ਸਿਡਨੀ 29 ਮਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਅੱਜ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਅੰਦਰ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭਾਰਤ ਦੀ ਰਾਜ ਸਭਾ ਲਈ ਮੈਂਬਰ ਨਾਮਜ਼ਦ ਕਰਨ ਸਬੰਧੀ ਇੱਕ ਆਨਲਾਈਨ ਮੀਟਿੰਗ ਹੋਈ। ਮੀਟਿੰਗ ਵਿੱਚ ਇਸ ਗੱਲ ਉੱਪਰ ਖੁਸ਼ੀ ਪ੍ਰਗਟ ਕੀਤੀ ਗਈ ਕਿ ਆਮ ਆਦਮੀ ਪਾਰਟੀ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਮੈਂਬਰੀ ਲਈ ਨਾਮਜ਼ਦ ਕੀਤਾ ਹੈ। ਇਸ ਖੁਸ਼ੀ ਦਾ ਪਹਿਲਾ ਕਾਰਨ ਇਹ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ 80 ਅਨੁਸਾਰ 245 ਮੈਂਬਰੀ ਰਾਜ ਸਭਾ (ਭਾਰਤੀ ਸੰਸਦ ਦਾ ਉਹ ਸਦਨ ਹੈ, ਜਿਸ ਸਦਨ ਰਾਹੀਂ ਰਾਜਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ।) ਵਿੱਚੋਂ 233 ਮੈਂਬਰ ਹਰ ਇੱਕ ਰਾਜ ਨੂੰ ਉਸ ਦੀ ਵੱਸੋਂ ਅਨੁਸਾਰ ਰਾਜ ਸਭਾ ਸੀਟਾਂ ਅਲਾਟ ਕੀਤੀਆਂ ਗਈਆਂ ਹਨ। ਇਸ ਸਮੇਂ ਇਹਨਾਂ 233 ਸੀਟਾਂ ਵਿੱਚੋਂ ਪੰਜਾਬ ਨੂੰ 7 ਸੀਟਾਂ ਅਲਾਟ ਹੋਈਆਂ ਹਨ। ਜਿਹਨਾਂ ਵਿੱਚੋਂ 5 ਸੀਟਾਂ ਲਈ ਪਿੱਛਲੇ ਦਿਨੀਂ ਚੋਣ ਹੋਈ ਸੀ ਅਤੇ 2 ਸੀਟਾਂ ਦੀ ਚੋਣ ਹੁਣ ਹੋ ਰਹੀ ਹੈ, ਜਿਹਨਾਂ ਵਿੱਚੋਂ ਇੱਕ ਸੀਟ ਲਈ ਆਮ ਆਦਮੀ ਪਾਰਟੀ ਨੇ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਨਾਮਜ਼ਦ ਕੀਤਾ ਹੈ। ਮੀਟਿੰਗ ਵਿੱਚ ਇਹ ਵਿਚਾਰ ਸਾਹਮਣੇ ਆਇਆ ਕਿ ਸੀਚੇਵਾਲ ਜੀ ਦੇ ਰਾਜ ਸਭਾ ਮੈਂਬਰ ਬਣ ਜਾਣ ਨਾਲ “ਪੰਜਾਬ” ਦੇ ਹਿੱਤਾਂ ਦੀ ਰਾਜ ਸਭਾ ਅੰਦਰ ਹੋਰ ਸਹੀ ਨੁਮਾਇੰਦਗੀ ਹੋ ਸਕੇਗੀ। ਦੂਜਾ ਕਾਰਨ ਇਹ ਹੈ ਕਿ ਸੰਤ ਸੀਚੇਵਾਲ ਇੱਕ ਮੰਨੇ ਪ੍ਰਮੰਨੇ ਵਾਤਾਵਰਨ ਪ੍ਰੇਮੀ ਹਨ ਅਤੇ ਵਾਤਾਵਰਨ ਤਬਦੀਲੀ ਦੇ ਦੌਰ ਵਿੱਚ ਸਮੁੱਚੇ ਦੇਸ਼ ਦੇ ਹਿੱਤਾਂ ਲਈ “ਸੀਚੇਵਾਲ ਮਾਡਲ” ਇਕ ਚਾਨਣ ਮੁਨਾਰੇ ਵਾਂਗ ਕੰਮ ਕਰੇਗਾ। ਚਾਹੀਦਾ ਤਾਂ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਸੀ ਕਿ ਉਹ ਪਹਿਲਾਂ ਹੀ ਸੀਚੇਵਾਲ ਜੀ ਨੂੰ ਰਾਜ ਸਭਾ ਵਿੱਚ ਰਾਸ਼ਟਰਪਤੀ ਜੀ ਰਾਹੀਂ ਨਾਮਜ਼ਦ ਕਰ ਦਿੰਦੀ ਕਿਉਂਕਿ ਸੰਵਿਧਾਨ ਦੀ ਧਾਰਾ 80 ਅਨੁਸਾਰ ਰਾਸ਼ਟਰਪਤੀ ਜੀ ਰਾਜ ਸਭਾ ਲਈ 12 ਅਜਿਹੇ ਮੈਂਬਰ ਨਾਮਜ਼ਦ ਕਰ ਸਕਦੇ ਹਨ, ਜਿਹਨਾਂ ਨੇ ਸਾਹਿਤ, ਕਲਾ, ਵਿਗਿਆਨ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਨਾਮਣਾ ਖੱਟਿਆ ਹੋਵੇ। ਖੈਰ! ਆਮ ਆਦਮੀ ਪਾਰਟੀ ਨੇ ਹੁਣ ਵਾਤਾਵਰਨ ਪ੍ਰੇਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਸੀਟ ਲਈ ਨਾਮਜ਼ਦ ਕਰ ਕੇ ਇੱਕ ਬਹੁਤ ਹੀ ਸਹੀ ਕਦਮ ਚੁੱਕਿਆ ਹੈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋ ਸੁਖਵੰਤ ਸਿੰਘ ਗਿੱਲ, ਸ੍ਰ ਸਤਨਾਮ ਸਿੰਘ ਬਾਜਵਾ, ਸ੍ਰ ਕੁਲਵਿੰਦਰ ਸਿੰਘ ਬਾਜਵਾ, ਸ੍ਰ ਰਣਜੀਤ ਸਿੰਘ ਖੈੜਾ ਅਤੇ ਪ੍ਰਿੰਸੀਪਲ ਕੁਲਵੰਤ ਕੌਰ ਪ੍ਰਮੁੱਖ ਸਨ।
Author: Gurbhej Singh Anandpuri
ਮੁੱਖ ਸੰਪਾਦਕ