ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪੰਥ ਪ੍ਰਤੀ ਦ੍ਰਿੜ ਵਿਸ਼ਵਾਸ਼, ਸਮਰਪਿਤ ਭਾਵਨਾ, ਵਿਦਵਤਾ, ਗੁਰਬਾਣੀ ਗਿਆਨ, ਇਤਿਹਾਸਕ ਖੋਜ, ਤੁਲਨਾਤਮਕ ਅਧਿਐਨ, ਕੌਮੀ ਮਸਲਿਆਂ ਦੀ ਗੰਭੀਰ ਸੋਝੀ, ਸੰਗਤ ਪਿਆਰ, ਗੁਰਬਾਣੀ ਨੇਮ ਅਤੇ ਸ੍ਰੀ ਆਕਾਲ ਤਖਤ ਸਾਹਿਬ ਜੀ ਵੱਲੋਂ ਪੰਥ ਪਰਵਾਣਿਤ ਸਿੱਖ ਰਹਿਤ ਮਰਯਾਦਾ ਦੀ ਸਖ਼ਤ ਬੰਦਿਸ਼ ਦੇ ਸਾਂਚੇ ਵਿੱਚ ਢਲੀ ਹੋਈ ਸ਼ਖ਼ਸੀਅਤ ਦਾ ਨਾਮ ਹੈ ‘ ਪ੍ਰਿੰਸੀਪਲ ਸੁਰਿੰਦਰ ਸਿੰਘ ‘।
ਪ੍ਰਿੰਸੀਪਲ ਸਾਹਿਬ ਦਾ ਜਨਮ 15 ਮਈ, 1956 ਨੂੰ ਪਿਤਾ ਸਰਦਾਰ ਅਜੀਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਜੀ ਦੇ ਘਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਪਰਿਵਾਰ ਤੋਂ ਮਿਲੀ ਗੁੜ੍ਹਤੀ ਅਤੇ ਗੁਰੂ ਨਾਨਕ ਸਾਹਿਬ ਦੇ ਦਰ ਦੀ ਅਸੀਸ ਨਾਲ 1972-73 ਵਿੱਚ ਦਸ਼ਮੇਸ਼ ਸੇਵਕ ਜਥਾ ਬਣਾ ਕੇ ਜੋੜਿਆਂ ਦੀ ਸੇਵਾ ਰਾਹੀਂ ਸੰਗਤ ਦੀਆਂ ਅਸੀਸਾਂ ਲੈਦਿਆਂ 1985 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਪਰਚਾਰਕ ਦੀ ਸੇਵਾ ਨਿਭਾਉਣ ਲਈ ਭਰਤੀ ਹੋਏ। ਸੰਨ 1992 ਵਿੱਚ ਸੰਗਤਾਂ ਦੇ ਪ੍ਰੇਰਨਾ ਸਦਕਾ ਅਨੰਦਪੁਰ ਸਾਹਿਬ ਤੋਂ MC ਦੀ ਚੋਣ ਜਿੱਤੀ ਅਤੇ 1988 ਤੋਂ 1993 ਤੱਕ ਨੇਤਰਹੀਣ ਸੰਗੀਤ ਵਿਦਿਆਲੇ ਵਿੱਚ ਗੁਰਮਤਿ ਪਰਚਾਰ ਦੀਆਂ ਸੇਵਾਵਾਂ ਨਿਭਾਈਆਂ। 1993-95 ਤੱਕ ਅਕਾਲ ਗੁਰਮਤਿ ਸੰਗੀਤ ਕਾਲਜ, ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਅਰਪਿਤ ਕਰਨ ਤੋਂ ਬਾਦ 1995 ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਮਿਸ਼ਨਰੀ ਕਾਲਜ ਦੀ ਸਥਾਪਨਾ ਕੀਤੀ ਅਤੇ ਉਥੋਂ ਹਜ਼ਾਰਾਂ ਰਾਗੀ, ਪਰਚਾਰਕ ਅਤੇ ਵਿਦਵਾਨ ਪੈਦਾ ਕਰਕੇ ਕੌਮ ਨੂੰ ਸਮਰਪਿਤ ਕੀਤੇ। ਸਾਲ 2011 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਨਵੰਬਰ 2021 ਵਿੱਚ ਕੌਮ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਸਰਬ ਸੰਮਤੀ ਨਾਲ ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਣਾ ਕੇ ਉਹਨਾਂ ਨੂੰ ਕੌਮੀ ਸੇਵਾਵਾਂ ਲਈ ਮਾਣ ਬਖਸ਼ਿਆ। ਇਹ ਪਿਆਰ ਭਿੱਜੀ ਹਸਤੀ ਮਿਤੀ 13-6-2022 ਨੂੰ ਸਦੀਵ ਕਾਲ ਲਈ ਗੁਰੂ ਚਰਨਾਂ ਪਾਸ ਜਾ ਬਿਰਾਜੀ ਹੈ। ਉਹਨਾਂ ਸਬੰਧੀ ਅਰਦਾਸ ਸਮਾਗਮ ਮਿਤੀ 22-6-2022 ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦਸ਼ਮੇਸ਼ ਦੀਵਾਨ ਹਾਲ ਵਿਖੇ ਹੋਵੇਗਾ ।
Author: Gurbhej Singh Anandpuri
ਮੁੱਖ ਸੰਪਾਦਕ