ਆਪਣੀ ਨਿਰਭਰਤਾ ਬਣਾ ਲਈ ਅਤੇ ਨਹਿਰੀ ਸੂਏ ਆਲੇ ਪਾਣੀ ਤੇ ਆਪਣਾ ਦਾਅਵਾ ਛੱਡ ਦਿੱਤਾ।
ਦੂਜੇ ਬੰਨੇ ਸਰਕਾਰ ਨੇ ਅੰਦਰਖਾਤੇ ਸਾਡੇ ਕੁਦਰਤੀ ਸ੍ਰੋਤਾ ਨੂੰ ਲੁੱਟ ਲਿਆ ਤੇ ਸਾਨੂੰ ਮਹਿਸੂਸ ਵੀ ਨਹੀਂ ਹੋਇਆ ਕਿ ਅਸੀਂ ਬਰਬਾਦ ਹੋ ਗਏ ਹਾਂ॥
ਨਹਿਰੀ ਪਾਣੀ ਦੀ ਲੁੱਟ ਜਿਸ ਵੇਲੇ ਚਰਮ ਤੇ ਸੀ, ਉਸ ਸਮੇਂ ਅਸੀਂ ਵੀ ਆਪਣੇ ਸਵਾਰਥ ਮੁੱਖ ਰੱਖੇ। ਕੁਝ ਜ਼ਮੀਨ ਖ਼ਾਤਰ ਪਹਿਲਾ ਆਪਣੀ ਜ਼ਮੀਨ ਦੇ ਪਾਸਿਓਂ ਸਕੀਮੀ ਖਾਲ ਵੱਡੇ ਕਈ ਥਾਈਂ ਤਾਂ ਸੂਇਆਂ ਦਾ ਵਾ ਭੋਗ ਪਾ ਦਿੱਤਾ, ਕਿ ਨਾ ਰਹੇ ਬਾਂਸ ਨਾ ਵੱਜੇ ਬਾਂਸਰੀ । ਜਦ ਖਾਲ ਹੀ ਨਹੀਂ ਰਹਿਣਗੇ, ਫੇਰ ਪਾਣੀ ਕੌਣ ਮੰਗੂ। ਹੌਲੀ ਹੌਲੀ ਸਾਡਾ ਨਹਿਰੀ ਪਾਣੀ ਤੇ ਦਾਅਵਾ ਹੀ ਮੁੱਕ ਗਿਆ।
ਅੱਜ ਜਦੋਂ ਸਾਡੇ ਕੋਲ ਨਹਿਰੀ ਪਾਣੀ ਦਾ ਖੁਰਾ ਖੋਜ ਵੀ ਨਹੀਂ ਬੱਚਿਆਂ, ਹੁਣ ਕੇਂਦਰ ਵੀ ਆਨੇ ਟੱਡਦਾ ਕਿ ਕਿਸਾਨਾਂ ਨੂੰ ਮਿਲ ਰਹੀ ਮੁਫ਼ਤ ਬਿਜਲੀ ਤੁਰੰਤ ਬੰਦ ਹੋਵੇ।
ਇਹ ਇੱਕ ਕੇਂਦਰ ਨੇ ਵਿਛਾਈ ਬਿਸਾਤ ਸੀ, ਜਿਸ ਚ ਅਸੀਂ ਫਸੇ। ਅੱਜ ਨਹੀਂ ਤੇ ਕੱਲ, ਨਹੀਂ ਪਰਸੋਂ ਬਿਜਲੀ ਦੇ ਬਿੱਲ ਸਾਨੂੰ ਦੇਣੇ ਪੈਣੇ ਹਨ, ਤੇ ਨਹਿਰੀ ਪਾਣੀ ਦੀ ਬੂੰਦ ਵੀ ਸਾਡੇ ਖੇਤਾਂ ਤੱਕ ਨਹੀਂ ਪਹੁੰਚਣੀ। ਝੋਨਾ ਤਾਂ ਇੱਕ ਪਾਸੇ ਰਿਹਾ ਅਸੀਂ ਦਾਲਾਂ ਸਬਜ਼ੀਆਂ ਪੱਠਿਆਂ ਦੀ ਖੇਤੀ ਨੂੰ ਪਾਣੀ ਲਾਉਣ ਲਈ ਵੀ ਤਰਸਾਂਗੇ?
ਪੰਜਾਬ ਦਾ ਵੱਡਾ ਹਿੱਸਾ ਪਹਿਲਾ ਹੀ ਪਾਣੀ ਖੁੱਣੋ ਤ੍ਰਾਹ ਤ੍ਰਾਹ ਕਰ ਰਿਹਾ ਹੈ, ਬਾਕੀ ਰਹਿੰਦਾ ਵੀ ਖਤਮ ਹੋਣ ਕਿਨਾਰੇ ਹੈ।
ਅਸੀਂ ਖੇਤੀ ਕਾਨੂੰਨਾਂ ਤੇ ਇੱਕ ਵੱਡੀ ਜੰਗ ਲੜ ਕਿ ਹਟੇ ਹਾਂ, ਕਦੇ ਘਰੇ ਬੈਠ ਕਿ ਸੋਚਿਉ ਜਿਸ ਜ਼ਮੀਨ ਨੂੰ ਤੁਸੀਂ ਅਡਾਨੀ ਅੰਬਾਨੀ ਤੋਂ ਬਚਾਉਣ ਦੀ ਗੱਲ ਕਰਦੇ ਹੋ, ਤੁਸੀਂ ਉਨ੍ਹਾਂ ਦੇ ਆਪ ਤਰਲੇ ਲੈਣੇ ਹਨ, ਜਦੋਂ ਪਾਣੀ ਹੀ ਨਾ ਰਿਹਾ ਫੇਰ ਜ਼ਮੀਨ ਕਿਸ ਕੰਮ ਦੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਚ ਲੱਖਾ ਏਕੜ ਪਾਣੀ ਖੁਣੋ ਜ਼ਮੀਨ ਪਈ ਹੈ, ਉਸਦਾ ਕੋਈ ਖ਼ਰੀਦਦਾਰ ਨਹੀਂ, ਕਿਤੇ ਉਹ ਜ਼ਮੀਨ ਗੁਲਜ਼ਾਰ ਹੁੰਦੀ ਸੀ। ਹੁਣ ਸੁੱਕਾ ਰੇਗਸਿਤਾਨ ਹੈ, ਹੋਰ ਕੱਖ ਨਹੀਂ ?
ਕੰਪਨੀਆਂ ਆਉਦੀਆਂ ਹਨ, ਨੱਬੇ ਹਜ਼ਾਰ ਲੱਖ ਦੇ ਹਿਸਾਬ ਨਾਲ ਏਕੜ ਲੈਂਦੀਆ ਹਨ, ਤੇ ਫ਼ੈਕਟਰੀਆਂ ਲਾਉਂਦੀਆਂ ਹਨ।
ਸਾਨੂੰ ਸੋਚਣ ਦੀ ਲੋੜ ਹੈ, ਸਾਨੂੰ ਫ੍ਰੀ ਬਿਜਲੀ ਲੈਣ ਤੋਂ ਪਹਿਲਾ ਇੱਕ ਨਹਿਰੀ ਪਾਣੀ ਨੂੰ ਬਹਾਲ ਕਰਾਉਣ ਲਈ ਸਾਂਝੀ ਲੜਾਈ ਲੜਨ ਦੀ ਲੋੜ ਹੈ। ਇੱਕ ਮੋਰਚਾ ਨਹਿਰੀ ਪਾਣੀ ਲਈ ਵੀ ਲੱਗਣਾ ਚਾਹੀਦਾ ਹੈ।
ਨਹੀਂ ਫੇਰ ਯਾਦ ਰੱਖਿਓ -ਰਹੀ ਵਾਸਤੇ ਘੱਤ ‘ਸਮੇਂ’ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ‘ਸਮੇਂ’ ਖਿਸਕਾਈ ਕੰਨੀ, ਕਿਵੇਂ ਨ ਸੱਕੀ ਰੋਕ, ਅਟਕ ਜੋ ਪਾਈ ਭੰਨੀ,
ਤ੍ਰਿੱਖੇ ਆਪਣੇ ਵੇਗ, ਗਿਆ ਟੱਪ ਬੰਨੇ ਬੰਨੀ।
ਅਜੇ ਸੰਭਾਲ ਇਸ ‘ਸਮੇਂ’ ਨੂੰ ਕਰ ਸਫਲ ਉਡੰਦਾ ਜਾਂਵਦਾ, ਇਹ ਠਹਿਰਨ ਜਾਚ ਨ ਜਾਣਦਾ ਲੰਘ ਗਿਆ ਨ ਮੁੜਕੇ ਆਂਵਦਾ।
Author: Gurbhej Singh Anandpuri
ਮੁੱਖ ਸੰਪਾਦਕ