ਅੰਮ੍ਰਿਤਸਰ, 17 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਬਹਿਬਲ ਕਲਾਂ ਮੋਰਚੇ ‘ਚ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੂੰ ਮਿਲਣ ਪੁੱਜੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਾਂ ਨੇ ਗੋਲ਼ੀ ਚਲਾਈ, ਕੈਪਟਨ ਨੇ ਇਨਸਾਫ਼ ਨਹੀਂ ਦਿੱਤਾ ਤੇ ਹੁਣ ਭਗਵੰਤ ਮਾਨ ਵੀ ਲਾਰੇ ਲਾ ਰਿਹਾ ਹੈ ਜੋ ਕਿ ਸਾਡੇ ਜਖ਼ਮਾਂ ‘ਤੇ ਲੂਣ ਛਿੜਕਣ ਦੇ ਬਰਾਬਰ ਹੈ। ਉਹਨਾਂ ਕਿਹਾ ਕਿ ਅੱਜ ਮੋਰਚੇ ਨੂੰ 183 ਦਿਨ ਹੋ ਚੁੱਕੇ ਹਨ ਪਰ ਮੌਜੂਦਾ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ, ਭਗਵੰਤ ਮਾਨ ਸਰਕਾਰ ਇਸ ਪ੍ਰਤੀ ਬਿਲਕੁਲ ਵੀ ਗੰਭੀਰ ਨਜ਼ਰ ਨਹੀਂ ਆ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰਾਂ ਸਾਡੇ ਸਬਰ ਦਾ ਵਾਰ-ਵਾਰ ਇਮਤਿਹਾਨ ਨਾ ਲੈਣ, ਇੱਕ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਤੇ ਹੋਰ ਕੁਝ ਨਹੀਂ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਰਗਾੜੀ ਬੇਅਦਬੀ ਅਤੇ ਬਹਿਬਲ ਗੋਲ਼ੀ ਕਾਂਡ ਵਪਰਾਉਣ ਵਾਲ਼ੇ ਬਾਦਲਕੇ ਸਿਆਸੀ ਤੌਰ ‘ਤੇ ਖਤਮ ਹੋ ਚੁੱਕੇ ਹਨ, ਉਹਨਾਂ ਨੂੰ ਗੁਰੂ ਦੀ ਐਸੀ ਮਾਰ ਪਈ ਹੈ ਕਿ ਉਹ ਸਾਰੀ ਉਮਰ ਲਈ ਉੱਠ ਨਹੀਂ ਸਕਦੇ ਤੇ ਇਤਿਹਾਸ ‘ਚ ਆਪਣਾਂ ਨਾਂਅ ਕਲੰਕਤ ਕਰ ਗਏ ਹਨ ਤੇ ਏਹੀ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ ਹੈ ਕਿਉਂਕਿ ਉਸ ਨੂੰ ਗੁਰੂ ਨਾਲੋਂ ਬਾਦਲਕੇ ਜਿਆਦਾ ਪਿਆਰਾ ਹੋ ਗਏ ਸਨ ਤੇ ਜੇਕਰ ਭਗਵੰਤ ਮਾਨ ਸਰਕਾਰ ਨੇ ਬਹਿਬਲ ਮੋਰਚੇ ਦੀ ਆਵਾਜ਼ ਨੂੰ ਨਾ ਸੁਣਿਆ ਤੇ ਸਿੱਖ ਕੌਮ ਨੂੰ ਇਨਸਾਫ਼ ਨਾ ਦਿੱਤਾ ਤਾਂ ਪੰਥ ਅਤੇ ਪੰਜਾਬ ਵਾਸੀ ਹਰਗਿਜ਼ ਨਹੀਂ ਬਖ਼ਸ਼ਣਗੇ। ਉਹਨਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣਾਂ ਕਰਕੇ ਬਾਦਲਕੇ ਪੰਥਕ ਬਣਨ ਦਾ ਡਰਾਮਾ ਕਰ ਰਹੇ ਨੇ ਤੇ ਬੰਦੀ ਸਿੰਘਾਂ ਦੇ ਨਾਮ ‘ਤੇ ਗੰਦੀ ਸਿਆਸਤ ਖੇਡ ਰਹੇ ਹਨ ਜਦ ਕਿ ਬਾਦਲਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਅਤੇ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਣ ਵਾਲੇ ਕੌਮੀ ਗ਼ੱਦਾਰ ਹਨ, ਇਹਨਾਂ ਦਾ ਬਾਈਕਾਟ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ’ਚ ਸਭ ਤੋਂ ਵੱਡਾ ਅੜਿੱਕਾ ਬਾਦਲ ਦਲ ਹੀ ਬਣਿਆ ਰਿਹਾ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਪ੍ਰਕਾਸ਼ ਸਿਹੁੰ ਬਾਦਲ ਤੇ ਸੁਖਬੀਰ ਬਾਦਲ ਆਪਣੀ ਅਕਾਲੀ ਸਰਕਾਰ ਵੇਲ਼ੇ ਅੱਤਵਾਦੀ ਅਤੇ ਕਾਤਲ ਕਹਿੰਦਾ ਰਿਹਾ ਹੈ। ਜਦੋਂ ਬਾਦਲਕਿਆਂ ਦੀ ਪੰਜਾਬ ’ਚ ਸਰਕਾਰ ਹੁੰਦੀ ਹੈ ਓਦੋਂ ਤਾਂ ਇਹਨਾਂ ਨੂੰ ਕਦੇ ਬੰਦੀ ਸਿੰਘ ਯਾਦ ਨਹੀਂ ਆਉਂਦੇ। ਭਾਈ ਸੁਖਰਾਜ ਸਿੰਘ ਨੇ ਕਿਹਾ ਕਿ ਇਨਸਾਫ਼ ਲਈ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੱਕ ‘ਚ ਦਮ ਕਰਨ ਲਈ ਬਹੁਤ ਜਲਦ ਬਹਿਬਲ ਮੋਰਚੇ ਤੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ