ਅਮਰ ਸਿੰਘ ਹੁਣਾ ਦਾ ਜਨਮ 1917 ਵਿਚ ਰੋਲੂ ਮਾਜਰਾ ਪਿੰਡ (ਰੋਪੜ)ਵਿਚ ਹੋਇਆ । ਇਹਨਾਂ ਨੇ ਆਪਣੀ ਮੁਢਲੀ ਤਾਲੀਮ ਹਾਸਲ ਕਰਨ ਤੋਂ ਬਾਅਦ , ਫੌਜ ਦਾ ਰੁਖ ਕੀਤਾ ਤੇ ਉਥੇ ਚਾਰ ਸਾਲ ਨੌਕਰੀ ਕਰਨ ਤੋਂ ਬਾਅਦ ਅਸਤੀਫਾ ਦੇ ਕੇ ਵਾਪਸ ਘਰ ਆ ਗਏ। ਪ੍ਰਾਈਵੇਟ ਗਰੈਜੂਏਸ਼ਨ ਤੋਂ ਬਾਅਦ ਵਕਾਲਤ ਦੀ ਡਿਗਰੀ ਲੈ ਕੇ ਕੁਝ ਸਮਾਂ ਪੰਜਾਬ ਹਾਈ ਕੋਰਟ ‘ਚ ਵਕਾਲਤ ਕੀਤੀ। ਇਸਦੇ ਨਾਲ ਗਿਆਨੀ ਕਰਤਾਰ ਸਿੰਘ ਤੇ ਪ੍ਰਿੰਸੀਪਲ ਗੰਗਾ ਸਿੰਘ ਦੀ ਛੋਹ ਨੇ ਅਕਾਲੀ ਸਫ਼ਾਂ ਵਿਚ , ਸ.ਅਮਰ ਸਿੰਘ ਦੇ ਕਦ ਨੂੰ ਘੜ੍ਹਨ ਵਿਚ ਅਹਿਮ ਯੋਗਦਾਨ ਪਾਇਆ।ਇਸਦੇ ਨਾਲ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਪਰਚੇ ਦੇ ਸੰਪਾਦਕ ਵੀ ਰਹੇ। ਅਨੰਦਪੁਰ ਦੇ ਮੱਤੇ ਨੂੰ ਬਣਵਾਉਣ ਵਿਚ ਅਹਿਮ ਯੋਗਦਾਨ ਪਾਇਆ ।ਆਪ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ ਖੜ੍ਹੀ ਕਰਨ ਵਿਚ ਸੀ।
ਅੰਬਾਲਵੀ ਜੀ, ਨੂੰ ਪੰਥ ਪ੍ਰਸਤੀ ਵਿਰਾਸਤੀ ‘ਚ ਮਿਲੀ ਹੋਈ ਸੀ, ਪਰ ਨਿਖਾਰ ਅਕਾਲੀਆਂ ਦੀ ਛੋਹ ਨੇ ਬਖ਼ਸ਼ਿਆ।ਜਦ ਅੰਗਰੇਜ਼ਾਂ ਵਕਤ ਖਾਲਸਾ ਕਾਲਜ ਜੋ ਸਿੱਖਾਂ ਦੀ ਐਜੂਕੇਸ਼ਨ ਦੀ ਸਿਰਮੌਰ ਸੰਸਥਾ ਸੀ ,ਵਿਚ ਪ੍ਰੋਗਰਾਮ ਦੀ ਪ੍ਰਧਾਨਗੀ ਲਈ ਕਪੂਰਥਲੇ ਦੇ ਪਤਿਤ ਮਹਾਰਾਜੇ ਨੂੰ ਬੁਲਾਇਆ ਗਿਆ।ਇਸ ਗੱਲ ਦਾ ਵਿਰੋਧ ਜਿੱਥੇ ਅਕਾਲੀਆਂ ਕੀਤਾ ,ਉਥੇ ਹੀ ਕਾਲਜ ਵਿਚ ਕੁਝ ਸਿੱਖ ਨੌਜਵਾਨਾਂ ਨੂੰ ‘ਕੱਠਿਆਂ ਕਰ, ਕਾਲੇ ਝੰਡੇ ਲੈ ਕੇ ਵਿਰੋਧ ਕਰਦਿਆਂ ‘ਨਾਹਰੇ ਮਾਰੇ “ਪਤਿਤ ਮਹਾਰਾਜੇ ਵਾਪਸ ਜਾਓ”!।ਜਿਸ ਕਰਕੇ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ। ਇਹ 1942,1943ਤੇ 1950 ਵਿਚ ਗ੍ਰਿਫ਼ਤਾਰ ਹੁੰਦੇ ਰਹੇ ।
ਇਸ ਸਮੇਂ ਵਿਚ ਹਰ ਕੌਮ ਮਜ਼ਬ ਦੇ ਨੌਜਵਾਨਾਂ ਨੇ ਸਕੂਲ , ਕਾਲਜਾਂ ਵਿਚ ਆਪਣੀਆਂ ਜੱਥੇਬੰਦੀਆਂ ਸਥਾਪਤ ਕੀਤੀਆਂ ਹੋਈਆਂ ਸਨ।ਕਾਮਰੇਡਾਂ ਤੇ ਕਾਂਗਰਸੀਆਂ ਨੇ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਆਪਣੀਆਂ ਜੱਥੇਬੰਦੀਆਂ ਬਣਾਈਆਂ ਹੋਈਆਂ ਸਨ। ਸਿੱਖ ਇਸ ਪੱਖੋਂ ਅਜੇ ਪੱਛੜੇ ਹੋਏ ਸਨ । ਸਮੇਂ ਦੀ ਨਜ਼ਾਕਤ ਨੂੰ ਭਾਂਪਦਿਆਂ ਅਮਰ ਸਿੰਘ ਹੁਣਾ ਨੇ ਸ੍ਰਦਾਰ ਦਲੇਰ ਸਿੰਘ ਹੁਣਾ ਨਾਲ ਰਲ ਕੇ ਨੌਜਵਾਨਾਂ ਦੀ ਸਭਾ , “ਆਲ ਇੰਡੀਆ ਸਿੱਖ ਲੀਗ” ਥੱਲੇ ਬਣਾਈ ,ਪਰ ਇਹ ਸੰਸਥਾ ਸਫਲਤਾ ਨਾਲ ਅੱਗੇ ਨ ਵੱਧ ਸਕੀ।ਇਸ ਮੁੱਦੇ ਦੀ ਗੰਭੀਰਤਾ ਨੂੰ ਲੈ ਕੇ ਲਾਹੌਰ ਦੇ ਲਾਅ ਕਾਲਜ ਵਿਚ ਇਕ ਮੀਟਿੰਗ ਹੋਈ।ਜਿਸ ਵਿਚ ਅਮਰ ਸਿੰਘ ਹੁਣਾ ਸਮੇਤ ਸ੍ਰਦਾਰ ਸਰੂਪ ਸਿੰਘ, ਜਵਾਹਰ ਸਿੰਘ, ਸਰਦੂਲ ਸਿੰਘ , ਰਘਬੀਰ ਸਿੰਘ, ਨਰਿੰਦਰ ਸਿੰਘ , ਕੇਸਰ ਸਿੰਘ , ਧਰਮਬੀਰ ਸਿੰਘ , ਇੰਦਰਪਾਲ ਸਿੰਘ , ਆਗਿਆ ਸਿੰਘ ਤੇ ਬਲਬੀਰ ਸਿੰਘ ਆਦਿ ਇਕੱਠੇ ਹੋਏ।ਇਥੋਂ ਹੀ “ਆਲ ਇੰਡੀਆ ਸਿੱਖ ਸਟੂਡੈਂਟ ਫ਼ੈਡਰੇਸ਼ਨ” ਦਾ ਜਨਮ ਹੋਇਆ । ਇਸਦੀ ਪਹਿਲੀ ਐਗਜ਼ੈਕਟਿਵ ਦੇ ਅਮਰ ਸਿੰਘ ਹੁਣੀ ਮੈਂਬਰ ਸਨ ।ਆਪ 1948 ਵਿਚ ਫ਼ੈਡਰੇਸ਼ਨ ਦੇ ਵਾਈਸ ਪ੍ਰੈਜੀਡੈਂਟ ਤੇ 28 ਜਨਵਰੀ 1950 ਨੂੰ ਫ਼ੈਡਰੇਸ਼ਨ ਦੀ ਸਲਾਨਾ ਇੱਕਤਰਤਾ ਵਿਚ ਪ੍ਰੈਜੀਡੈਂਟ ਚੁਣੇ ਗਏ। ਇਸ ਸਮੇਂ ਵਿਚ ਫ਼ੈਡਰੇਸ਼ਨ ਦੇ ਸਟੂਡੈਂਟਸ ਸਰਕਲਾਂ , ਕੈਂਪਾਂ , ਕਾਨਫਰੰਸਾਂ ਵਿਚ ਜ਼ੋਰ ਸ਼ੋਰ ਨਾਲ ਕੰਮ ਕੀਤਾ ।ਆਖ਼ਰੀ ਸਾਹ ਤੱਕ ਇਸ ਸੰਸਥਾ ਦੀ ਚੜ੍ਹਦੀ ਕਲਾ ਦੇ ਤਲਬਗਾਰ ਰਹੇ।ਇਸਦੇ ਅਕਾਲੀ ਦਲ ਦੇ ਜਨਰਲ ਸਕੱਤਰ ਹੋਣ ਦਾ ਮਾਣ ਵੀ ਹਾਸਲ ਹੈ। ਬੜੇ ਅਹਿਮ ਪੰਥਕ ਮੁਦਿਆਂ ਨੂੰ ਸੁਲਝਾਉਣ ਜਾਂ ਨੇਪਰੇ ਚਾੜਨ ਵਿਚ ਇਹਨਾਂ ਦਾ ਯੋਗਦਾਨ ਰਿਹਾ।
ਅਖ਼ੀਰ ਇਹ ਪੰਥਕ ਸਖ਼ਸ਼ੀਅਤ 30 ਜੁਲਾਈ 1995 ਨੂੰ ਹਾਰਟ ਐਟਕ ਕਰਕੇ ਸਦਾ ਲਈ ਅੱਖਾਂ ਮੀਟ ਗਈ ।
ਬਲਦੀਪ ਸਿੰਘ ਰਾਮੂੰਵਾਲੀਆ
Author: Gurbhej Singh Anandpuri
ਮੁੱਖ ਸੰਪਾਦਕ