Home » ਧਾਰਮਿਕ » ਇਤਿਹਾਸ » 17 ਜੂਨ 1923(ਕਾਰ ਸੇਵਾ ਸਰੋਵਰ)

17 ਜੂਨ 1923(ਕਾਰ ਸੇਵਾ ਸਰੋਵਰ)

43

1923 ਈਸਵੀ ਦੇ ਮੁਢਲੇ ਦਿਨਾਂ ਵਿੱਚ ਹੀ ਇਕ ਨੌਜਵਾਨ ਮਨ੍ਹਾ ਕਰਨ ਦੇ ਬਾਵਜੂਦ ਵੀ ਨਿਸ਼ਾਨ ਸਾਹਿਬ ਵਾਲੇ ਪਾਸਿਓਂ ਦੌੜ ਕੇ ਸਰੋਵਰ ਵਿੱਚ ਛਾਲ ਮਾਰਦਾ ਹੈ , ਪਰ ਮੁੜ ‘ਤਾਂਹ ਨ ਆ ਸਕਿਆ। ਜਦ ਉਸਨੂੰ ਢੂਡਣ ਲਈ ਟੋਭਿਆਂ ਨੇ ਸਰੋਵਰ ‘ਚ ਚੁਭੀਆਂ ਲਾਈਆਂ ਤਾਂ ਡੂੰਘੀ ਗਾਰ ਵਿੱਚ ਫਸੀ ਉਸ ਨੌਜਵਾਨ ਦੀ ਲਾਸ਼ ਉਹ ਵਿਚਾਰੇ ਮਸਾਂ ਕੱਢ ਕੇ ਲਿਆਏ । ਇਸ ਵਕਤ ਹੀ ਸ਼੍ਰੋਮਣੀ ਕਮੇਟੀ ਨੇ ਇਸ ਘਟਨਾ ਤੋਂ ਸੇਧ ਲੈਂਦਿਆਂ ਮਤਾ ਪਾਕੇ ਸਰੋਵਰ ਦੀ ਕਾਰ ਸੇਵਾ ਕਰਨ ਦਾ ਫੈਸਲਾ ਨੇਪਰੇ ਚਾੜਿਆ।ਇਸ ਕਾਰਜ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਾਸਤੇ ਮੁਖੀ ਸਿੰਘਾਂ ਦੀ ਇਕ ਕਾਰ ਸੇਵਾ ਕਮੇਟੀ ਬਣਾਈ ਗਈ।ਇਸ ਕਮੇਟੀ ਦੇ ਸਕੱਤਰ ਭਗਤ ਜਸਵੰਤ ਸਿੰਘ ਹੁਣਾ ਨੂੰ ਬਣਾਇਆ ਗਿਆ। ਇਸ ਸਾਰੇ ਕਾਰਜ ਦੀ ਦੇਖ ਰੇਖ ਮੁਖ ਰੂਪ ਵਿੱਚ ਸਿਰਦਾਰ ਤੇਜਾ ਸਿੰਘ ਸਮੁੰਦ੍ਰੀ ਕਰ ਰਹੇ ਸਨ।ਕਾਰ ਸੇਵਾ ਦੀ ਆਰੰਭਤਾ ਲਈ ੧੭ ਜੂਨ ੧੯੨੩ ਈਸਵੀ ਦਾ ਦਿਨ ਨਿਸਚਿਤ ਕੀਤਾ ਗਿਆ।ਇਸ ਬਾਰੇ ਦੂਰ ਨੇੜੇ , ਦੇਸ ਵਿਦੇਸ਼ ਤੱਕ ਸੰਗਤਾਂ ਨੂੰ ਸੂਚਨਾ ਪਹੁੰਚਦੀ ਕੀਤੀ ਗਈ।

ਸਰੋਵਰ ਦੀ ਕਾਰ ਸੇਵਾ ਦੀ ਆਰੰਭਤਾ ਤੋਂ ਪਹਿਲਾਂ ਸੰਗਤ ਦੇ ਸਹਿਯੋਗ ਨਾਲ ਹੀ ਸਰੋਵਰ ਦੇ ਵਿਚਕਾਰ ਮਿੱਟੀ ਦਾ ਬੰਨ੍ਹ ਮਾਰ ਲਿਆ ਗਿਆ ਤਾਂ ਕੇ ਇਕ ਪਾਸੇ ਸੰਗਤ ਇਸ਼ਨਾਨ ਵੀ ਕਰ ਸਕੇ ਤੇ ਦੂਜੇ ਪਾਸੇ ਦਾ ਜਲ ਸੀਮਤ ਸਾਧਨਾਂ ਨਾਲ ਕੱਢਣਾ ਸ਼ੁਰੂ ਕੀਤਾ । ਜਦ ਸਰੋਵਰ ਦਾ ਜਲ ਸਮੇਂ ਸਿਰ ਖਾਲੀ ਹੁੰਦਾ ਨ ਦਿੱਸਿਆ ਤਾਂ ਉਸ ਵਕਤ ਸੰਤ ਅਤਰ ਸਿੰਘ ਜੀ ਮਸਤੂਆਣਾ ਤੇ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਕੁਝ ਗੁਰਸਿੱਖਾਂ ਦੀ ਸਹਾਇਤਾ ਨਾਲ ਸਰੋਵਰ ਦੇ ਦੱਖਣ ਪੂਰਬੀ ਕੋਣ ਵਿੱਚ ਗੁਪਤ ਹੰਸਲੀ ਨੂੰ ਪ੍ਰਗਟ ਕਰਕੇ ਜੋ ਮਾਨਾਂ ਵਾਲੇ ਬੁੰਗੇ ਵਿੱਚ ਦੀ ਕੌਲਸਰ ਵਿਚ ਜਾ ਪੈਂਦੀ ਸੀ ਦਾ ਹੇਠੋਂ ਮੋਘਾ ਖੋਲਤਾ ਤੇ ਸਰੋਵਰ ਦਾ ਸਾਰਾ ਜਲ ਕੌਲਸਰ ਵਿੱਚ ਜੋ ਅੰਮ੍ਰਿਤ ਸਰੋਵਰ ਤੋਂ ਨੀਂਵਾਂ ਹੈ ; ਵਿੱਚ ਚਲਾ ਗਿਆ। ਹੁਣ ਅਧਾ ਸਰੋਵਰ ਕੁਝ ਧੁਪਾਂ ਨਾਲ ਖੁਸ਼ਕ ਹੋ ਗਿਆ।

ਸ਼੍ਰੋਮਣੀ ਕਮੇਟੀ ਨੇ ਇਹ ਮਤਾ ਪਾਸ ਕੀਤਾ ਸੀ ਕਿ ਪੰਜ ਪਿਆਰੇ ਸਿੰਘ , ਪੰਜ ਸੋਨੇ ਦੀਆਂ ਕਹੀਆਂ ਨਾਲ ਪੰਜ ਚਾਂਦੀ ਦੇ ਤਸਲਿਆਂ ਵਿੱਚ ਗਾਰ ਪਾ ਕੇ ਕਾਰ ਸੇਵਾ ਆਰੰਭਤਾ ਕਰਨਗੇ।ਪਰ ਕੁਝ ਗੁਰਸਿੱਖ ਇਸ ਫੈਸਲੇ ਨਾਲ ਸਹਿਮਤ ਨਹੀਂ ਸਨ ਕਿ ਸੋਨੇ ਦੀਆਂ ਕਹੀਆਂ ਤੇ ਚਾਂਦੀ ਦੇ ਤਸਲਿਆਂ ਦੀ ਵਰਤੋਂ ਹੋਵੇ।ਉਹ ਵੀ ਆਪਣੀ ਜਗ੍ਹਾ ਗ਼ਲਤ ਨਹੀਂ ਸਨ। ਪਰ ਟਕਰਾਅ ਦੀ ਸਥਿਤੀ ਉਦੋਂ ਪੈਦਾ ਹੋ ਗਈ ਜਦੋਂ ਉਹਨਾਂ ਐਲਾਨ ਕੀਤਾ ਕੇ ਕਮੇਟੀ ਵੱਲੋਂ ਨੀਯਤ ਕੀਤੇ ਪੰਜ ਪਿਆਰਿਆਂ ਤੋਂ ਪਹਿਲਾਂ ਹੀ ਟੱਕ ਲਾਕੇ ਕਾਰ ਸੇਵਾ ਆਰੰਭ ਕਰ ਦੇਣਗੇ। ਸੰਗਤ ਦੋ ਪਾਸੇ ਨ ਵੰਡੀ ਜਾਵੇ; ਇਸ ਲਈ ਹੀ ੧੬ ਜੂਨ ਨੂੰ ਸ਼ਾਮ ਦੇ ਸਮੇਂ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਸਿੱਖਾਂ ਦੀ ਭਾਰੀ ਇਕੱਤਰਤਾ ਹੋਈ; ਜਿਸਨੂੰ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਬੰਧੋਨ ਕੀਤਾ ਤੇ ਇਸ ਇਕੱਤਰਤਾ ਨੇ ਗੜਗੱਜ ਅਕਾਲੀ ਜੱਥੇ ਦੀ ਬਜਾਇ ਕਮੇਟੀ ਦੇ ਫੈਸਲੇ ਤੇ ਫੁੱਲ ਚੜਾਉਣ ਦਾ ਗੁਰਮਤਾ ਸੋਧਿਆ। ਅਗਲੇ ਦਿਨ ਤੇਜਾ ਸਿੰਘ ਸਮੁੰਦ੍ਰੀ ਹੁਣਾ ਦੀ ਸਮਝਦਾਰੀ ਤੇ ਲਿਆਕਤ ਸਦਕਾ ਟਕਰਾਅ ਹੋਣ ਤੋਂ ਬਚਾ ਰਿਹਾ।

ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਥੱਲੇ , ਪੰਜ ਪਿਆਰਿਆਂ ਦੇ ਰੂਪ ਵਿੱਚ ਸਰਦਾਰ ਬਹਾਦਰ ਮਹਿਤਾਬ ਸਿੰਘ, ਸਰਦਾਰ ਤੇਜਾ ਸਿੰਘ ਚੂਹੜਕਾਣਾ, ਸੰਤ ਗੁਲਾਬ ਸਿੰਘ, ਸੋਢੀ ਪ੍ਰੀਤਮ ਸਿੰਘ ਤੇ ਸੰਤ ਸ਼ਾਮ ਸਿੰਘ ਕਰ ਰਹੇ ਸਨ। ਜਦ ਜਲੂਸ ਦਾ ਪਹਿਲਾ ਸਿਰਾ ਦਰਬਾਰ ਸਾਹਿਬ ਪੁਜ ਗਿਆ ਤਾਂ ਬਹੁਤ ਵਿੱਚ ਸੰਗਤ ਅਜੇ ਪਿਪਲੀ ਸਾਹਿਬ ਹੀ ਲਾਈਨ ਵਿੱਚ ਲੱਗਣ ਦਾ ਇੰਤਜ਼ਾਰ ਕਰ ਰਹੀ ਸੀ।ਇਕ ਅਨੁਮਾਨ ਮੁਤਾਬਕ ਇਸ ਸੇਵਾ ਵਿੱਚ ਕੋਈ ਛੇ ਲੱਖ ਸਿੱਖਾਂ ਨੇ ਭਾਗ ਲਿਆ।

ਹਰਿ ਕੀ ਪਉੜੀ ਵਾਲੀ ਥਾਂ ਤੇ ਪੰਜ ਪਿਆਰਿਆਂ ਸੰਤ ਬਾਬਾ ਸ਼ਾਮ ਸਿੰਘ ਜੀ, ਸੰਤ ਗੁਲਾਬ ਸਿੰਘ ਘੋਲੀਆ, ਭਾਈ ਸਾਹਿਬ ਫਤਹ ਸਿੰਘ ਜੀ ਹੈੱਡ ਗ੍ਰੰਥੀ ਦਰਬਾਰ ਸਾਹਿਬ, ਬਾਬਾ ਖੜਕ ਸਿੰਘ ਪ੍ਰਧਾਨ ਐਸ ਜੀ ਪੀ ਸੀ ਤੇ ਸ.ਤੇਜਾ ਸਿੰਘ ਸਮੁੰਦਰੀ ਹੁਣਾ ਪੰਜ ਤਸਲਿਆਂ ਵਿੱਚ ਪੰਜਾਂ ਕਹੀਆਂ ਨਾਲ ਗਾਰ ਭਰਕੇ ਆਪਣੇ ਸਿਰਾਂ ਤੇ ਚੁਕ ਬਾਹਰ ਕੱਢੀ ਤੇ ਇਸ ਤਰ੍ਹਾਂ ਫਿਰ ਕਾਰ ਸੇਵਾ ਆਰੰਭ ਹੋ ਗਈ। ਮਹਾਰਾਜਾ ਪਟਿਆਲਾ ਨੇ ਵੀ ਵੱਧ ਚੜ੍ਹ ਕੇ ਕੇ ਸੇਵਾ ਕੀਤੀ।ਸੰਗਤ ਵਿਚ ਸੇਵਾ ਦਾ ਉਤਸ਼ਾਹ ਇਤਨਾ ਸੀ ਕੀ ਪਹਿਲੇ ਦੋ ਤਿੰਨ ਦਿਨਾਂ ਵਿੱਚ ਹੀ ਗਾਰ ਕੱਢ ਲਈ ਗਈ। ਪਹਿਲੇ ਦਿਨ ਲੰਗਰ ਦੀ ਤੋਟ ਆਈ ‌। ਸ਼ਹਿਰ ਦੀਆਂ ਦੁਕਾਨਾਂ ਤੇ ਵੀ ਖਾਣ ਪੀਣ ਦੀਆਂ ਚੀਜ਼ਾਂ ਮੁਕ ਗਈਆਂ।ਇਸ ਵਕਤ ਸ.ਤੇਜਾ ਸਿੰਘ ਸਮੁੰਦਰੀ ਹੁਣਾਂ ਨੇ ਵੱਖ ਵੱਖ ਥਾਵਾਂ ਤੇ ਪੜਾਅ ਕਰ ਬੈਠੀ ਸੰਗਤ ਤੱਕ ਰਾਸ਼ਨ ਪੁਚਾ ਕੇ ਸੁਨੇਹਾ ਭੇਜਿਆ ਕਿ ਆਪ ਪਕਾਓ ਵੀ ਤੇ ਦੂਜਿਆਂ ਨੂੰ ਛਕਾਓ ਵੀ ;ਇਸ ਤਰ੍ਹਾਂ ਕੋਈ ੩੦-੪੦ ਲੰਗਰ ਚੱਲ ਪਏ।

ਕਾਰ ਸੇਵਾ ਮਹੀਨਾ ਭਰ ਹੁੰਦੀ ਰਹੀ । ਸਿੱਖ ਤੇ ਇਕ ਪਾਸੇ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ਬਹੁਤ ਉਤਸ਼ਾਹ ਨਾਲ ਇਥੇ ਆਣ ਕੇ ਸੇਵਾ ਕੀਤੀ। ਇਸ ਸਮੇਂ ਸਰੋਵਰ ਵਿਚੋਂ ਇਕ ੩ਮਣ ਦੇ ਲਗਭਗ ਭਾਰੀ ਦੇਗ ਮਿਲੀ, ਤਲਵਾਰਾਂ, ਦੋ ਨਾਲੀ ਬੰਦੂਕਾਂ, ਖੋਖਰੀਆਂ, ਕ੍ਰਿਪਾਨਾਂ, ਸੋਨੇ ਦੀਆਂ ਛਾਪਾਂ, ਚੱਕਰ, ਮਾਣਕ, ਸਿੱਕੇ ਆਦਿ ਮਿਲੇ।ਜੋ ਕਿਸੇ ਨੂੰ ਲੱਭਦਾ ਉਹ ਗੁਰੂ ਕੀ ਅਮਾਨਤ ਸਮਝ ਕਮੇਟੀ ਕੋਲ ਜਮ੍ਹਾਂ ਕਰਵਾ ਦਿੰਦਾ। ਸੋਨੇ ਦੀਆਂ ਕਹੀਆਂ ਤੇ ਬਾਟਿਆਂ ਲਈ ਜੋ ਸੋਨਾ ਤੇ ਚਾਂਦੀ ਸੰਗਤਾਂ ਵੱਲੋਂ ਭੇਟ ਕੀਤੀ ਗਈ ਉਸ ਵਿਚੋਂ ੩੦ ਸੇਰ ਚਾਂਦੀ ਤੇ ਥੋੜਾ ਜਿਹਾ ਜੋ ਸੋਨਾ ਬਚਿਆ ਉਹ ਵੀ ਕਮੇਟੀ ਦੇ ਸਪੁਰਦ ਕਰ ਦਿੱਤਾ ਗਿਆ।

ਇਸ ਵਕਤ ਅਖ਼ਬਾਰਾਂ ਵਿੱਚ ਇਕ ਵਿਸ਼ੇਸ਼ ਸੁਰਖੀ ਵੀ ਲੱਗੀ ਜਦ ੧੭ ਜੂਨ ਨੂੰ ਜਲੂਸ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਹੁੰਚਿਆ ਤਾਂ ਇਕ ਬਾਜ ਆਇਆ ਜਿਸ ਨੇ ਪਹਿਲਾਂ ਸਰੋਵਰ ਦਾ ਚੱਕਰ ਲਾਇਆ ਤੇ ਮੁੜ ਦਰਬਾਰ ਸਾਹਿਬ ਦੇ ਗੁਬੰਦ ਤੇ ਆਕੇ ਬੈਠ ਗਿਆ। ਜਦ ਸੰਗਤਾਂ ਨੇ ਇਹ ਨਜ਼ਾਰਾ ਤੱਕਿਆ ਤਾਂ ਉਹਨਾਂ ਮਹਿਸੂਸ ਕੀਤਾ ਕਿ ਜਿਵੇਂ ਇਹ ਕਲਗੀਧਰ ਪਾਤਸ਼ਾਹ ਨੇ ਭੇਜਿਆ ਹੈ । ਉਹਨਾਂ ਨੇ ਜੈਕਾਰੇ ਵੀ ਛੱਡੇ ਤੇ ਸ਼ੁਕਰਾਨਾਂ ਕੀਤਾ ਕਿ ਹੁਣ ਪਾਤਸ਼ਾਹ ਇਸ ਕਾਰਜ ਵਿੱਚ ਸਫਲਤਾ ਪ੍ਰਦਾਨ ਕਰਨਗੇ।

ਬਲਦੀਪ ਸਿੰਘ ਰਾਮੂੰਵਾਲੀਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?