Home » Uncategorized » ਮਰਦ ਬਨਾਮ ਔਰਤ

ਮਰਦ ਬਨਾਮ ਔਰਤ

49 Views

ਜਪਾਨ ਦੀ ਇੱਕ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ 17 ਸਾਲਾਂ ਬਾਅਦ ਉਹ ਇਸ ਨਤੀਜੇ ‘ਤੇ ਪਹੁੰਚੀ ਹੈ ਕਿ ਮਰਦ ਰੱਬ ਦਾ ਸਭ ਤੋਂ ਖ਼ੂਬਸੂਰਤ ਪ੍ਰਾਣੀ ਹੈ। ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ। ਇਹ ਉਹ ਹਸਤੀ ਹੈ ਜੋ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਵਧੀਆ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਜੇ ਉਹ ਆਪਣੇ ਬੱਚਿਆਂ ਨੂੰ ਝਿੜਕਦਾ ਵੀ ਹੈ ਤਾਂ ਉਹਨਾ ਦੇ ਉੱਜਵਲ ਭਵਿਖ ਲਈ। ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਉਹ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ। ਇਸ ਕੁਰਬਾਨੀ ਦੇ ਬਦਲੇ ਉਸਨੂੰ ਹਮੇਸ਼ਾਂ ਨਲਾਇਕ ਤੇ ਆਲ਼ਸੀ ਸਮਝਿਆ ਜਾਂਦਾ ਹੈ। ਜੇਕਰ ਉਹ ਘਰੋਂ ਬਾਹਰ ਨਿਕਲਦਾ ਹੈ ਤਾਂ ਵੀ ਉਸ ਨੂੰ ਸਵਾਲ ਕੀਤਾ ਜਾਂਦਾ ਹੈ, ਜੇ ਉਹ ਘਰੇ ਰਹਿੰਦਾ ਹੈ ਤਾਂ ਵੀ ਉਸਨੂੰ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇ ਉਹ ਆਪਣੇ ਲਈ ਕੁਝ ਖਰੀਦਦਾ ਹੈ ਤਾਂ ਉਹ ਖ਼ਰਚੀਲਾ ਅਖਵਾਉਂਦਾ ਹੈ ਤੇ ਜੇ ਉਹ ਕੁਛ ਨਹੀਂ ਖਰੀਦਦਾ ਤਾਂ ਉਹ ਕੰਜੂਸ ਕਹਾਉਂਦਾ ਹੈ। ਐਨਾ ਕੁਛ ਕਰਨ ਅਤੇ ਐਨਾ ਕੁਝ ਕਹਾਉਣ ਦੇ ਬਾਵਜੂਦ ਵੀ ਮਰਦ ਦੁਨੀਆ ਦੀ ਅਜਿਹੀ ਹਸਤੀ ਹੈ ਜੋ ਆਪਣੇ ਬੱਚਿਆਂ ਨੂੰ ਹਰ ਪੱਖੋਂ ਆਪਣੇ ਨਾਲੋਂ ਬਿਹਤਰ ਦੇਖਣਾ ਚਾਹੁੰਦਾ ਹੈ। ਆਪਣੇ ਬੱਚਿਆਂ ਨੂੰ ਆਪਣੇ ਨਾਲੋਂ ਕਾਮਯਾਬ ਦੇਖਣਾ ਚਾਹੁੰਦਾ ਹੈ। ਮਰਦ ਹਮੇਸ਼ਾਂ ਆਪਣੇ ਨਾਲ਼ੋਂ ਆਪਣੀ ਪਤਨੀ ਨੂੰ ਖੂਬਸੂਰਤ ਦੇਖਣਾ ਚਾਹੁੰਦਾ ਹੈ। ਮਰਦ ਉਹ ਹਸਤੀ ਹੈ ਜੋ ਆਪਣੇ ਬੱਚਿਆ ਦੀ ਭਲਾਈ ਲਈ ਹਮੇਸ਼ਾਂ ਰੱਬ ਅੱਗੇ ਪ੍ਰਾਰਥਨਾ ਕਰਦਾ ਹੈ। ਮਰਦ ਉਹ ਹੁੰਦਾ ਹੈ ਜੋ ਆਪਣੇ ਬੱਚਿਆਂ ਦੁਆਰਾ ਦਿੱਤੀਆਂ ਗਈਆਂ ਤਕਲੀਫ਼ਾਂ ਨੂੰ ਬਰਦਾਸ਼ਤ ਕਰਦਾ ਹੈ। ਇਹ ਉਹ ਹਸਤੀ ਹੈ ਜੋ ਆਪਣੀ ਸਭ ਤੋਂ ਵਧੀਆ ਦੌਲਤ ਬਲਕਿ ਜੋ ਕੁਝ ਉਸ ਕੋਲ ਹੈ , ਉਹ ਆਪਣੇ ਬੱਚਿਆਂ ਨੂੰ ਸੌਂਪ ਦਿੰਦਾ ਹੈ। ਜੇਕਰ ਮਾਂ 9 ਮਹੀਨੇ ਬੱਚੇ ਨੂੰ ਆਪਣੀ ਕੁੱਖ ਵਿੱਚ ਪਾਲਦੀ ਹੈ ਤਾਂ ਬਾਪ ਸਾਰੀ ਉਮਰ ਆਪਣੇ ਬੱਚਿਆਂ ਦੇ ਭਵਿੱਖ ਦੀ ਫ਼ਿਕਰ ਵਿੱਚ ਬਿਤਾਉਂਦਾ ਹੈ।
ਪਰ ਜਾਪਾਨ ਦੀ ਉਸ ਔਰਤ ਨੂੰ ਪੰਜਾਬ ਦੀ ਇਕ ਧੀ ਇਹ ਕਹਿਣਾ ਚਾਹੁੰਦੀ ਹੈ ਕਿ ਮਰਦ ਰੱਬ ਦਾ ਸਭ ਤੋਂ ਖੂਬਸੂਰਤ ਪ੍ਰਾਣੀ ਹੀ ਨਹੀਂ ਸਗੋਂ ਦਲੇਰੀ ਤੇ ਮਿਹਨਤ ਦੀ ਪੇਸ਼ਕਾਰੀ ਹੈ ਪਰ ਉਸ ਨੂੰ ਜਨਮ ਦੇਣ ਵਾਲੀ ਇਕ ਔਰਤ ਹੀ ਹੈ। ਜੇਕਰ ਉਹ ਆਪਣੀ ਜਵਾਨੀ ਨੂੰ ਆਪਣੀ ਪਤਨੀ ਅਤੇ ਬੱਚਿਆਂ ਲਈ ਕੁਰਬਾਨ ਕਰਦਾ ਹੈ ਤਾਂ ਔਰਤ ਆਪਣੀ ਉਸ ਜਵਾਨੀ ਨੂੰ ਹਜਾਰਾਂ ਹੀ ਸ਼ਰੀਰਕ ਦੁੱਖ ਝੱਲ ਦੀ ਹੋਈ, ਜਨਮ ਦੇਣ ਵਾਲੀ ਮਾਂ ਬਣ ਕੇ ਨਿਸ਼ਾਵਰ ਵੀ ਕਰ ਦਿੰਦੀ ਹੈ । ਜੇਕਰ ਮਰਦ ਉਹ ਮਿਹਨਤ ਦਾ ਮੁਜੱਸਮਾ ਹੈ ਜੋ ਸਵੇਰ ਤੋਂ ਸ਼ਾਮ ਤੱਕ ਅਣਥੱਕ ਮਿਹਨਤ ਕਰਦਾ ਹੈ, ਤਾਂ ਮੈਂ ਇਥੇ ਦੱਸਣਾ ਚਾਹੁੰਦੀ ਹਾਂ ਕਿ ਔਰਤ ਉਸ ਮਰਦ ਤੋਂ ਪਹਿਲਾਂ ਉਠ ਕੇ ਆਪਣੇ ਦਿਨ ਦੇ ਕੰਮਾਂ ਕਾਰਾਂ ਵਿੱਚ ਡਟ ਜਾਂਦੀ ਆ ਤੇ ਰਾਤ ਨੂੰ ਸਭ ਤੋਂ ਆਖਿਰ ਵਿੱਚ ਬਿਸਤਰ ‘ਤੇ ਸੌਣ ਜਾਂਦੀ ਹੈ, ਜਿਸਦਾ ਕਿ ਕੋਈ ਮੁੱਲ ਹੀ ਨਹੀਂ ਪਾਇਆ ਜਾ ਸਕਦਾ ਪਰ ਦੂਜੇ ਪਾਸੇ ਮਰਦ ਦੀ ਮਿਹਨਤ ਸਭ ਨੂੰ ਦਿਖਾਈ ਦੇ ਰਹੀ ਹੁੰਦੀ ਹੈ। ਜੇਕਰ ਮਰਦ ਆਪਣੀਆਂ ਇੱਛਾਵਾਂ ਨੂੰ ਕੁਰਬਾਨ ਕਰਦਾ ਹੈ, ਉਹ ਕਦੇ ਪਤਨੀ ਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਕਿ ਉਹ ਉਸਦੀ ਕਿੰਨੀ ਚਿੰਤਾ ਕਰਦਾ ਹੈ ਪਰ ਇਸ ਦੇ ਬਦਲੇ ਔਰਤ ਹਰ ਗੱਲ ਸੁਣਾ ਕੇ ਦੱਸ ਦਿੰਦੀ ਹੈ ਤਾਂ ਦੂਜੇ ਪਾਸੇ ਔਰਤ ਉਹ ਹੈ ਜਿਸ ਨੂੰ ਹਰ ਗੱਲ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ ਜੇ ਔਲਾਦ ਚੰਗੀ ਨਹੀਂ ਤਾਂ ਵੀ ਔਰਤ ਜਿੰਮੇਵਾਰ, ਜੇਕਰ ਘਰ ਵਿਚ ਲੜਾਈ ਤਾਂ ਵੀ ਔਰਤ ਜਿੰਮੇਵਾਰ ਆਦਿ। ਜੇਕਰ ਸਾਰੀ ਜਿੰਦਗੀ ਮਰਦ ਘਰ ਨੂੰ ਪਾਲਦਾ ਹੈ ਤਾਂ ਔਰਤ ਉਹ ਹੈ ਜੋ ਉਸ ਘਰ ਨੂੰ ਬਣਾਉਂਦੀ ਹੈ।


ਕਮਲਜੀਤ ਕੌਰ ਨਿਹੰਗ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?