ਅੰਮ੍ਰਿਤਸਰ, 6 ਜੁਲਾਈ ( ਹਰਮੇਲ ਸਿੰਘ ਹੁੰਦਲ ) ਸੰਗਰੂਰ ਜ਼ਿਮਨੀ ਚੋਣ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੋਲਡਨ ਗੇਟ ਵਿਖੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਅਗਵਾਈ ਚ ਸਿੱਖ ਨੌਜਵਾਨਾਂ ਵੱਲੋੰ ਸਿਰੋਪੇ, ਹਾਰ ਤੇ ਦੁਸ਼ਾਲੇ ਪਾ ਕੇ ਖ਼ਾਲਸਾਈ ਜੈਕਾਰਿਆਂ ਦੀ ਭਰਵੀਂ ਗੂੰਜ ਚ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਉਹਨਾਂ ਦੇ ਜਿੱਤ ਦੀ ਖ਼ੁਸ਼ੀ ਚ ਲੱਡੂ ਵੀ ਵੰਡੇ ਗਏ। ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਗਰੋਂ ਪਿਛਲੇ ਦਿਨੀਂ ਕੋਰੋਨਾ ਹੋ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਹਸਪਤਾਲ ‘ਚ ਦਾਖਲ ਹੋਣਾ ਪਿਆ ਤੇ ਸਿਹਤਯਾਬ ਹੋਣ ਮਗਰੋਂ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਕੱਲ੍ਹ ਮੱਥਾ ਟੇਕਿਆ। ਅੱਜ ਜਦੋਂ ਸ੍ਰੀ ਅੰਮ੍ਰਿਤਸਰ ਤੋਂ ਐੱਮ ਪੀ ਸਿਮਰਨਜੀਤ ਸਿੰਘ ਮਾਨ ਬਰਗਾੜੀ ਵੱਲ ਨੂੰ ਰਵਾਨਾ ਹੋਣ ਲੱਗੇ ਤਾਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਹੱਥਾਂ ਚ ਚੁੱਕ ਲਿਆ ਤੇ ਜਥੇਬੰਦੀਆਂ ਨੇ ਉਹਨਾਂ ਦਾ ਥਾਂ ਥਾਂ ‘ਤੇ ਸਵਾਗਤ ਕੀਤਾ। ਐੱਮ ਪੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ਚ ਸਹੁੰ ਚੁੱਕਣ ਤੋਂ ਬਾਅਦ ਓਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਹਿਬਲ ਗੋਲ਼ੀ ਕਾਂਡ ਦੇ ਇਨਸਾਫ਼, ਪੰਥ ਅਤੇ ਪੰਜਾਬ ਦੇ ਹੱਕਾਂ, ਬੰਦੀ ਸਿੰਘਾਂ ਦੀ ਰਿਹਾਈ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਖ਼ਿਲਾਫ਼ ਆਵਾਜ਼ ਬੁਲੰਦ ਕਰਨਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਤੋਂ ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਵੱਡੀਆਂ ਆਸਾਂ ਹਨ। ਉਹਨਾਂ ਕਿਹਾ ਕਿ ਮਾਨ ਸਾਬ੍ਹ ਨੇ ਜਿੱਤ ਪ੍ਰਾਪਤ ਕਰਕੇ ਬਾਦਲਕੇ, ਕਾਂਗਰਸੀ ਤੇ ਭਾਜਪਾਈ ਨੁੱਕਰੇ ਲਾ ਦਿੱਤੇ ਹਨ ਤੇ ਆਮ ਆਦਮੀ ਪਾਰਟੀ ਦਾ ਵੀ ਹੰਕਾਰ ਤੋੜ ਦਿੱਤਾ ਹੈ। ਉਹਨਾਂ ਕਿਹਾ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨ ਦਾ ਝੰਡਾ ਚੁੱਕਣ ਵਾਲਿਆਂ ਦੀ ਜਿੱਤ ਹੈ, ਇਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧੌਣ ਚ ਗੱਡਿਆ ਕਿੱਲਾ ਵੀ ਕੱਢ ਦਿੱਤਾ ਹੈ ਤੇ ਪੰਜਾਬ ਨੇ ਸਿਮਰਨਜੀਤ ਸਿੰਘ ਮਾਨ ਦਾ ਹਾਰ ਵਾਲਾ ਮਿਹਣਾ ਮੋੜ ਕੇ ਜਿੱਤ ਨਸੀਬ ਕਰਵਾਈ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਸਰਕਾਰੀ ਬੱਸਾਂ ਚੋਂ ਫੋਟੋਆਂ ਉਤਾਰਨ ਦਾ ਯਤਨ ਨਾ ਕਰੇ, ਨਹੀਂ ਤਾਂ ਅਸੀਂ ਪੰਜਾਬ ਦੇ ਹਰ ਥਾਂ ਅਤੇ ਵਾਹਨ ਤੇ ਸੰਤ ਭਿੰਡਰਾਂਵਾਲਿਆਂ ਅਤੇ ਜਥੇਦਾਰ ਹਵਾਰੇ ਦੀਆਂ ਫੋਟੋਆਂ ਲਾ ਦੇਵਾਂਗੇ। ਉਹਨਾਂ ਬਠਿੰਡਾ ਜੇਲ੍ਹ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਅਤੇ ਜ਼ੁਲਮ-ਤਸ਼ੱਦਦ ਢਾਹੁਣ ਵਾਲਿਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਹਮਲਾ ਗੁਰੂ ਦੀ ਮੋਹਰ ਅਤੇ ਪੰਥ ਦੀ ਅਣਖ਼ ਤੇ ਕੀਤਾ ਗਿਆ ਹੈ, ਜੇ ਸਰਕਾਰ ਨੇ ਦੋਸ਼ੀ ਅਫ਼ਸਰਾਂ ਨੂੰ ਨੱਥ ਨਾ ਪਾਈ ਤਾਂ ਖ਼ਾਲਸਾ ਪੰਥ ਚੁੱਪ ਨਹੀਂ ਬੈਠੇਗਾ। ਉਹਨਾਂ ਕਿਹਾ ਕਿ ਸਰਕਾਰ ਨੇ ਸਿੱਖਾਂ ਪ੍ਰਤੀ ਜੋ ਮਾੜਾ ਵਤੀਰਾ ਅਪਣਾਇਆ ਹੋਇਆ ਉਸ ਨਾਲ ਹਲਾਤ ਸੁਖਾਵੇਂ ਨਹੀਂ ਰਹਿਣਗੇ ਜਿਸ ਦੀ ਜ਼ਿੰਮੇਵਾਰ ਕੇਂਦਰ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਹਰਪਾਲ ਸਿੰਘ ਬਲੇਰ, ਪੀ.ਏ. ਰਣਦੀਪ ਸਿੰਘ, ਬਲਵਿੰਦਰ ਸਿੰਘ ਕਾਲਾ, ਹਰਬੀਰ ਸਿੰਘ ਸੰਧੂ, ਮਲਕੀਤ ਸਿੰਘ ਖ਼ਾਲਸਾ, ਹਰਪਾਲ ਸਿੰਘ ਖ਼ਾਲਿਸਤਾਨੀ, ਪਰਮਿੰਦਰ ਸਿੰਘ ਬਾਲਿਆਂਵਾਲੀ, ਪ੍ਰਿਤਪਾਲ ਸਿੰਘ, ਰਵੀਸ਼ੇਰ ਸਿੰਘ, ਬੀਬੀ ਕੁਲਵਿੰਦਰ ਕੌਰ ਤੁਗਲਾਵਾਲਾ, ਬੀਬੀ ਸੁਰਜੀਤ ਕੌਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ