ਕਹਿੰਦੇ ਭਗਤ ਸਿੰਘ ਨੇ ਅਜ਼ਾਦੀ ਦਿਵਾਈ ਉਸ ਦਾ ਸਤਿਕਾਰ ਕਰੋ। ਜਿਨ੍ਹਾਂ ਲੋਕਾਂ ਨੂੰ ਅਜ਼ਾਦੀ ਮਿਲੀ, ਉਹਨਾਂ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਭਗਤ ਸਿੰਘ ਦਾ ਸਤਿਕਾਰ ਕਰਨ। ਕੀ ਭਾਰਤ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਦਲਿਤਾਂ ਨੂੰ ਅਜ਼ਾਦੀ ਮਿਲੀ ਹੈ ? ਕੀ ਸਿੱਖਾ, ਮੁਸਲਮਾਨਾਂ ਅਤੇ ਦਲਿਤਾਂ ਨੂੰ ਸੰਵਿਧਾਨ ਦੇ ਹਿਸਾਬ ਨਾਲ ਜੀਣ ਦਾ ਹੱਕ ਮਿਲਿਆ ?
ਭਾਰਤ ਦੀ ਹਿੰਦੂਤਵੀ ਸਰਕਾਰ ਨੇ ਅਜ਼ਾਦੀ ਤੋਂ ਤਿੰਨ ਸਾਲ ਬਾਅਦ (1950 ‘ਚ) ਜਿਹੜਾ ਸੰਵਿਧਾਨ ਲਾਗੂ ਕੀਤਾ ਉਸ ਵਿੱਚ ਸਿੱਖਾਂ ਨੂੰ ਹਿੰਦੂਆਂ ਦਾ ਅੰਗ ਦੱਸਿਆ ਅਤੇ ਅਜ਼ਾਦੀ ਤੋਂ ਅੱਠ ਸਾਲ ਬਾਅਦ (1955 ‘ਚ) ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ‘ਤੇ ਹਮਲਾ ਕਰ ਦਿੱਤਾ ਅਤੇ ਸੈਂਕੜੇ ਸਿੰਘਾਂ-ਸਿੰਘਣੀਆਂ ਤੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਕੀ ਇਸ ਨੂੰ ਅਜ਼ਾਦੀ ਕਹਿੰਦੇ ਹਨ ?
ਸਿੱਖਾਂ ਵਿਰੁੱਧ ਚੱਲਣ ਵਾਲੇ ਨਰਕਧਾਰੀਏ ਨੂੰ ਪੰਜਾਬ ਵਿੱਚ ਸਰਕਾਰੀ ਸੁਰੱਖਿਆ ਹੇਠ ਭੇਜਿਆ ਅਤੇ ਬਾਦਲ ਵਰਗੇ ਗ਼ਦਾਰ ਨੂੰ ਨਾਲ ਲੈ ਕੇ ਸਿੱਖਾਂ ਵਿਰੁੱਧ ਮਾਹੌਲ ਸਿਰਜਿਆ ਅਤੇ 13 ਸਿੱਖਾ ਨੂੰ ਸ਼ਹੀਦ ਕਰਵਾਉਣ ਵਾਲਾ ਗੁਰਬਚਨਾ ਬਾਇੱਜ਼ਤ ਬਰੀ ਕਰ ਦਿੱਤਾ। ਕੀ ਇਹ ਅਜ਼ਾਦੀ ਹੈ ?
1984 ਵਿੱਚ ਟੈਂਕਾਂ-ਤੋਪਾਂ ਨਾਲ ਹਮਲਾ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਮੌਤ ਦੇ ਘਾਟ ਉਤਾਰਿਆ ਦਿੱਤਾ ਗਿਆ। ਕੀ ਇਹ ਅਜ਼ਾਦੀ ਹੈ ? ਸਿੱਖ ਅਜ਼ਾਦੀ ਲਈ ਲੜਦੇ ਖਾੜਕੂਆਂ ਦੇ ਪਰਿਵਾਰਾਂ ਨੂੰ ਤਸੀਹੇ ਦੇ ਮਾਰ ਦੇਣਾ ਕੀ ਇਹ ਅਜ਼ਾਦੀ ਹੈ ?
ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੀ ਦੋਸ਼ੀ ਪਾਪਣ ਇੰਦਰਾ ਗਾਂਧੀ ਦੇ ਕਤਲ ਮਗਰੋਂ ਬੇਕਸੂਰ ਸਿੱਖ ਨੌਜਵਾਨਾਂ-ਬਜ਼ੁਰਗਾਂ ਦੇ ਗਲਾਂ ਵਿੱਚ ਬਲਦੇ ਟਾਇਰ ਪਾ ਕੇ ਸਾੜ ਦੇਣਾ, ਬੀਬੀਆਂ ਅਤੇ ਨੌਜਵਾਨ ਬੱਚੀਆਂ ਦੇ ਬਲਾਤਕਾਰ ਕਰਨਾ ਛੋਟੇ-ਛੋਟੇ ਬੱਚਿਆਂ ਨੂੰ ਜਿਊਂਦੇ-ਜੀਅ ਸਾੜ ਦੇਣਾ ਅਤੇ 38 ਸਾਲ ਬੀਤ ਜਾਣ ‘ਤੇ ਵੀ ਕੋਈ ਇਨਸਾਫ਼ ਨਾ ਦੇਣਾ ਕੀ ਇਸ ਨੂੰ ਅਜ਼ਾਦੀ ਕਹਿੰਦੇ ਹਨ ?
ਸਜ਼ਾਵਾਂ ਪੂਰੀਆ ਕਰ ਚੁੱਕੇ ਸਿੱਖਾ ਨੂੰ ਜੇਲ੍ਹਾਂ ਵਿੱਚ ਬੰਦੀ ਬਣਾਈ ਰੱਖਣਾ ਕੀ ਇਸੇ ਨੂੰ ਅਜ਼ਾਦੀ ਕਹਿੰਦੇ ਹਨ ? ਧਾਰਮਿਕ ਕਿਤਾਬਾਂ ਰੱਖਣ ਤੇ ਸਿੱਖਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦੇਣੀਆਂ ਕੀ ਇਸੇ ਨੂੰ ਅਜ਼ਾਦੀ ਕਹਿੰਦੇ ਹਨ ?
ਹਿੰਦੂ ਕੋਲ਼ ਏ ਕੇ 47 ਵਰਗੇ ਹਥਿਆਰ ਮਿਲ ਜਾਣ, ਹਿੰਦੂ ਸਮਝੌਤਾ ਐਕਸਪ੍ਰੈਸ ਵਰਗੀਆਂ ਰੇਲਾਂ ਵਿੱਚ ਬੰਬ ਧਮਾਕੇ ਕਰ ਦੇਣ। ਹਿੰਦੂ ਲੋਕ ਮਾਲੇਗਾਂਵ ਵਿੱਚ ਬੰਬ ਧਮਾਕੇ ਦੇ ਦੋਸ਼ੀ ਹੋਣ ‘ਤੇ ਵੀ ਦੇਸ਼ ਭਗਤ ਹਨ। ਸਿੱਖਾਂ ਕੋਲੋਂ ਦੇਸੀ ਪਿਸਤੌਲ ਮਿਲਣ ਤੇ ਮਕੋਕਾ, ਯੂਏਪੀਏ, ਟਾਡਾ ਵਰਗੇ ਕਾਨੂੰਨ ਤਹਿਤ ਕਈ ਸਾਲਾਂ ਤੱਕ ਜੇਲ੍ਹਾਂ ਅਤੇ ਅੱਤਵਾਦੀ ਦਾ ਖਿਤਾਬ ਕੀ ਇਹ ਅਜ਼ਾਦੀ ਹੈ ?
ਰਾਹ ਜਾਂਦੇ ਮੁਸਲਮਾਨਾਂ ਨੂੰ ਫੜ ਕੇ ਜਬਰੀ ਜੈ ਸ੍ਰੀ ਰਾਮ ਕਹਿਣ ਤੇ ਮਜਬੂਰ ਕਰਨਾ ਕੀ ਇਹ ਅਜ਼ਾਦੀ ਹੈ ? ਹਿੰਦੂ ਭੀੜਾਂ ਵੱਲੋ ਮੁਸਲਮਾਨਾਂ ਨੂੰ ਕੁੱਟ ਕੁੱਟ ਕੇ ਮਾਰ ਦੇਣਾ ਕੀ ਇਹ ਅਜ਼ਾਦੀ ਹੈ ? ਰਾਜ ਦੇ ਦਮ ਤੇ ਮਸਜਿਦ ਨੂੰ ਤੋੜ ਕੇ ਮੰਦਰ ਬਣਾ ਦੇਣਾ ਕੀ ਇਹ ਅਜ਼ਾਦੀ ਹੈ ?
ਭਾਰਤ ਦੇ ਦਲਿਤ ਰਾਸ਼ਟਰਪਤੀ ਨੂੰ ਮੰਦਰ ‘ਚ ਪੂਜਾ ਨਾ ਕਰਨ ਦੇਣੀ ਕੀ ਇਹ ਅਜ਼ਾਦੀ ਹੈ। ਪੰਜਾਬ ਤੋਂ ਬਾਹਰ ਦਲਿਤਾਂ ਦੇ ਪੁੱਤਾਂ ਨੂੰ ਵਿਆਹਾਂ ਵੇਲੇ ਘੋੜੀ ਨਹੀਂ ਚੜ੍ਹਨ ਦੇਣਾ, ਦਲਿਤਾਂ ਨੂੰ ਮੁੱਛ ਨਾ ਰੱਖਣ ਦੇਣੀ ਕੀ ਇਹ ਅਜ਼ਾਦੀ ਹੈ ?
ਹੁਣ ਦੱਸੋ ਕਿ ਅਜ਼ਾਦੀ ਕਿਸ ਨੂੰ ਮਿਲੀ ਹੈ। ਕੌਣ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ। ਸਾਨੂੰ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਗਜਿੰਦਰ ਸਿੰਘ ਹਾਈਜੈਕਰ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੀ ਅਜ਼ਾਦੀ ਚਾਹੀਦੀ ਹੈ। ਜਿਸ ਅਜ਼ਾਦੀ ਵਿੱਚ ਸਾਰੇ ਧਰਮਾਂ ਦਾ ਤੇ ਸਭ ਇਨਸਾਨਾਂ ਦਾ ਸਤਿਕਾਰ ਹੋਵੇ। ਸਾਨੂੰ ਝੂਠੀ ਅਜ਼ਾਦੀ ਅਤੇ ਝੂਠੇ ਲੋਕ ਨਹੀਂ ਚਾਹੀਦੇ। ਸਿੱਖ ਅਜ਼ਾਦੀ ਲਈ ਸੰਘਰਸ਼ ਜਾਰੀ ਹੈ ਤੇ ਜਾਰੀ ਰਹੇਗਾ।
ਭੁਪਿੰਦਰ ਸਿੰਘ (ਛੇ ਜੂਨ)
ਮੋ : 98884-29938.
Author: Gurbhej Singh Anandpuri
ਮੁੱਖ ਸੰਪਾਦਕ