ਜਲੰਧਰ ‘ਚ ਮਾਮੂਲੀ ਤਕਰਾਰ ਤੋਂ ਬਾਅਦ 23 ਸਾਲਾ ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ, ਜਦਕਿ ਉਸ ਦੇ ਦੋਸਤ ਨੂੰ ਲੋਹੇ ਦੀਆਂ ਰਾਡਾਂ ਨਾਲ ਬੁਰੀ ਤਰ੍ਹਾਂ ਕੁੱਟ ਕੇ ਗੰਭੀਰ ਜ਼ਖਮੀ ਕਰ ਦਿੱਤਾ। ਗੰਭੀਰ ਹਾਲਤ ‘ਚ ਫੁੱਟਬਾਲ ਖਿਡਾਰੀ ਦਾ ਦੋਸਤ ਫਗਵਾੜਾ ਦੇ ਇਕ ਨਿੱਜੀ ਹਸਪਤਾਲ ‘ਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਗੁਰਾਇਆ ਦੇ ਡਾਕਖਾਨਾ ਰੋਡ ‘ਤੇ ਰਹਿਣ ਵਾਲਾ ਕਰਨਦੀਪ ਮੁਹੰਮਦ ਉਰਫ ਕਰਨ ਪੁੱਤਰ ਬੂਟਾ ਮੁਹੰਮਦ ਆਪਣੇ ਦੋਸਤ ਰਜਤ ਨਾਲ ਗੁਰਾਇਆ ਦੇ ਮੁਹੱਲਾ ਮੰਗਾ ਗਿਆ ਸੀ। ਉੱਥੇ ਹੀ ਪਿੰਡ ਮੰਗਾ ਵਾਸੀ ਵਰਿੰਦਰਾ ਦਾ ਪੁੱਤਰ ਮੰਗਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ।
ਇਸ ਤੋਂ ਬਾਅਦ ਵਰਿੰਦਰ ਨੇ ਆਪਣੇ ਪਿਤਾ ਮੰਗਾ ਅਤੇ ਭਰਾ ਗੁਰਪ੍ਰੀਤ ਗੋਪੀ ਨੂੰ ਵੀ ਘਰੋਂ ਬੁਲਾ ਲਿਆ। ਪਿਓ-ਪੁੱਤ ਘਰੋਂ ਤੇਜ਼ਧਾਰ ਹਥਿਆਰਾਂ ਸਮੇਤ ਲੋਹੇ ਦੀਆਂ ਰਾਡਾਂ ਲੈ ਕੇ ਆਏ। ਇਸ ਤੋਂ ਬਾਅਦ ਤਿੰਨਾਂ ਨੇ ਕਰਨ ਅਤੇ ਉਸ ਦੇ ਦੋਸਤ ਰਜਤ ‘ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਤਿੰਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਰਨ ਮੁਹੰਮਦ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਦੋਂ ਕਿ ਉਸ ਦੇ ਦੋਸਤ ਨੂੰ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਵੀ ਕੱਟ ਦਿੱਤਾ।
ਹਮਲਾਵਰ ਦੋਵਾਂ ਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਜਦੋਂ ਦੋਵਾਂ ਜ਼ਖਮੀਆਂ ਨੂੰ ਉਥੇ ਦੇਖਿਆ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਸਰਕਾਰੀ ਹਸਪਤਾਲ ‘ਚ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਰਜਤ ਨੂੰ ਫਗਵਾੜਾ ਦੇ ਇਕ ਨਿੱਜੀ ਹਸਪਤਾਲ ‘ਚ ਭੇਜ ਦਿੱਤਾ ਗਿਆ, ਜਦਕਿ ਫੁੱਟਬਾਲ ਖਿਡਾਰੀ ਕਰਨ ਮੁਹੰਮਦ ਨੂੰ ਵੀ ਫਗਵਾੜਾ ਤੋਂ ਰੈਫਰ ਕਰ ਕੇ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਭੇਜ ਦਿੱਤਾ ਗਿਆ। ਜਿੱਥੇ ਕਰਨ ਦੀ ਮੌਤ ਹੋ ਗਈ। ਹਸਪਤਾਲ ਵਿੱਚ ਰਜਤ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।
Author: Gurbhej Singh Anandpuri
ਮੁੱਖ ਸੰਪਾਦਕ