ਲੋਕਾਂ ਵਾਂਗ ਮੈਂਨੂੰ ਵੀ ਹਮੇਸ਼ਾ ਤੋਂ ਈ ਲੱਗਦਾ ਸੀ ਕਿ ਔਰਤਾਂ ਲਈ ਸਭ ਤੋ ਵਧੀਆ, ਸੋਸ਼ਣ ਰਹਿਤ ਤੇ ਸਾਫ-ਸੁੱਥਰੀ ਨੌਕਰੀ ਅਧਿਆਪਕਾ ਦੀ ਹੈ, ਜਦੋਂ ਐਮ ਏ ਬੀਐਡ ਕਰਕੇ ਮੈਂ 24 ਕੁ ਸਾਲ ਦੀ ਈ ਸਰਕਾਰੀ ਅਧਿਆਪਕਾ ਬਣ ਗਈ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਨੌਕਰੀ ਭਾਵੇਂ ਦੂਸਰੇ ਜਿਲੇ ‘ਚ ਸੀ ਪਰ ਬਤੌਰ ਅਧਿਆਪਕਾ ਸਕੂਲ ਜਾਣ ਦਾ ਚਾਅ ਈ ਬੜਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਕੱਲੀ ਨੇ ਈ ਇਨਕਲਾਬ ਲੈ ਆਉਣਾ ਏ ਤੇ ਸਕੂਲ ਪਹੁੰਚ ਆਪਣੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾਉਣਾ ਵੀ ਸ਼ੁਰੂ ਕਰਵਾਇਆ। ਪਰ ਹੋਲੀ-ਹੋਲੀ ਮੈਨੂੰ ਪਤਾ ਲੱਗਿਆ ਕਿ ਦਿਮਾਗ ਦੇ ਗੰਧਲੇਪਣ ਦਾ ਨਾ ਤਾਂ ਪੜ੍ਹਾਈ-ਲਿਖਾਈ ਨਾਲ ਸੰਬੰਧ ਏ ਤੇ ਨਾ ਹੀ ਉਮਰ ਜਾਂ ਲਿੰਗ ਨਾਲ । ਜਿੱਥੇ ਮੇਰੇ ਪਿਤਾ ਦੀ ਉਮਰ ਦੇ ਪੰਜਾਬੀ ਮਾਸਟਰ ਬਲਵੀਰ ਚੰਦ ਦੀਆਂ ਗੰਦੀਆਂ ਨਜ਼ਰਾਂ, ਨਾਲ ਦੇ ਦੋ ਕੁ ਵਿਹਲੜ ਲੈਕਚਰਾਰਾਂ ਨਾਲ ਉਸਦੇ ਗੰਦੇ ਦਿਅਰਥੀ ਵਿਅੰਗ ਤੇ ਚੁਟਕਲੇ ਤੇ ਕਦੇ-ਕਦੇ ਮੇਰਾ ਸਿਰ ਪਲੋਸਣ ਦੇ ਬਹਾਨੇ ਛੂਹਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਮੈਨੂੰ ਬਹਤ ਅਲਕਤ ਆਉਂਦੀ, ਉੱਧਰ ਮੈਨੂੰ ਬਾਰਵੀਂ ਜਮਾਤ ਦੀ ਫੇਅਰਵੈੱਲ ਪਾਰਟੀ ‘ਚ ਟਾਈਟਲ ਤੇ ਚੱਲਦੇ ਗਾਣਿਆਂ ਤੋਂ ਪਤਾ ਲੱਗਾ ਕਿ ਮੇਰਾ ਨਾਂ, ਮੇਰੇ ਨਾਲ ਈ ਜੁਆਇਨ ਕਰਨ ਵਾਲੇ ਸਾਇੰਸ ਮਾਸਟਰ ਉਤੱਮ ਨਾਲ ਜੋੜਕੇ ਪੂਰੇ ਸਕੂਲ ‘ਚ ਸਾਡੀ ਜੋੜੀ ਮਸ਼ਹੂਰ ਕੀਤੀ ਪਈ ਏ, ਜਿਸ ਪਿੱਛੇ ਡਰਾਇੰਗ ਮੈਡਮ ਸੁਮਨ ਤੇ ਸਮਾਜਿਕ ਆਲੀ ਰਾਜਵੀਰ ਦਾ ਹੱਥ ਸੀ। ਮੈਂ ਕੋਈ ਦੱਬੂ ਕੁੜੀ ਥੋੜੀ ਸੀ, ਇਕ ਦਿਨ ਮੈਂ ਬਲਵੀਰ ਚੰਦ ਦੀ ਬਕਵਾਸ ਤੇ ਉਸਦੀ ਰੱਜਵੀਂ ਬੇਇਜ਼ਤੀ ਕੀਤੀ, ਦੋਵੇਂ ਮੈਡਮਾਂ ਨੇ ਵੀ ਚੰਗੀ ਬਣਨ ਲਈ ਜਦੋਂ ਮੇਰੀ ਹਾਂ ‘ਚ ਹਾਂ ਭਰੀ ਤਾਂ ਮੈਂ ਸਾਰੇ ਸਟਾਫ ਸਾਹਮਣੇ ਉਹਨਾਂ ਦੀ ਵੀ ਚੰਗੀ ਲਾਹ-ਪਾਹ ਕੀਤੀ, ਰੋਜ ਨੱਚੂ-ਨੱਚੂ ਕਰਨ ਵਾਲੇ ਲੈਕਚਰਾਰ ਤਾਂ ਬਰਫ ‘ਚ ਈ ਲੱਗ ਗਏ, ਉਸਤੋਂ ਬਾਅਦ ਨਾ ਤਾਂ ਮੈਨੂੰ ਕੋਈ ਦਿੱਕਤ ਆਈ ਤੇ ਨਾ ਈ ਮੇਰੇ ਸਟਾਫ ਨੂੰ।
ਕੁੱਝ ਸਾਲ ਬਾਅਦ ਈ ਪ੍ਰਿੰਸੀਪਲ ਦੀ ਸਿੱਧੀ ਭਰਤੀ ਆਈ, ਸਖਤ ਮਿਹਨਤ ਕਰਕੇ ਬਹੁਤ ਵਧੀਆ ਰੈਂਕ ਹਾਸਲ ਕਰ, ਆਪਣੇ ਈ ਸ਼ਹਿਰ ਦੇ ਲੋਕਲ ਸਰਕਾਰੀ ਸਕੂਲ ‘ਚ ਪ੍ਰਿੰਸੀਪਲ ਬਣ ਗਈ, ਮੈਨੂੰ ਲੱਗਿਆ ਕਿ ਹੁਣ ਮੈਂ ਅਫ਼ਸਰ ਆਂ, ਕਿਸੇ ਦਾ ਸੋਸ਼ਣ ਨਹੀਂ ਹੋਣ ਦਿੰਦੀ। ਮੇਰੇ ਹੀ ਪੁਰਾਣੇ ਜਮਾਤੀ ਐਸਡੀਓ ਸੁਮਿਤ ਨਾਲ ਰਿਸ਼ਤਾ ਤੈਅ ਹੋ ਗਿਆ, ਇੱਧਰ ਮੈਂ ਸਖਤ ਮਿਹਨਤ ਨਾਲ ਦਿਨ-ਰਾਤ ਇੱਕ ਕਰ ਸਕੂਲ ਨੂੰ ਚਮਕਾ ਦਿੱਤਾ, ਸਟੇਟ ਅਵਾਰਡ ਲਈ ਮੇਰਾ ਨਾਂ ਭੇਜਿਆ ਗਿਆ। ਇਕ ਦਿਨ ਸਕੂਲ ‘ਚ ਚੈਕਿੰਗ ਆਈ, ਸੀਈਓ ਇਕਬਾਲ ਸਿੰਘ ਦੀ ਟੀਮ ਸੀ, ਦਫ਼ਤਰ ‘ਚ ਆਉਂਦਿਆ ਈ, ਮੈਂ ਆਪਣੀ ਕੁਰਸੀ ਤੋਂ ਖੜੀ ਹੋਈ ਤਾਂ ਇਕਬਾਲ ਸਿੰਘ ਨੇ ਖਚਰੇ ਜਿਹੇ ਹਾਸੇ ‘ਚ ਕਿਹਾ, “ਬੈਠੋ ਪੂਨਮ ਮੈਮ, ਕੁਆਰੀਆਂ ਕੁੜੀਆਂ ਨੂੰ, ਇਕਬਾਲ ਸਿੰਘ ਕਦੇ ਤਕਲੀਫ ਨਹੀਂ ਦਿੰਦਾ, ਨਾਲੇ ਫੁੱਲ ਤਾਂ ਖਿੜੇ ਹੋਏ ਈ ਸੋਹਣੇ ਲੱਗਦੇ ਨੇ”। ਉਸਦੇ ਇਸ ਭੱਦੇਪਨ ਤੇ ਲੁੱਚਪੁਣੇ ਨੂੰ ਹੋਰ ਵਧਾ ਰਹੀਆਂ ਸਨ, ਕੱਪੜਿਆਂ ਵਿੱਚੋਂ ਦੀ ਬੇਸ਼ਰਮੀ ਨਾਲ ਝਾਕਦੀਆਂ ਉਸਦੀਆਂ ਭੈੜੀਆਂ ਅੱਖਾਂ। ਉਸਦੇ ਲਈ ਇਕ ਹੋਰ ਵੱਡੀ ਕੁਰਸੀ ਆ ਗਈ, ਉਸਨੇ ਬਿਲਕੁੱਲ ਮੇਰੇ ਨਾਲ ਕੁਰਸੀ ਲਾ ਲਈ ਤੇ ਆਪਣੇ ਨਾਲਦਿਆਂ ਨੂੰ ਸਕੂਲ ਚੈਕ ਕਰਨ ਲਈ ਭੇਜ ਦਿੱਤਾ। ਮੈਂ ਭਾਵੇਂ ਸੀਸੀਟੀਵੀ ਕੈਮਰੇ ਦੀ ਨਿਗਰਾਨੀ ‘ਚ ਸੀ ਪਰ ਫਿਰ ਵੀ ਉਸ ਸ਼ਖਸ ਨਾਲ ਬਹੁਤ ਅਸਹਿਜ ਮਹਿਸੂਸ ਕਰ ਰਹੀ ਸੀ।
ਚਾਹ ਫੜਾ ਕੇ ਪੀਅਨ ਦੇ ਬਾਹਰ ਜਾਂਦਿਆਂ ਈ ਰਿਕਾਰਡ ਚੈਕ ਕਰਦੇ-ਕਰਦੇ, ਮੌਕੇ ਦੀ ਭਾਲ ‘ਚ ਬੈਠੇ ਇਸ ਭੈੜੀਏ ਨੇ ਬਹੁਤ ਈ ਗਲਤ ਤਰੀਕੇ ਨਾਲ ਬਿਲਕੁਲ ਮੇਰੇ ਕੋਲ ਆਕੇ, ਮੇਰੇ ਮੋਢੇ ਤੇ ਹੱਥ ਰੱਖਦਿਆਂ, ਆਪਣੇ ਕੋਲ ਖਿੱਚਣ ਦੀ ਵਾਹਿਯਾਤ ਕੋਸ਼ਿਸ਼ ਕੀਤੀ, ‘ਚੱਟਾਕ’, ਇਕ ਜੋਰਦਾਰ ਚਪੇੜ ਰਿਟਾਇਰਮੈਂਟ ਦੇ ਲਾਗੇ ਪਹੁੰਚੇ ਇਕਬਾਲ ਸਿੰਘ ਦੇ ਜੜਦਿਆਂ, ਮੈਂ ਉਸਨੂੰ ਝਿੜਕਦਿਆਂ ਖੜੀ ਹੋ ਗਈ, ਬੇਇੱਜ਼ਤ ਹੋਕੇ ਉਸਨੇ ਚੁੱਪਚਾਪ ਨਿਕਲਣ ‘ਚ ਈ ਭਲਾਈ ਸਮਝੀ ਪਰ ਮੈਂ ਚੁੱਪ ਰਹਿਣ ਵਾਲੀ ਨਹੀਂ ਸੀ। ਆਪਣੇ ਮੰਗੇਤਰ ਤੇ ਪਰਿਵਾਰ ਦੇ ਸਾਥ ਨਾਲ ਮੈਂ ਸੀਸੀਟੀਵੀ ਫੁਟੇਜ ਨਾਲ ਉਚ ਪੱਧਰ ਤੇ ਸ਼ਿਕਾਇਤ ਕੀਤੀ। ਚੰਡੀਗੜ੍ਹ ਪੇਸ਼ੀ ਸੀ, ਮੇਰੇ ਆਦਰਸ਼, ਜੋ ਪੰਜਾਬ ਦੇ ਉੱਘੇ ਸਾਹਿਤਕਾਰ ਤੇ ਵੱਡੇ ਅਧਿਕਾਰੀ ਨੇ ਅਤੇ ਵਿਭਾਗ ਦੀਆਂ ਦੋ ਮਹਿਲਾ ਅਫ਼ਸਰ ਜਾਂਚ ਅਧਿਕਾਰੀ ਸਨ, ਸੀਈਓ ਸਾਹਿਬ ਨੇ ਲਿਖਤੀ ਜਵਾਬ ਦਿੱਤਾ ਕਿ ਮੇਰੀ ਕੁੜੀ ਜਿੱਡੀ ਉਮਰ ਦੀ ਸੀ ਤਾਂ ਮੈਂ ਹੱਥ ਰੱਖ ਬੈਠਾ, ਅਖੀਰ ਮੈਨੂੰ ਬੁਲਾਇਆ ਗਿਆ, ਕੁੱਲ ਮਿਲਾ ਕੇ ਸਰਕਾਰੀ ਕਾਗਜਾਂ ‘ਚ ਤਾਂ ਗੱਲ ਇਹ ਮੁੱਕੀ ਕਿ ਸੀਈਓ ਸਾਬ੍ਹ ਤੇ ਮੇਰੇ ‘ਚ ਗਲਤਫਹਿਮੀ ਹੋ ਗਈ ਸੀ ਤੇ ਕਾਗਜਾਂ ਤੋਂ ਬਾਹਰ ਇਕਬਾਲ ਸਿੰਘ ਨੇ ਮੇਰੇ ਤੋਂ ਨਕਲੀ ਜਿਹੀ ਮਾਫੀ ਜਿਹੀ ਮੰਗੀ ਤੇ ਜਾਂਚ ਕਮੇਟੀ ਨੇ ਮੌਖਿਕ ਆਦੇਸ਼ ਦੇ ਦਿੱਤਾ ਕਿ ਮੈੰ ਜਿਸ ਵੀ ਸਕੂਲ ‘ਚ ਹੋਵਾਂਗੀ, ਦੁਬਾਰਾ ਕਦੇ ਵੀ ਮੇਰੇ ਸਕੂਲ ‘ਚ ਇਕਬਾਲ ਸਿੰਘ ਨਹੀਂ ਆਵੇਗਾ। ਬਾਹਰ ਖੜੇ ਆਪਣੇ ਮੰਗੇਤਰ ਤੇ ਪਿਤਾ ਵੱਲ ਵੇਖ ਮੈਂ ਭਰੇ ਮੰਨ੍ਹ ਨਾਲ ਦਸਤਖਤ ਕਰ ਰਹੀ ਸੀ ਤਾਂ ਮੇਰੇ ਆਦਰਸ਼ ਸਾਹਿਤਕਾਰ ਜੀ ਨੇ ਹੱਸਦੇ ਹੋਏ ਕਿਹਾ,”ਪੂਨਮ, ਆਪਾਂ ਮਹਿਕਮੇ ਦੇ ਅਕਸ ਦਾ ਵੀ ਤਾਂ ਖਿਆਲ ਰੱਖਣਾ ਏ, ਆਪਣੀ ਸੋਚ ਨੂੰ ਹੋਰ ਉੱਚਾ ਕਰੋ, ਨਾਲੇ ਇੰਨੀਆਂ ਸੋਹਣੀਆਂ ਮੈਡਮਾਂ ਨਾਲ ਇੰਨਾ ਕੁ ਤਾਂ ਹੋ ਈ ਜਾਂਦਾ ਏ”। ਮਹਿੰਗੇ ਕੋਟਪੈਂਟ ਤੇ ਬੇਸ਼ਕੀਮਤੀ ਸਾੜੀਆਂ ਵਿੱਚ ਸਜੀ ਹੋਈ ਸਾਰੀ ਈ ਉਚ ਪੱਧਰੀ ਜਾਂਚ ਟੀਮ ਦੇ ਬੇਸ਼ਰਮ ਜਿਹੇ ਹਾਸੇ ਵਿੱਚੋਂ, ਉਨਾਂ ਦੇ ਅਖੌਤੀ ਬੁੱਧੀਜੀਵੀਪਨ ਦਾ ਨੰਗੇਜ ਸਾਫ ਦਿਖਾਈ ਦੇ ਰਿਹਾ ਸੀ।
ਅਸ਼ੋਕ ਸੋਨੀ, ਕਾਲਮਨਵੀਸ
ਪਿੰਡ ਖੂਈ ਖੇੜਾ, 9872705078
Author: Gurbhej Singh Anandpuri
ਮੁੱਖ ਸੰਪਾਦਕ