ਕੇਸਾਂ ਅਤੇ ਦਸਤਾਰ ਦੀ ਬੇਅਦਬੀ ਹਰਗਿਜ਼ ਨਹੀਂ ਸਹਾਰਾਂਗੇ : ਰਣਜੀਤ ਸਿੰਘ/ਭੁਪਿੰਦਰ ਸਿੰਘ
ਅੰਮ੍ਰਿਤਸਰ, 12 ਮਈ ( ਮੰਗਲ ਸਿੰਘ ਕੈਰੋਂਵਾਲ ): ਇੱਕ ਪੁਲਿਸ ਮੁਲਾਜ਼ਮ ਵੱਲੋਂ ਚੌਂਕੀ ‘ਚ ਸਿੱਖ ਨੌਜਵਾਨ ਦੀ ਦਸਤਾਰ ਉਤਾਰੇ ਜਾਣ ਅਤੇ ਕੇਸਾਂ ਤੋਂ ਫੜ ਕੇ ਧੂਹੇ ਜਾਣ ਦੀ ਜਦ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵੀਡੀਓ ਵਾਇਰਲ ਹੋਈ ਤਾਂ ਤੁਰੰਤ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਤੁਰੰਤ ਇਸ ਘਟਨਾ ਦੀ ਥਾਂ ਪਤਾ ਕਰਕੇ ਵਿਜੇ ਨਗਰ ਚੌਂਕੀ ਵਿੱਚ ਪਹੁੰਚੇ ਅਤੇ ਉਸ ਨੌਜਵਾਨ ਨਾਲ ਮੁਲਾਕਾਤ ਕੀਤੀ ਤੇ ਸਾਰੀ ਘਟਨਾ ਦੀ ਜਾਣਕਾਰੀ ਲਈ। ਜਿਸ ਦੀ ਦਸਤਾਰ ਉੱਤਰੀ ਉਹ ਸਿੱਖ ਪੱਤਰਕਾਰ ਕਸ਼ਮੀਰ ਸਿੰਘ ਗਿੱਲ ਸੀ ਜੋ ਦੋ ਧਿਰਾਂ ‘ਚ ਹੋਏ ਝਗੜੇ ਨੂੰ ਲੈ ਕੇ ਇੱਕ ਧਿਰ ਦੇ ਹੱਕ ‘ਚ ਚੌਂਕੀ ‘ਚ ਆਇਆ ਸੀ ਤੇ ਮੁਨਸ਼ੀ ਬਲਜਿੰਦਰ ਸਿੰਘ ਵੱਲੋੰ ਇੱਕ ਧਿਰ ਦਾ ਪੱਖ ਪੂਰਨ ਕਾਰਨ ਬਹਿਸਬਾਜੀ ਹੋ ਗਈ ਤੇ ਮੁਨਸ਼ੀ ਨੇ ਤੈਸ਼ ‘ਚ ਆ ਕੇ ਪੱਤਰਕਾਰ ਕਸ਼ਮੀਰ ਸਿੰਘ ਗਿੱਲ ਦੀ ਪੱਗ ਲਾਹ ਦਿੱਤੀ ਤੇ ਉਸ ਨੂੰ ਕੇਸਾਂ ਤੋਂ ਫੜ ਕੇ ਜਲੀਲ ਕੀਤਾ। ਗੱਲਬਾਤ ਉਪਰੰਤ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਉੱਚ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਦੋਸ਼ੀ ਪੁਲਿਸ ਮੁਲਾਜ਼ਮ ‘ਤੇ 295-ਏ ਦਾ ਪਰਚਾ ਦਰਜ਼ ਕਰਨ ਅਤੇ ਸਸਪੈਂਡ ਕਰਨ ਦੀ ਮੰਗ ‘ਤੇ ਜ਼ੋਰ ਦਿੱਤਾ ਤੇ ਪੁਲਿਸ ਉਸ ਦੋਸ਼ੀ ਮੁਲਾਜ਼ਮ ‘ਤੇ ਪਰਚਾ ਕਰਨ ਨੂੰ ਰਾਜ਼ੀ ਹੋ ਗਈ ਤੇ ਬਿਆਨ ਦਰਜ਼ ਕਰਵਾਏ ਗਏ। ਮੌਕੇ ‘ਤੇ ਪਹੁੰਚੇ ਐੱਸ ਪੀ ਵਿਰਕ ਨੇ ਵੀ ਕਿਹਾ ਕਿ ਸਾਡੇ ਮੁਲਾਜ਼ਮ ਦੀ ਗਲਤੀ ਹੈ ਅਤੇ ਅਸੀਂ ਪੱਤਰਕਾਰ ਭਾਈਚਾਰੇ ਅਤੇ ਸਿੱਖ ਆਗੂਆਂ ਤੋੰ ਮਾਫ਼ੀ ਮੰਗਦੇ ਹਾਂ। ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਤੇ ਪੱਤਰਕਾਰ ਕਸ਼ਮੀਰ ਸਿੰਘ ਗਿੱਲ ਨੇ ਫ਼ੈਸਲਾ ਲਿਆ ਕਿ ਪਰਚਾ ਦਰਜ਼ ਅਤੇ ਸਸਪੈਂਡ ਨਾ ਕਰਵਾਇਆ ਜਾਵੇ ਕਿਉਂਕਿ ਉਸ ਦੀ ਰੋਜ਼ੀ-ਰੋਟੀ ‘ਤੇ ਸੱਟ ਵੱਜੇਗੀ। ਫਿਰ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਨੇ ਪੁਲਿਸ ਚੌਂਕੀ ਦੇ ਮੁਨਸ਼ੀ ਬਲਜਿੰਦਰ ਸਿੰਘ ਤੋਂ ਮਾਫ਼ੀ ਮੰਗਵਾਈ। ਪੁਲਿਸ ਮੁਲਾਜ਼ਮ ਬਲਜਿੰਦਰ ਸਿੰਘ ਨੇ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਮੀਡੀਆ ਸਾਹਮਣੇ ਪੱਤਰਕਾਰ ਕਸ਼ਮੀਰ ਸਿੰਘ ਗਿੱਲ ਤੋਂ ਮਾਫ਼ੀ ਮੰਗੀ ਤੇ ਕਿਹਾ ਕਿ ਮੈਂ ਵੀ ਸਿੱਖ ਹਾਂ ਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗਾ। ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਦਸਤਾਰ ਸਿੱਖੀ ਦਾ ਮੁਢਲਾ ਅੰਗ ਹੈ ਇਹ ਸਾਡੀ ਅਣਖ, ਇੱਜਤ ਤੇ ਸਰਦਾਰੀ ਦੀ ਪ੍ਰਤੀਕ ਹੈ, ਇਸ ਦੀ ਬੇਅਦਬੀ ਹਰਗਿਜ਼ ਨਹੀਂ ਸਹਾਰੀ ਜਾ ਸਕਦੀ, ਇਸ ‘ਤੇ ਹਮਲਾ ਸਾਡੇ ਧਰਮ ‘ਤੇ ਹਮਲਾ ਹੈ ਤੇ ਰੋਸ ਵਜੋਂ ਸਿੱਖ ਕੋਈ ਵੀ ਕਦਮ ਉਠਾਅ ਸਕਦਾ ਹੈ। ਸਮੁੱਚੇ ਪੱਤਰਕਾਰ ਨੇ ਭਾਈਚਾਰੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਪ੍ਰਿਤਪਾਲ ਸਿੰਘ ਖਾਲਸਾ, ਫ਼ੈਡਰੇਸ਼ਨ ਆਗੂ ਭਾਈ ਮਨਪ੍ਰੀਤ ਸਿੰਘ ਮੰਨਾ ਅਤੇ ਭਾਈ ਜਸਕਰਨ ਸਿੰਘ ਪੰਡੋਰੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ