ਬਾਪੂ ਤੇਰੇ ਦੁਖਦੇ ਗੋਡੇ।
ਤੁਰਦੇ ਪਏ ਓ ਹੋ ਹੋ ਕੋਡੇ।
ਸਭ ਤੋਂ ਵੱਡਾ ਧਰਮ ਇਸਾਈ।
ਗਿਣਤੀ 200 ਕਰੋੜ ਨੂੰ ਆਈ।
ਤੁਹਾਡਾ ਰੁਤਬਾ ਸਭ ਤੋਂ ਉਚਾ।
ਜੀਵਨ ਤੁਹਾਡਾ ਕਹਿੰਦੇ ਸੁੱਚਾ।
ਕਿਉਂ ਡਾਕਟਰਾਂ ਕੋਲ ਧੱਕੇ ਖਾਂਦੇ।
ਕਿਉਂ ਨਹੀਂ ਤੁਸੀਂ ਪੰਜਾਬ ਵਿਚ ਆਂਦੇ?
ਇਥੇ ਫਿਰਨ ਬਥੇਰੇ ਪਾਸਟਰ।
ਭੂਤ ਨਚਾਉਂਦੇ ਬਣ-ਬਣ ਮਾਸਟਰ।
ਥੋਨੂੰ ਹੱਥ ਛੁਹਾ ਦੇਣਗੇ।
ਦਰਦਾਂ ਦੁਰਦਾਂ ਲਾਹ ਦੇਣਗੇ।
ਪੜ੍ਹ ਦੇਣਗੇ ਐਸਾ ਮੰਤਰ।
ਝੱਟ ਮੁਸੀਬਤ ਹੋਊ ਉਡੰਤਰ।
ਪਾਸਟਰ ਕੋਲ ਇਲਾਜ ਕਰਾਇਓ।
ਫਿਰ ਤੁਸੀਂ ਭਾਵੇਂ ਭੰਗੜੇ ਪਾਇਓ।
ਪਾਸਟਰ ਕਰਦੂ ਦੂਰ ਬਿਮਾਰੀ।
ਫਿਰ ਤੁਸੀਂ ਕਰਿਓ ਘੋੜ ਸਵਾਰੀ।
ਮੈਂ ਕਿਹਾ ਦਿਲ ਚੋਂ ਲਾਹ ਕੇ ਸੰਗਾਂ।
ਗਤਕਾ ਖੇਡਿਓ ਨਾਲ ਨਿਹੰਗਾਂ।
ਬਾਡਰ ਵੱਲ ਇਕ ਹਾਜ਼ਰੀ ਲਾ ‘ਜੋ।
ਵੀਜ਼ਾ ਲੈ ਕੇ ਭਲਕੇ ਆ’ਜੋ।
ਵਹਿਮ ਨਾ ਰੱਖਿਓ ਦਿਲ ਵਿਚ ਕੋਈ।
ਸਾਰੀ ਜਨਤਾ ਕਮਲੀ ਹੋਈ।
ਹਿੰਗ ਲਗੇ ਨਾ ਫਟਕੜੀ ਕਹਿੰਦੇ।
ਸਾਰੇ ਇਸਾਈ ਤੰਦਰੁਸਤ ਰਹਿੰਦੇ।
ਹਸਪਤਾਲਾਂ ਵਿਚ ਪੈਰ ‘ਨ੍ਹੀਂ ਧਰਦੇ।
ਦੋ ਸੌ, ਦੋ ਸੌ , ਸਾਲ ‘ਨ੍ਹੀਂ ਮਰਦੇ।
ਵੀਲ ਚੇਅਰ ਤੇ ਕੀ ਪਏ ਕਰਦੇ।
ਟਿਕਟ ਜੋਗੇ ਡਾਲਰ ਨਹੀਂ ਸਰਦੇ?
ਤੁਸੀਂ ਕਿਤੇ ਵੀ ਜਾ ਸਕਦੇ ਓ।
ਆਪਣੇ ਜਹਾਜ਼ ਤੇ ਆ ਸਕਦੇ ਓ।
ਛੇਤੀ ਆ’ਜੋ ਕਰ ਕੇ ਧਾਈ।
ਪਾਸਟਰ ਨਾ ਕਰ ਜਾਣ ਚੜ੍ਹਾਈ।
ਪਹਿਲਾਂ ਆਓ ਤੇ ਪਹਿਲਾਂ ਪਾਓ।
ਆਪਣੇ ਗੋਡੇ ਠੀਕ ਕਰਾਓ।
-ਰਟੌਲ
Author: Gurbhej Singh Anandpuri
ਮੁੱਖ ਸੰਪਾਦਕ