ਨਜ਼ਰਾਨਾ ਟੀ ਵੀ ਬਿਉਰੋ — ਵਿਧਾਨ ਸਭਾ ਹਲਕਾ ਭੋਆ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਨੂੰ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਅੱਜ ਸ਼ਾਮ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਇਸ ਮਹੀਨੇ 8 ਤਰੀਕ ਨੂੰ ਥਾਣਾ ਤਾਰਾਗੜ੍ਹ ਦੇ ਪਿੰਡ ਮੈਰਾ ਕਲਾਂ ਵਿੱਚ ਲੱਗੇ ਕ੍ਰਿਸ਼ਨਾ ਸਟੋਨ ਕਰੱਸ਼ਰ ਵੱਲੋਂ ਕਰਵਾਈ ਗਈ ਕਥਿਤ ਨਾਜਾਇਜ਼ ਮਾਈਨਿੰਗ ਦੇ ਸਬੰਧ ਵਿੱਚ ਕੀਤੀ ਗਈ ਹੈ। ਇਹ ਕਰੱਸ਼ਰ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਦੇ ਨਾਂ ’ਤੇ ਹੈ ਪਰ ਉਕਤ ਕਰੱਸ਼ਰ ਵਿੱਚ ਜੋਗਿੰਦਰ ਪਾਲ ਦੀ 50 ਫ਼ੀਸਦ ਹਿੱਸੇਦਾਰੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 8 ਤਰੀਕ ਨੂੰ ਥਾਣਾ ਤਾਰਾਗੜ੍ਹ ਦੀ ਪੁਲੀਸ ਅਤੇ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੀ ਮਸ਼ੀਨਰੀ ਨੂੰ ਮੌਕੇ ’ਤੇ ਕਬਜ਼ੇ ਵਿੱਚ ਲੈ ਲਿਆ ਸੀ।
ਕਬਜ਼ੇ ਵਿੱਚ ਲਈ ਗਈ ਮਸ਼ੀਨਰੀ ਵਿੱਚ ਇੱਕ ਪੋਕਲੇਨ ਮਸ਼ੀਨ, ਇੱਕ ਟਰਾਲਾ ਅਤੇ ਇੱਕ ਟਰੈਕਟਰ-ਟਰਾਲੀ ਸ਼ਾਮਲ ਸਨ। ਉਸ ਮੌਕੇ ਪੋਕਲੇਨ ਮਸ਼ੀਨ ਦਾ ਅਪਰੇਟਰ ਸੁਨੀਲ ਕੁਮਾਰ ਵਾਸੀ ਮੈਰਾ ਕਲਾਂ ਅਤੇ ਕ੍ਰਿਸ਼ਨਾ ਸਟੋਨ ਕਰੱਸ਼ਰ ਦਾ ਨੁਮਾਇੰਦਾ ਪ੍ਰਕਾਸ਼ ਫ਼ਰਾਰ ਹੋ ਗਏ ਸਨ। ਪੁਲੀਸ ਨੇ ਮਾਈਨਿੰਗ ਅਧਿਕਾਰੀ ਵਿਸ਼ਾਲ ਅੱਤਰੀ ਦੀ ਸ਼ਿਕਾਇਤ ’ਤੇ ਉਨ੍ਹਾਂ ਦੋਹਾਂ ਵਿਅਕਤੀਆਂ ਅਤੇ ਕ੍ਰਿਸ਼ਨਾ ਸਟੋਨ ਕਰੱਸ਼ਰ ਖ਼ਿਲਾਫ਼ 21 (1) ਮਾਈਨਿੰਗ ਐਂਡ ਮਿਨਰਲ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਵੱਲੋਂ ਨਾਜਾਇਜ਼ ਮਾਈਨਿੰਗ ਕਰਦੇ ਵੇਲੇ ਦੀ ਇੱਕ ਵੀਡੀਓ ਅਧਿਕਾਰੀਆਂ ਨੂੰ ਭੇਜੀ ਗਈ ਸੀ, ਜਿਸ ’ਤੇ ਮਾਈਨਿੰਗ ਵਿਭਾਗ ਤੇ ਪੁਲੀਸ ਹਰਕਤ ਵਿੱਚ ਆਈ ਅਤੇ ਉਨ੍ਹਾਂ ਨੇ ਮੌਕੇ ’ਤੇ ਛਾਪਾ ਮਾਰਿਆ ਸੀ। ਜ਼ਿਕਰਯੋਗ ਹੈ ਕਿ ਭੋਆ ਹਲਕੇ ਵਿੱਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Author: Gurbhej Singh Anandpuri
ਮੁੱਖ ਸੰਪਾਦਕ