Home » ਧਾਰਮਿਕ » ਇਤਿਹਾਸ » ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ

ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ

29

ਪੰਜਾਬ ਦੇ ਲੋਕਾਂ ਨੂੰ ਭਾਵੇਂ ਖਾੜਕੂਆਂ ਨੂੰ ਪਨਾਹ ਦੇਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਸੀ ਪਰ ਗੁਰਜੰਟ ਲਈ ਲੋਕਾਂ ਦੇ ਬੂਹੇ ਹਮੇਸ਼ਾ ਖੁੱਲ ਰਹੇ। ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ। ਐਕਸ਼ਨਾਂ ਵਿੱਚ ਉਹ ਹਮੇਸ਼ਾ ਆਪ ਕਮਾਂਡ ਕਰਦਾ। ਇਹੋ ਹੀ ਕਾਰਨ ਸੀ ਕਿ ਉਸ ਦੀ ਜਥੇਬੰਦੀ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਹਕੂਮਤ ਦੀਆਂ ਨਜ਼ਰਾਂ ਵਿੱਚ ‘ਖ਼ਤਰਨਾਕ’ ਮੰਨੀ ਜਾਂਦੀ ਸੀ।

ਮਾਲਵੇ ਦਾ ਇੱਕ ਪਿੰਡ ਮੋਗਾ-ਬਾਘਾ ਪੁਰਾਣਾ ਰੋਡ ‘ਤੇ ਥੋੜਾ ਹਟਵਾਂ ਬੁੱਧ ਸਿੰਘ ਵਾਲਾ ਹੈ। ਜਦੋਂ ਵੀ ਕੋਈ ਇਸ ਸੜਕ ਤੋਂ ਦੀ ਲੰਘਦਾ ਹੈ ਤਾਂ ਸੜਕ ਕਿਨਾਰੇ ਲੱਗੇ ਬੋਰਡ ਤੋਂ ਪਿੰਡ ਬੁੱਧ ਸਿੰਘ ਵਾਲਾ ਪੜਦਾ ਹੈ ਤਾਂ ਉਸ ਦੇ ਬੁੱਲ ‘ਤੇ ਝੱਟ ਇੱਕ ਨਾਂ ਆ ਜਾਂਦਾ ਹੈ- “’ਗੁਰਜੰਟ ਸਿੰਘ ਬੁੱਧ ਸਿੰਘ ਵਾਲਾ।’ ਬੋਲਣ ਵਾਲਾ ਜਦੋਂ ਨਾਂ ਬੋਲਦਾ ਹੈ ‘ਗੁਰਜੰਟ ਸਿੰਘ ਬੁੱਧ ਸਿੰਘ ਵਾਲਾ’ ਤਾਂ ਉਸ ਦੀਆਂ ਅੱਖਾਂ ਅੱਗੇ ਖਾੜਕੂ ਲਹਿਰ ਦੇ ਜਰਨੈਲ ਗੁਰਜੰਟ ਸਿੰਘ ਦੀ ਇੱਕ ਅਜਿਹੀ ਤਸਵੀਰ ਆ ਜਾਂਦੀ ਹੈ ਜਿਵੇਂ ਗੁਰਜੰਟ ਤੇ ਬੁੱਧ ਸਿੰਘ ਵਾਲਾ ਦੋ ਨਹੀਂ ਇੱਕ ਹੋਣ। ਪਿੰਡ ਬੁੱਧ ਸਿੰਘ ਵਾਲਾ ਤੇ ਗੁਰਜੰਟ ਸਿੰਘ ਕਦੇ ਵੀ ਅਲੱਗ-ਅਲੱਗ ਨਹੀਂ ਹੋ ਸਕਦੇ, ਸਿੱਖ ਇਤਿਹਾਸ ਵਿਚੋਂ ਤਾਂ ਕਦੇ ਵੀ ਨਹੀਂ।

ਕਿਹਾ ਜਾਂਦਾ ਹੈ ਕਿ ਮਹਾਨ ਬੰਦਿਆਂ ਨਾਲ ਕੁਝ ਕਥਾਵਾਂ ਕਹਾਣੀਆਂ ਜੁੜ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਕਈ ਵਾਰ ਆਮ ਦੁਨਿਆਵੀ ਬੰਦਾ ਆਖਦਾ ਹੈ ਕਿ ਨਹੀਂ, ‘ਇਉਂ ਨਹੀਂ ਹੋ ਸਕਦਾ।’ ਪਰ ਜਦੋਂ ਉਹ ਕਿਸੇ ਮਹਾਨ ਸ਼ਖਸ ਨਾਲ ਜੋੜ ਕੇ ਉਸ ਘਟਨਾ ਨੂੰ ਪੜਦਾ ਸੁਣਦਾ ਹੈ ਤਾਂ ਪੜਨ ਵਾਲਾ ਆਖਦਾ ਹੈ ‘ਹਾਂ ਇਹ ਸੱਚ ਹੋਵੇਗਾ’ ਕਿਉਂਕਿ ਇਸ ਨਾਲ ਕਿਸੇ ਮਹਾਨ ਬੰਦੇ ਦਾ ਨਾਂ ਜੁੜਿਆ ਹੋਇਆ ਹੈ। ‘ਗੁਰਜੰਟ’ ਨਾਲ ਵੀ ਇੱਕ ਨਹੀਂ ਸੈਂਕੜੇ ਕਹਾਣੀਆਂ ਜੁੜੀਆਂ ਹੋਈਆਂ ਹਨ। ਉਸ ਦੇ ਮੁਕਾਬਲਿਆਂ ਵਿੱਚੋਂ ਬਚ ਨਿਕਲਣ ਦੀਆਂ ਕਹਾਣੀਆਂ। ਪੁਲਿਸ ਨੂੰ ਵਾਇਰਲੈਸ ਸੈੱਟ ‘ਤੇ ਸੂਚਨਾ ਮਿਲਦੀ ਹੈ ਕਿ ਗੁਰਜੰਟ ਆ ਰਿਹਾ ਹੈ। ਨਾਕਿਆਂ ‘ਤੇ ਤਲਾਸ਼ੀ ਲੈਣ ਵਾਲੇ ਨਾਕੇ ਤੋਂ ਮੂੰਹ ਘੁਮਾ ਲੈਂਦੇ ਸਨ, ਨਾਕੇ ਖੁੱਲ ਜਾਂਦੇ ਸਨ, ਮੁਲਾਜ਼ਮ ਕੰਨੀਂ ਵੱਟ ਜਾਂਦੇ ਸਨ। ਕੁਝ ਦੇ ਮਨ ਵਿੱਚ ਉਸਦੇ ਜੁਝਾਰੂਪਣ ਦਾ ਮੋਹ ਸੀ ਤੇ ਕੁਝ ਦੇ ਮਨ ਵਿੱਚ ਉਸਦੇ ਨਾਂ ਦੀ ਦਹਿਸ਼ਤ ਸੀ। ਲਹਿਰ ਦੇ ਸੂਝਵਾਨ ਅਤੇ ਦੂਰ-ਅੰਦੇਸ਼ ਸ਼ਖਸ ਗੁਰਜੰਟ ਦਾ ਬੇਹੱਦ ਫ਼ਿਕਰ ਕਰਦੇ ਸਨ ਕਿਉਂਕਿ ਗੁਰਜੰਟ ਵਰਗਾ ਜਰਨੈਲ ਕੌਮਾਂ ਨੂੰ ਕਈ ਸਦੀਆਂ ਬਾਅਦ ਮਿਲਦਾ ਹੈ, ਇਸ ਲਈ ਸਿੱਖ ਸੰਘਰਸ਼ ਦੀ ਕਾਮਯਾਬੀ ਲਈ ਗੁਰਜੰਟ ਦਾ ਜਿਊਂਦੇ ਰਹਿਣਾ ਬੇਹੱਦ ਜ਼ਰੂਰੀ ਸੀ, ਕਿਉਂਕਿ ਸਿੱਖ ਸੰਘਰਸ਼ ਦਾ ਗੁਰਜੰਟ ਮੁੱਖ ਥੰਮ ਸੀ। ਉਨ੍ਹਾਂ ਨੂੰ ਗੁਰਜੰਟ ਦੀ ਜੰਗ ਦੇ ਮੈਦਾਨ ਵਿੱਚ ਹੋਂਦ ਦੀ ਅਹਿਮੀਅਤ ਦਾ ਗਿਆਨ ਸੀ, ਇਸ ਲਈ ਭਰਾਤਰੀ ਜਥੇਬੰਦੀਆਂ ਵਲੋਂ ‘ਗੁਰਜੰਟ’ ਦੀ ਸਲਾਮਤੀ ਲਈ ਉਸਨੂੰ ਸੁਰੱਖਿਅਤ ਜਗ ‘ਤੇ ਭੇਜਣ ਲਈ ਜ਼ੋਰ ਪਾਇਆ ਜਾ ਰਿਹਾ ਸੀ।

ਇਸ ਬਹਾਦਰ ਯੋਧੇ ਨੂੰ ਮਿਲਣ ਲਈ, ਉਸਦੇ ਦਰਸ਼ਨ ਕਰਨ ਲਈ ਪੰਜਾਬ ਦੇ ਲੋਕ ਅਰਦਾਸਾਂ ਕਰਿਆ ਕਰਦੇ ਸਨ, ‘ਕਾਸ਼! ਇਸ ਸੂਰਬੀਰ ਯੋਧੇ ਦੇ ਦਰਸ਼ਨ ਹੋ ਜਾਣ।’ ਜੇਰੇ ਵਾਲੀਆਂ ਮਾਵਾਂ ਮਨ ਵਿੱਚ ਚਿਤਵਦੀਆਂ, ‘ਕਾਸ਼! ਗੁਰਜੰਟ ਉਸਦੀ ਕੁੱਖੋਂ ਪੈਦਾ ਹੋਇਆ ਹੁੰਦਾ।’ ਪੰਜਾਬ ਦੇ ਲੋਕਾਂ ਨੂੰ ਭਾਵੇਂ ਖਾੜਕੂਆਂ ਨੂੰ ਪਨਾਹ ਦੇਣ ਲਈ ਵੱਡਾ ਮੁੱਲ ਤਾਰਨਾ ਪੈਂਦਾ ਸੀ ਪਰ ਗੁਰਜੰਟ ਲਈ ਲੋਕਾਂ ਦੇ ਬੂਹੇ ਹਮੇਸ਼ਾ ਖੁੱਲ ਰਹੇ। ਸਿੱਖ ਇਤਿਹਾਸ ਦਾ ਇਹ ਵੱਡਾ ਜਰਨੈਲ ਸਿੱਖ ਸੰਘਰਸ਼ ਵਿੱਚ ਜਰਨੈਲਾਂ ਵਾਂਗ ਲੜਿਆ ਅਤੇ ਵਿਚਰਿਆ। ਐਕਸ਼ਨਾਂ ਵਿੱਚ ਉਹ ਹਮੇਸ਼ਾ ਆਪ ਕਮਾਂਡ ਕਰਦਾ। ਇਹੋ ਹੀ ਕਾਰਨ ਸੀ ਕਿ ਉਸਦੀ ਜਥੇਬੰਦੀ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ” ਹਕੂਮਤ ਦੀਆਂ ਨਜ਼ਰਾਂ ਵਿੱਚ ‘ਖ਼ਤਰਨਾਕ’ ਮੰਨੀ ਜਾਂਦੀ ਸੀ। ਗੁਰਜੰਟ ਛੋਟੀ ਉਮਰੇ ਹੀ ਸਿੱਖ ਸੰਘਰਸ਼ ਨਾਲ ਜੁੜ ਗਿਆ ਸੀ। ਬੁੱਧ ਸਿੰਘ ਵਾਲੇ ਦੇ ਸਧਾਰਨ ਕਿਸਾਨ ਦਾ ਪੁੱਤਰ ਪਰਿਵਾਰ ਤੇ ਪਿੰਡ ਵਿੱਚ ਸਾਊ ਜਿਹੇ ਸੁਭਾਅ ਦਾ ਮੰਨਿਆ ਜਾਂਦਾ ਸੀ। ਘਰਦਿਆਂ ਤੇ ਪਿੰਡ ਵਾਲਿਆਂ ਨੇ ਸੋਚਿਆ ਵੀ ਨਹੀਂ ਸੀ ਕਿ ਗੁਰਜੰਟ ਇੱਕ ਦਿਨ ਇਤਿਹਾਸ ਦਾ ਇੱਕ ਵੱਡਾ ਨਾਂ ਬਣ ਜਾਵੇਗਾ। ਉਸਦਾ ਨਾਂ ਐਵੇਂ ਨਹੀਂ ਮਸ਼ਹੂਰ ਹੋਇਆ। ਉਸਦੀ ਜਾਂਬਾਜ਼ੀ ਤੇ ਕੌਮ ਤੋਂ ਮਰ ਮਿਟਣ ਦਾ ਜਜ਼ਬਾ ਉਸਨੂੰ ਮਹਾਨ ਬਣਾ ਗਿਆ। ੧੯੮੯-੯੦ ਵਿੱਚ ਜਦੋਂ ਗੁਰਜੰਟ ਤੇ ਉਸਦੇ ਸਾਥੀ ਭਰਾਤਰੀ ਜਥੇਬੰਦੀਆਂ ਵਾਲੀ ‘ਪੰਥਕ ਕਮੇਟੀ’ ਦੀ ਅਗਵਾਈ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਲੜਾਈ ਨੂੰ ਬੇਹੱਦ ਸੁਲਝੇ ਤੇ ਵਿਉਂਤਮਈ ਢੰਗ ਨਾਲ ਚਲਾ ਰਹੇ ਸਨ ਤਾਂ ਪੰਜਾਬ ਦੇ ਨੌਕਰਸ਼ਾਹਾਂ ਨੇ ‘ਦਿੱਲੀ’ ਵੱਲ ਇਹ ਸੰਦੇਸ਼ ਭੇਜ ਦਿੱਤੇ ਸਨ ਕਿ ਇਨ੍ਹਾਂ (ਖ਼ਾੜਕੂਆਂ) ਨਾਲ ਸਮਝੌਤਾ ਕਰਕੇ ਲੜਾਈ ਖ਼ਤਮ ਕੀਤੀ ਜਾਵੇ। ਕਿਉਂਕਿ ਹਾਲਾਤ ਇਹੋ-ਜਿਹੇ ਬਣ ਗਏ ਹਨ ਕਿ ਪੰਜਾਬ ਦੇ ਲੋਕ ਖ਼ਾੜਕੂਆਂ ਦੇ ਹਮਦਰਦ ਅਤੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੀਕ ਮੰਨ ਕੇ ਤਨੋਂ-ਮਨੋਂ ਉਨ੍ਹਾਂ ਦਾ ਸਾਥ ਦੇ ਰਹੇ ਸਨ। ਖ਼ਾੜਕੂ ਲਹਿਰ ਦਾ ਉਤਰਾਅ ਇੱਕ ਅਲੱਗ ਵਿਸ਼ਾ ਹੈ, ਪਰ ਜਿਸ ਵੇਲੇ ਉਸਦੀ ਸ਼ਹੀਦੀ ਹੋਈ ਉਸ ਵੇਲੇ ਉਸ ਦੇ ਸਾਥੀ ਉਸਨੂੰ ਸੁਰੱਖਿਅਤ ਜਗ ‘ਤੇ ਲਿਜਾਣ ਲਈ ਅਤੇ ਪਿਛਾਂਹ ਹਟਣ ਲਈ ਜ਼ੋਰ ਪਾ ਰਹੇ ਸਨ। ਇਸ ਕੰਮ ਲਈ ਭਾਈ ਨਵਨੀਤ ਸਿੰਘ ਕਾਦੀਆਂ ਨੂੰ ਸਪੈਸ਼ਲ ਉਸਨੂੰ ਲਿਆਉਣ ਵਾਸਤੇ ਲੁਧਿਆਣੇ ਭੇਜਿਆ ਗਿਆ ਸੀ ਪਰ ਉਸਦਾ (ਗੁਰਜੰਟ) ਕਹਿਣਾ ਸੀ ਕਿ ‘ਹੱਥ ਉਪਰ ਕਰੇ ਫਿਰ ਹੀ ਚੱਲਾਂਗੇ।’ ਨਵਨੀਤ ਕਾਦੀਆਂ ਨੂੰ ਉਸਨੇ ਕੁਝ ਦਿਨ ਰੁਕਣ ਲਈ ਕਿਹਾ। ਇੰਨਾ ਆਖ ਕੇ ਉਹ ਆਪੋ ਆਪਣੇ ਟਿਕਾਣਿਆਂ ਵੱਲ ਤੁਰ ਗਏ। ਤੁਰਨ ਤੋਂ ਪਹਿਲਾਂ ਗੁਰਜੰਟ ਨੇ ਨਵਨੀਤ ਨੂੰ ਉਸ ਕੋਲ ਰਾਤ ਠਹਿਰਨ ਲਈ ਜਗ••ਾ ਪੁੱਛੀ ਸੀ ਕਿ ਜੇ ਉਸ ਕੋਲ ਠਹਿਰ ਨਹੀਂ ਤਾਂ ਮੇਰੇ ਨਾਲ ਚੱਲੇ ਪਰ ਨਵਨੀਤ ਕਾਦੀਆਂ ਦੇ ਕਹਿਣ ‘ਤੇ ਕਿ ‘ਮੇਰੇ ਕੋਲ ਠਹਿਰ ਹੈ’ ਦੋਵੇਂ ਫ਼ਤਹਿ ਬੁਲਾ ਕੇ ਵੱਖ ਹੋ ਗਏ। ਉਸ ਤੋਂ ਕੁਝ ਸਮੇਂ ਬਾਅਦ ਹੀ ਗੁਰਜੰਟ ਸਿੰਘ ਸ਼ਹੀਦ ਹੋ ਗਿਆ। ਕਹਿੰਦੇ ਨੇ ਕਿ ਨਵਨੀਤ ਸਿੰਘ ਕਾਦੀਆਂ ਇਸ ਗੱਲ ਨੂੰ ਲੈ ਕੇ ਬੇਹੱਦ ਜਜ਼ਬਾਤੀ ਹੋ ਜਾਂਦਾ ਸੀ। ਉਸਨੂੰ ਇਹ ਗੱਲ ਦੁੱਖ ਦਿੰਦੀ ਰਹੀ ਕਿ ‘ਜੇ ਉਹ ਗੁਰਜੰਟ ਨੂੰ ਆਪਣੇ ਨਾਲ ਲੈ ਆਉਣ ਲਈ ਜ਼ੋਰ ਦਿੰਦਾ ਤਾਂ ਗੁਰਜੰਟ ਨੇ ਉਸਦਾ ਆਖਾ ਨਹੀਂ ਸੀ ਮੋੜਨਾ, ਸ਼ਾਇਦ ਗੁਰਜੰਟ ਕੁਝ ਸਮਾਂ ਹੋਰ ਕੌਮ ਲਈ ਵੱਡੇ ਕਾਰਨਾਮੇ ਕਰ ਜਾਂਦਾ।’

ਪਰ ਜਿਸ ਰਸਤੇ ਗੁਰਜੰਟ ਤੁਰਿਆ ਸੀ ਉਹ ਸ਼ਹਾਦਤ ਵਾਲਾ ਸੀ, ਅੱਜ ਨਹੀਂ ਤਾਂ ਕੱਲ-ਇੱਕ ਪਲ ਮੌਤ ਨਾਲ ਲੜਨਾ ਪੈਂਦਾ ਹੈ। ਹੋਣੀ ਦਾ ਪਤਾ ਨਹੀਂ ਹੁੰਦਾ ਕਿ ਕਿਸੇ ਵੀ ਪਲ ਭਾਵ ਅਗਲੇ ਹੀ ਪਲ ਸੰਘਰਸ਼ੀ ਯੋਧਿਆਂ ਨੂੰ ਆਪਣੀ ਬੁੱਕਲ ਵਿੱਚ ਲੈ ਲਵੇ। ਆਖਰ ਮਨੁੱਖ ਤਾਂ ਮਨੁੱਖ ਹੀ ਹੁੰਦਾ ਹੈ, ਨਵਨੀਤ ਜਦੋਂ ਵੀ ਆਪਣੇ ਸਾਥੀਆਂ ਨਾਲ ਗੁਰਜੰਟ ਬਾਰੇ ਗੱਲ ਕਰਦਾ ਤਾਂ ਉਹ ਅੱਖਾਂ ਭਰ ਕੇ ਜਜ਼ਬਾਤੀ ਹੋ ਜਾਂਦਾ ਸੀ। ਗੁਰਜੰਟ ਸਿੰਘ ਬੇਹੱਦ ਸਲੀਕੇ ਵਾਲਾ ਤੇ ਦੂਰ ਅੰਦੇਸ਼ ਗੁਰੀਲਾ ਸੀ। ਉਹ ਕਿਸੇ ਵੀ ਐਕਸ਼ਨ ਤੋਂ ਪਹਿਲਾਂ ਆਪਣੇ ਸਾਥੀਆਂ ਨਾਲ ਲੰਬੀ ਵਿਚਾਰ ਚਰਚਾ ਤੋਂ ਬਾਅਦ ਉਸਦਾ ਪੂਰਾ ਖਾਕਾ ਆਪ ਆਪਣੇ ਦਿਮਾਗ ਵਿੱਚ ਤਿਆਰ ਕਰ ਲੈਂਦਾ ਸੀ, ਜਿਸ ਕਾਰਨ ਉਸਦੀ ਜਥੇਬੰਦੀ ਵਲੋਂ ਕੀਤੇ ਐਕਸ਼ਨ ਜਾਂਬਾਜ਼ੀ ਦੀ ਉੱਤਮ ਮਿਸਾਲ ਹਨ।

ਰੁਮਾਨੀਆਂ ਦੇ ਰਾਜਦੂਤ ਰਾਡੂ ਨੂੰ ਅਗਵਾ ਕਰਨ ਦੀ ਘਟਨਾ ਤੋਂ ਬਾਅਦ ਗੁਰਜੰਟ ਸਿੰਘ ਅੰਤਰ-ਰਾਸ਼ਟਰੀ ਪੱਧਰ ‘ਤੇ ਸੁਰਖੀਆਂ ਵਿੱਚ ਆ ਗਿਆ ਸੀ। ਪੰਜਾਬ ਦੇ ਪਿੰਡਾਂ ਵਿੱਚ ਰਾਡੂ ਨੂੰ ਰੱਖਣਾ ਤੇ ਫਿਰ ਸਹੀ ਸਲਾਮਤ ਉਸਨੂੰ ਦਿੱਲੀ ਭੇਜਣਾ ਉਸਦੀ ਸੋਚ ਤੇ ਸੂਝ ਦਾ ਇੱਕ ਨਮੂਨਾ ਹਨ। ਇਸ ਐਕਸ਼ਨ ਨਾਲ ਉਸਨੇ ਹਕੂਮਤ ਨੂੰ ਇੱਕ ਤਰ•ਾਂ ਨਾਲ ਚੈਲਿੰਜ ਕਰ ਦਿੱਤਾ ਸੀ ਕਿ ਜੋ ਕੁਝ ਵੀ ਉਹ ਚਾਹਵੇ ਕਰ ਸਕਦਾ ਸੀ। ਪੰਜਾਬ ਦੇ ਮੀਡੀਏ ਦੀ ਸੁਰ ‘ਕੱਲੇ ਗੁਰਜੰਟ ਲਈ ਹੀ ਨਹੀਂ ਪੂਰੀ ਖਾੜਕੂ ਲਹਿਰ ਦੀ ਦੁਸ਼ਮਣ ਰਹੀ ਹੈ। ਉਸਨੇ ਹਮੇਸ਼ਾ ਖਾੜਕੂ ਲਹਿਰ ਨੂੰ ‘ਅੱਤਵਾਦ’ ਦੀ ਪੁਸ਼ਾਕ ਵਿੱਚ ਰੱਖ ਕੇ ਹੀ ਪੇਸ਼ ਕੀਤਾ ਹੈ। ਉਸਦਾ ਰਵੱਈਆਂ ਖਾੜਕੂ ਨੌਜਵਾਨਾਂ ਲਈ ਇਕਸਾਰ ਈਰਖਾ ਵਾਲਾ ਹੀ ਰਿਹਾ ਹੈ। ਜਦੋਂ ਖਾੜਕੂ ਨੌਜਵਾਨਾਂ ਨੇ ਇਸ ਬ੍ਰਾਹਮਣੀ ਮੀਡੀਏ ਨੂੰ ਉਸੇ ਦੀ ਭਾਸ਼ਾ ਵਿੱਚ ਜੁਆਬ ਦੇਣਾ ਸ਼ੁਰੂ ਕੀਤਾ ਤਾਂ ਇਸਦਾ ਦੋਗਲਾ ਕਿਰਦਾਰ ਵੇਖਣ ਵਾਲਾ ਸੀ। ਗੁਰਜੰਟ ਦੀ ਸ਼ਖਸੀਅਤ ਦੇ ਚਰਚੇ ਜਦੋਂ ਪੂਰੀ ਦੁਨੀਆਂ ਦੀਆਂ ਅਖ਼ਬਾਰਾਂ ਵਿੱਚ ਨਸ਼ਰ ਹੋਣ ਲੱਗੇ ਤਾਂ ਇਨ੍ਹਾਂ ਹਕੂਮਤ ਦੇ ਚਾਪਲੂਸਾਂ ਨੂੰ ਫਿਰ ਵੀ ਸਮਝ ਨਹੀਂ ਆਈ ਕਿ ਉਹ ਪੱਤਰਕਾਰੀ ਦੇ ਮਿਆਰਾਂ ਤੇ ਸਮਾਜ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਸਮਝ ਕੇ ਹੀ ਲਹਿਰ ਦੇ ਜੁਝਾਰੂਆਂ ਦਾ ਵਿਸ਼ਲੇਸ਼ਣ ਕਰਨ ਪਰ ਇਨ੍ਹਾਂ ਦੀ ਸੋਚ ਦੀ ਸੂਈ ਫਿਰ ਵੀ ਉਥੇ ਹੀ ਖੜ ਰਹੀ। ਗੁਰਜੰਟ ਨੇ ਕਦੇ ਵੀ ਅਖ਼ਬਾਰੀ ਸੁਰਖੀਆਂ ਬਣਨ ਦੀ ਚਾਹਤ ਨਹੀਂ ਸੀ ਪਾਲੀ। ਉਹ ਚਾਹੁੰਦਾ ਤਾਂ ਆਪਣੇ ਬਾਰੇ ਬੜਾ ਕੁਝ ਲਿਖਵਾ ਸਕਦਾ ਸੀ। ਪਰ ਉਸਦੇ ਮਨ ਵਿੱਚ ਇੱਕੋ ਚਾਉ ਸੀ, ‘ਕੌਮ ਲਈ ਸ਼ਹਾਦਤ’।

‘ਮੇਰੀ ਛਿਪੇ ਰਹਿਣ ਦੀ ਚਾਹ’ ਦੇ ਅਰਥਾਂ ਦੇ ਧਾਰਨੀ ਗੁਰਜੰਟ ਦੀ ਫ਼ੋਟੋ ਵੀ ਸ਼ਾਇਦ ਹੀ ਕਿਸੇ ਵੇਖੀ ਹੋਵੇ। ਉਸਨੇ ਹਥਿਆਰਾਂ ਨੂੰ ਨੁਮਾਇਸ਼ ਦੇ ਤੌਰ ‘ਤੇ ਨਹੀਂ ਵਰਤਿਆ, ਸਗੋਂ ਦੁਸ਼ਮਣ ਲਈ ਇਸਤੇਮਾਲ ਕੀਤਾ। ਇਹੋ ਹੀ ਉਸਦੀਆਂ ਖ਼ੂਬੀਆਂ ਸਨ ਜਿਨ੍ਹਾਂ ਕਰਕੇ ਲੰਬਾ ਸਮਾਂ ਲੋਕਾਂ ਦਾ ‘ਜੰਗਲ’ ਗੁਰਜੰਟ ਦੀ ਪਨਾਹ ਬਣਿਆ ਰਿਹਾ। ਹਕੂਮਤ ਦੇ ਲੱਖ ਯਤਨਾਂ ਦੇ ਬਾਵਜੂਦ ਪੁਲਿਸ ਉਸਦਾ ਖੁਰਾ ਖ਼ੋਜ ਲੱਭਣ ਵਿੱਚ ਅਸਮਰੱਥ ਰਹੀ। ਪੰਜਾਬ ਦੇ ਲੋਕਾਂ ਨੇ ਹਮੇਸ਼ਾ ਸੂਰਬੀਰ ਯੋਧਿਆਂ ਨੂੰ ਰੱਜ ਕੇ ਵਡਿਆਇਆ ਹੈ ਤੇ ਗ਼ੱਦਾਰਾਂ ਨੂੰ ਆਪਣੇ ਮਨਾਂ ਵਿੱਚ ਮਾਸਾ ਵੀ ਥਾਂ ਨਹੀਂ ਦਿੱਤੀ। ਨੇਕ ਨੀਅਤ ਤੇ ਲੋਕਾਂ ਲਈ ਲੜੇ ਤੇ ਕੁਰਬਾਨ ਹੋਏ ਯੋਧੇ ਕੌਮ ਦੇ ਮਨ ਵਿੱਚ ਹਮੇਸ਼ਾ ਲਈ ਹੀਰੋ ਬਣ ਗਏ। ਗੁਰਜੰਟ ਸਿੰਘ ਨਾਲ ਜੁੜੀਆਂ ਕਹਾਣੀਆਂ ਐਵੈਂ ਨਹੀਂ ਜੁੜੀਆਂ। ਉਸਦੇ ਜਾਨ ‘ਤੇ ਖੇਡ ਕੇ ਕੀਤੇ ਕਾਰਨਾਮਿਆਂ ਕਾਰਨ ਉਸਦੇ ਹਿੱਸੇ ਆਈਆਂ ਹਨ। ਬਾਘੇ ਪੁਰਾਣੇ ਦੇ ਥਾਣੇਦਾਰ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਗੁਰਜੰਟ ਵਲੋਂ ਰੇਹੜੀ ਲਗਾਉਣੀ ਤੇ ਭਰੇ ਬਜ਼ਾਰ ਥਾਣੇਦਾਰ ਨੂੰ ਸੋਧਣਾ ਉਸਦੀ ਲੜਾਕੂ ਭਾਵਨਾ ਦੀ ਕਲਾਕਾਰੀ ਦਾ ਨਮੂਨਾ ਸੀ। ਇਸ ਕਾਰਨਾਮੇ ਤੋਂ ਬਾਅਦ ਪੰਜਾਬ ਦੀਆਂ ਸੱਥਾਂ ਵਿੱਚ ਗੁਰਜੰਟ ਦੀਆਂ ਕਥਾ-ਕਹਾਣੀਆਂ ਦੀ ਇੱਕ ਲੜੀ ਸ਼ੁਰੂ ਹੋ ਗਈ ਸੀ। ਗੁਰਜੰਟ ਖਾੜਕੂ ਲਹਿਰ ਦਾ ਸਿਖਰ ਸੀ। ਜਿਉਂ ਹੀ ਗੁਰਜੰਟ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਖਾੜਕੂ ਲਹਿਰ ਦਾ ਉਤਰਾਅ ਵੀ ਨਾਲੋ-ਨਾਲ ਸ਼ੁਰੂ ਹੋ ਗਿਆ। ਲੁਧਿਆਣੇ ਉਸਦੀ ਸ਼ਹੀਦੀ ਤੋਂ ਬਾਅਦ ਦੁਸ਼ਮਣਾਂ ਨੇ ਸ਼ਰਾਬਾਂ ਪੀਤੀਆਂ ਹੀ ਨਹੀਂ ਸਗੋਂ ਵੰਡੀਆਂ ਵੀ। ਸਿੱਖ ਪੰਥ ਲਈ ਉਸਦੀ ਸ਼ਹੀਦੀ ਦਾ ਦਿਨ ਬੇਹੱਦ ਉਦਾਸ ਕਰਨ ਵਾਲਾ ਸੀ। ਲਹਿਰ ਦਾ ਸੱਚਮੁੱਚ ਲੱਕ ਟੁੱਟ ਗਿਆ ਸੀ। ਪੰਥਕ ਕਮੇਟੀ ਨੇ ਕੌਮ ਦੇ ਇਸ ਜਰਨੈਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਸੀ, ‘ਬੇਸ਼ੱਕ ਦੁਸ਼ਮਣ ਨੇ ਇੱਕ ਵੱਡਾ ਥੰਮ ਸੁੱਟ ਲਿਆ ਹੈ ਪਰ ਅਸੀਂ ਇਸ ਦਾ ਜਲਦੀ ਹੀ ਜੁਆਬ ਦੇਵਾਂਗੇ।’ ਪੰਥਕ ਕਮੇਟੀ ਦਾ ਪ੍ਰੈੱਸ ਨੋਟ ਵੀ ‘ਉਦਾਸੀ ਸੁਰ’ ਵਾਲਾ ਸੀ। ਉਸਦੀ ਸ਼ਹੀਦੀ ਤੋਂ ਬਾਅਦ ਸਰਕਾਰ ਨੇ ਜੁਝਾਰੂਆਂ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਸਗੋਂ ਲਗਾਤਾਰ ਵਾਰ ਕਰਕੇ ਉਨ੍ਹਾਂ ਦੇ ਵੱਡੇ-ਵੱਡੇ ਜਰਨੈਲਾਂ ਨੂੰ ਸ਼ਹੀਦ ਕਰ ਦਿੱਤਾ ਸੀ।

ਗੁਰਜੰਟ ਜਿੱਥੇ ਚੋਟੀ ਦਾ ਜਾਂਬਾਜ਼ ਜਰਨੈਲ ਸੀ ਉਥੇ ਗੰਭੀਰ ਤੇ ਖੁਸ਼ਦਿਲ ਸ਼ਖ਼ਸੀਅਤ ਵਾਲਾ ਨੌਜਵਾਨ ਵੀ ਸੀ। ਪੇਂਡੂ ਟੂਰਨਾਮੈਂਟਾਂ ‘ਤੇ ਵਾਲੀਵਾਲ ਦੇ ਮੈਚ ਖੇਡਣੇ ਤੇ ਮਾਣਕ ਦੀਆਂ ਕਲੀਆਂ ਸੁਣਨੀਆਂ ਉਸਦਾ ਅਵੱਲੜਾ ਸ਼ੌਂਕ ਸਨ। ਮਾਣਕ ਦੀਆਂ ਕਲੀਆਂ ਨੂੰ ਸੁਣਨਾ ਤੇ ਗਾਉਣਾ ਉਸਦੀ ਰੂਹ ਦੀ ਖੁਰਾਕ ਸੀ। ਉਸਦਾ ਇੱਕ ਦੋਸਤ ਜਿਹੜਾ ਗੀਤ ਲਿਖਣ ਦਾ ਸ਼ੌਕੀਨ ਸੀ, ਤੋਂ ਕੁਲਦੀਪ ਮਾਣਕ ਦੇ ਲਈ ਇੱਕ ਸਪੈਸ਼ਲ ਲੋਕ ਕਥਾ ਲਿਖਵਾਈ ਤੇ ਮਾਣਕ ਨੇ ਉਸਨੂੰ ਆਪਣੀ ਅਵਾਜ਼ ਵਿੱਚ ਰਿਕਾਰਡ ਕਰਵਾਇਆ। ਇਹ ਗੱਲ ਮਾਣਕ ਵੀ ਸਟੇਜਾਂ ‘ਤੇ ਕਦੇ ਕਦਾਈਂ ਲੋਰ ਵਿੱਚ ਆਇਆ ਆਖ ਦਿੰਦਾ ਸੀ, ‘ਬਾਈ, ਇਹ ਗੀਤ ਜ਼ਰੂਰ ਸੁਣਿਓ, ਏਸ ਦੀ ਸਿਫਾਰਸ਼ ਕਰਨ ਵਾਲਾ ਬੰਦਾ ਬਹੁਤ ਵੱਡਾ ‘ਸੂਰਮਾ’ ਹੋਇਆ ਹੈ।’

੧੯੮੯-੯੦ ਵਿੱਚ ਕੇ. ਐਲ. ਐਫ. ਦੇ ਵੱਡੇ ਐਕਸ਼ਨਾਂ ਨੇ ‘ਦਿੱਲੀ’ ਨੂੰ ਹਿਲਾ ਦਿੱਤਾ ਸੀ ਉਸ ਸਾਲ ਲੋਕਾਂ ਦੀ ਹਮਦਰਦੀ ਵੀ ਵੱਡੀ ਪੱਧਰ ‘ਤੇ ਜਿੱਤ ਲਈ ਸੀ। 29 ਜੁਲਾਈ 1992 ਨੂੰ ਜਦੋਂ ਖਾੜਕੂ ਲਹਿਰ ਦਾ ਇਹ ਥੰਮ ਡਿੱਗਿਆ ਤਾਂ ਪੰਜਾਬ ਵਿੱਚ ਇਕਦਮ ਸੁੰਨ ਪਸਰ ਗਈ ਸੀ, ਉਸਦੇ ਹਮਦਰਦਾਂ ਦਾ ਅੰਦਰ ਰੋਇਆ ਸੀ ਅਤੇ ਚੁੱਲਿ•ਆਂ ਵਿੱਚ ਉਸ ਦਿਨ ਅੱਗ ਵੀ ਨਹੀਂ ਸੀ ਮੱਚੀ, ਲੋਕ ਬੇਦਿਲੀ ਵਿੱਚ ਤੇ ਬੇਹੱਦ ਨਿਰਾਸ਼ ਹੋ ਗਏ ਸਨ ਕਿਉਂਕਿ ਲਹਿਰ ਨੂੰ ਜਿਥੇ ਗੁਰਜੰਟ ਸਿੰਘ ਲੈ ਗਿਆ ਸੀ ਉਸ ਤੋਂ ਅੱਗੇ ਲਿਜਾਣ ਲਈ ਕਿਸੇ ਹੋਰ ਕਾਬਲ ਤੇ ਖਾੜਕੂ ਜਰਨੈਲ ਦੀ ਲੋੜ ਸੀ ਜਿਹੜਾ ਕਿ ਲੋਕਾਂ ਨੂੰ ਨਜ਼ਰ ਨਹੀਂ ਸੀ ਆ ਰਿਹਾ।

ਪੁਲਿਸ ਨੇ ਉਸ ਦੇ ਪਰਿਵਾਰ ‘ਤੇ ਜ਼ੁਲਮ ਦਾ ਕਹਿਰ ਵਰਤਾਇਆ। ਉਸ ਦੇ ਦੋ ਭਰਾਵਾਂ ਦਾ ਕੁਝ ਵੀ ਅਤਾ-ਪਤਾ ਨਹੀਂ ਲੱਗਿਆ। ਇਸ ਤੋਂ ਇਲਾਵਾ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਸ ਦੇ ਬਜ਼ੁਰਗ ਪਿਤਾ ਦੀਆਂ ਬਾਹਾਂ ‘ਤੇ ਲੁੱਕ ਪਾਈ ਗਈ ਤੇ ਕਈ ਤਰ ਨਾਲ ਜ਼ਲੀਲ ਕੀਤਾ ਗਿਆ। ਪਿਛਲੇ ਕੁਝ ਸਮੇਂ ਤੋਂ ਲੋਕਾਂ ਨੇ ਆਪਣੇ ਪਿਆਰੇ ਜਰਨੈਲ ਦੀ ਯਾਦ ਵਿੱਚ ਉਸ ਦਾ ਸ਼ਹੀਦੀ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹੈ। ਭਾਵੇਂ ਸ਼ੁਰੂਆਤ ਵਿੱਚ ਇਸ ਦਾ ਦਾਇਰਾ ਛੋਟਾ ਹੈ ਪਰ ਇੱਕ ਦਿਨ ਜ਼ਰੂਰ ਆਵੇਗਾ ਜਦ ਮਹਾਨ ਜਰਨੈਲ ਦੀ ਯਾਦ ਵਿੱਚ ‘ਵੱਡੀ ਸ਼ਹੀਦੀ ਕਾਨਫਰੰਸ’ ਹੋਇਆ ਕਰੇਗੀ। ਜਿਹੜੀ ਸਿੱਖ ਸੰਘਰਸ਼ ਦੇ ਨਾਇਕਾਂ ਤੇ ਖਾੜਕੂ ਲਹਿਰ ਦੇ ਇਤਿਹਾਸ ਨਾਲ ਸਰਸ਼ਾਰ ਨਵੀਂ ਪੀੜ•ੀ ਲਈ ਰੌਸ਼ਨੀ ਦੀ ਕਿਰਨ ਬਣੇਗੀ।
….ਹਰਜਿੰਦਰ
ਭੁਪਿੰਦਰ ਸਿੰਘ ਬੁੱਧਸਿੰਘਵਾਲਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?