ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਐੱਮ.ਪੀ. ਬਣਨ ‘ਤੇ ਮੁਬਾਰਕਬਾਦ
ਅੰਮ੍ਰਿਤਸਰ, 26 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਲੋਕ ਸਭਾ ਦੀ ਸੰਗਰੂਰ ਜ਼ਿਮਨੀ ਚੋਣ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਹੋਈ ਸ਼ਾਨਦਾਰ ਜਿੱਤ ‘ਤੇ ਮੁਬਾਰਕਬਾਦ ਦਿੰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਭਾਈ ਕਰਨਪ੍ਰੀਤ ਸਿੰਘ ਵੇਰਕਾ ਨੇ ਕਿਹਾ ਕਿ ਕੌਮ ਦੇ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਹੁਣ ਖ਼ਾਲਿਸਤਾਨ ਦੇ ਸੰਘਰਸ਼ ਨੂੰ ਵੱਡਾ ਬਲ ਮਿਲ਼ੇਗਾ। ਇਹ ਪੰਥ ਅਤੇ ਪੰਜਾਬ ਦੀ ਜਿੱਤ ਹੈ, ਨੇਕੀ ਅਤੇ ਇਨਸਾਫ਼ ਦੀ ਜਿੱਤ ਹੈ, ਸੱਚ ਦੀ ਜਿੱਤ ਹੈ, ਖ਼ਾਲਿਸਤਾਨੀਆਂ ਦੀ ਜਿੱਤ ਹੈ। ਇਸ ਪਿੱਛੇ ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੀ ਦੇਣ ਨੂੰ ਵੀ ਕਦੇ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਸੰਗਰੂਰ ਵਾਸੀਓ ਤੁਸੀਂ ਸੁਨਹਿਰੀ ਇਤਿਹਾਸ ਸਿਰਜ ਦਿੱਤਾ, ਤੁਸੀਂ ਖ਼ਾਲਸਾ ਪੰਥ ਦਾ ਦਿਲ ਜਿੱਤ ਲਿਆ ਹੈ, ਬਾਦਲਕੇ-ਕਾਂਗਰਸੀ-ਭਾਜਪਾਈ ਤੇ ਝਾੜੂ ਵਾਲ਼ੇ ਨੁੱਕਰੇ ਲਾ ਦਿੱਤੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ, ਸਾਡੀ ਨਸਲਕੁਸ਼ੀ ਕੀਤੀ, ਧੀਆਂ-ਭੈਣਾਂ ਦੀ ਪੱਤ ਰੋਲੀ, ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ, ਜੇਲ੍ਹਾਂ ‘ਚ ਤੁੰਨਿਆ ਉਸ ਕਾਂਗਰਸ ਦਾ ਪੰਜਾਬ ‘ਚ ਖਤਮ ਹੋਣਾ ਬੇਹੱਦ ਖ਼ੁਸ਼ੀ ਵਾਲੀ ਗੱਲ ਹੈ ਅਤੇ ਜਿਨ੍ਹਾਂ ਅਖੌਤੀ ਅਕਾਲੀ ਬਾਦਲਕਿਆਂ ਨੇ ਪੰਥ ਅਤੇ ਪੰਜਾਬ ਨਾਲ ਗ਼ੱਦਾਰੀਆਂ ਕੀਤੀਆਂ, ਬਰਗਾੜੀ ਅਤੇ ਬਹਿਬਲ ਕਾਂਡ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ, ਸਿੰਘ ਸ਼ਹੀਦ ਕੀਤੇ ਉਹਨਾਂ ਬਾਦਲਕਿਆਂ ਦਾ ਹੁਣ ਕੱਖ ਨਹੀਂ ਰਿਹਾ। ਇਸੇ ਤਰ੍ਹਾਂ ਭਾਜਪਾਈਆਂ ਅਤੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਬਕ ਸਿਖਾ ਕੇ ਸੁਨੇਹਾ ਦਿੱਤਾ ਹੈ ਪੰਜਾਬ ਦਿੱਲੀ ਦਰਬਾਰ ਅੱਗੇ ਝੁਕੇਗਾ ਨਹੀਂ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨਾਲ ਹੁਣ ਪੰਥਕ ਰਾਜਨੀਤੀ ਦਾ ਮੁੜ ਤੋਂ ਮੁੱਢ ਬੱਝ ਗਿਆ ਹੈ, ਪੰਜਾਬ ਨੂੰ ਬਚਾਉਣ ਲਈ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦੇ ਹੱਥਾਂ ‘ਚ ਸੱਤਾ ਆਉਣੀ ਬੇਹੱਦ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੁਣ ਪੰਥ ਅਤੇ ਪੰਜਾਬ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਅ ਕੇ ਜ਼ੋਰਦਾਰ ਆਵਾਜ਼ ਬੁਲੰਦ ਕਰਨਗੇ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਕੁਰਬਾਨੀ ਅਤੇ ਦ੍ਰਿੜਤਾ ਅੱਗੇ ਸਾਡਾ ਸਿਰ ਝੁਕਦਾ ਹੈ। ਇਸ ਮੌਕੇ ਮਨਪ੍ਰੀਤ ਸਿੰਘ ਮੰਨਾ, ਜਸਕਰਨ ਸਿੰਘ ਪੰਡੋਰੀ, ਹਰਮਿੰਦਰ ਸਿੰਘ ਹੈਰੀ ਭਿੰਡਰ, ਅੰਗਰੇਜ਼ ਸਿੰਘ ਕੋਠਾ ਗੁਰੂ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ