Home » ਜੀਵਨ ਸ਼ੈਲੀ » ਸਿਹਤ » ਪਿਛਲੇ ਪੰਦਰਾਂ ਸਾਲ ਵਿੱਚ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਹਾਕੀ ਕਲੱਬ ਸਮਰਾਲਾ ਵੱਲੋਂ ਇੱਕ ਲੱਖ ਤੋਂ ਵੱਧ ਬੂਟੇ ਲਾਏ ਤੇ ਪਾਲੇ ਗਏ।

ਪਿਛਲੇ ਪੰਦਰਾਂ ਸਾਲ ਵਿੱਚ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਹਾਕੀ ਕਲੱਬ ਸਮਰਾਲਾ ਵੱਲੋਂ ਇੱਕ ਲੱਖ ਤੋਂ ਵੱਧ ਬੂਟੇ ਲਾਏ ਤੇ ਪਾਲੇ ਗਏ।

55 Views

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗਿੱਲ ਵੱਲੋਂ ਸ਼ਲਾਘਾ ਤੇ ਪੰਜਾਬ ਸਰਕਾਰ ਵੱਲੋਂ ਹਾਕੀ ਕਲੱਬ ਨੂੰ ਸਨਮਾਨਿਤ ਕਰਨ ਦੀ ਅਪੀਲ

ਲੁਧਿਆਣਾ 3 ਅਗਸਤ 2022 ( ਕੰਵਰਪ੍ਰਤਾਪ ਸਿੰਘ ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਹਾਕੀ ਕਲੱਬ ਸਮਰਾਲਾ ਵੱਲੋਂ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਇੱਕ ਲੱਖ ਤੋਂ ਵੱਧ ਬੂਟੇ ਪੰਦਰਾਂ ਸਾਲਾਂ ਦੌਰਾਨ ਲਾਉਣ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਮ ਪੱਤਰ ਵਿੱਚ ਕਿਹਾ ਹੈ ਕਿ ਆਪਣੇ ਨਿਰ ਸਵਾਰਥ ਉੱਦਮ ਨਾਲ ਖਿਡਾਰੀਆਂ ਦੀ ਇਸ ਟੀਮ ਨੇ ਵਾਤਾਵਰਣ ਸੰਭਾਲ ਲਈ ਇਤਿਹਾਸਕ ਕਾਰਜ ਕੀਤਾ ਹੈ। ਇਸ ਕਲੱਬ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨਾ ਯੋਗ ਹੋਵੇਗਾ। ਇਸ ਕਲੱਬ ਨੂੰ ਕੌਮੀ ਪੁਰਸਕਾਰ ਲਈ ਵੀ ਸਿਫ਼ਾਰਿਸ਼ ਕਰਨਾ ਚਾਹੀਦਾ ਹੈ।
ਉਨ੍ਹਾਂ ਵਿਸਥਾਰਤ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੀ ਸਮਰਾਲਾ ਹਾਕੀ ਕਲੱਬ ਦੇ ਸਹਿਯੋਗੀ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਦੀ ਅਗਵਾਈ ਹੇਠ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਸਮਰਾਲਾ ਹਾਕੀ ਕਲੱਬ ਵੱਲੋਂ ਸਮਰਾਲਾ ਸ਼ਹਿਰ ਤੋਂ 2007 ਵਿੱਚ ਵਾਤਾਵਰਨ ਨੂੰ ਬਚਾਉਣ ਲਈ 100 ਬੂਟੇ ਸਮਰਾਲਾ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਲਗਾ ਸ਼ੁਰੂਆਤ ਕੀਤੀ ਸੀ, ਜੋ ਅੱਜ ਤੀਕ ਵੀ ਨਿਰੰਤਰ ਜਾਰੀ ਹੈ। ਗੁਰਪ੍ਰੀਤ ਸਾਲ 2008 ਵਿੱਚ ਅਸਟ੍ਰੇਲੀਆ ਚਲਾ ਗਿਆ ਅਤੇ 2010 ਵਿੱਚ ਵਾਪਸ ਆ ਕੇ ਉਸ ਫਿਰ ਤੋਂ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਮਾਰਨਾ ਸ਼ੁਰੂ ਕੀਤਾ।
ਆਪਣੇ ਸਮਰਪਿਤ ਸਾਥੀਆਂ ਨਾਲ ਇਸ ਮੁਹਿੰਮ ਨੂੰ ਅੱਗੇ ਤੋਰਨ ਲਈ ਉਸ ਹੋਰ ਮੈਂਬਰਾਂ ਨੂੰ ਨਾਲ ਜੋੜਨਾ ਸ਼ੁਰੂ ਕੀਤਾ।
ਗੁਰਪ੍ਰੀਤ ਸਿੰਘ ਬੇਦੀ ਦੇ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਕਲੱਬ ਹੋਰ ਬੁਲੰਦੀਆਂ ਵੱਲ ਤੁਰਨ ਲੱਗਾ ਅਤੇ ਇਸ ਕਲੱਬ ਵਿੱਚ ਔਰਤਾਂ ਨੇ ਵੀ ਅੱਗੇ ਵੱਧ ਕੇ ਆਪਣੀ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ।
ਧੀਆਂ ਭੈਣਾਂ ਨੇ ਮੈਂਬਰ ਬਣ, ਵਾਤਾਵਰਨ ਦੀ ਸਾਂਭ ਸੰਭਾਲ ਲਈ ਖੁਦ ਅੱਗੇ ਹੋ ਕੇ ਬੂਟਿਆਂ ਨੂੰ ਲਗਾਉਣ ਦੀ ਵਾਗਡੋਰ ਸੰਭਾਲੀ।
ਹੌਲੀ ਹੌਲੀ ਇਹ ਬੂਟੇ ਲਾਉਣ ਦੀ ਮੁਹਿੰਮ ਇੱਕ ਲਹਿਰ ਬਣ ਗਈ। ਸਾਰੇ ਮੈਂਬਰ ਇੱਕਜੁੱਟ ਹੋ ਕੇ ਸਮਰਾਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਜੁਟ ਗਏ।
ਸਾਲ 2010 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ 10,000 ਬੂਟਾ ਸਮਰਾਲਾ ਇਲਾਕੇ ਵਿੱਚ ਲਗਾਇਆ ਗਿਆ। ਸਾਲ 2011 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ ਫਿਰ 10000 ਬੂਟਾ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਇਆ।ਅਗਲੇ ਸਾਲ 2012 ਅਤੇ 2013 ਵਿੱਚ ਸਮਰਾਲਾ ਸ਼ਹਿਰ, ਵੱਖ ਵੱਖ ਪਿੰਡਾਂ ਅਤੇ ਮਾਛੀਵਾੜਾ ਇਲਾਕੇ ਦੇ ਬੇਟ ਇਲਾਕੇ ਵਿੱਚ ਕੁੱਲ ਮਿਲਾ ਕੇ ਵੀਹ ਹਜ਼ਾਰ ਬੂਟਾ ਲਗਾਇਆ।
ਗੁਰਪ੍ਰੀਤ ਸਿੰਘ ਬੇਦੀ ਨੇ ਵਾਤਾਵਰਨ ਦੀ ਸੰਭਾਲ ਨੂੰ ਹੋਰ ਅੱਗੇ ਤੋਰਦੇ ਹੋਏ ਸਮਰਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਿਆ ਭਰਿਆ ਬਣਾਉਣ ਦਾ ਅਹਿਦ ਲਿਆ। ਜਿਸਦੀ ਖੂਬਸੂਰਤੀ ਅੱਜ ਦੇਖਣਯੋਗ ਹੈ। ਸਮਰਾਲਾ ਰੇਲਵੇ ਸਟੇਸ਼ਨ ਅੱਜ ਹਰੇਕ ਤਰ੍ਹਾਂ ਦਾ ਵਿਰਾਸਤੀ, ਛਾਂਦਾਰ, ਫਲਦਾਰ, ਫੁੱਲਦਾਰ ਬੂਟਾ ਮਿਲ ਜਾਵੇਗਾ ਰੇਲਵੇ ਸਟੇਸ਼ਨ ਉਤੇ ਵੱਖ ਵੱਖ ਕਿਸਮਾਂ ਦੇ ਕਰੀਬ 6000 ਦੇ ਕਰੀਬ ਬੂਟੇ ਲੱਗੇ ਹੋਏ ਹਨ। ਅੱਜ ਜਦੋਂ ਵੀ ਰੇਲਵੇ ਰਾਹੀਂ ਸਫਰ ਕਰ ਰਹੇ ਯਾਤਰੀ ਸਮਰਾਲੇ ਦਾ ਰੇਲਵੇ ਸਟੇਸ਼ਨ ਦੇਖਦੇ ਹਨ ਤਾਂ ਉਨ੍ਹਾਂ ਦੇ ਮੂੰਹੋਂ ਮੱਲੋ ਮੱਲੀ ਵਾਤਾਵਰਨ ਪ੍ਰੇਮੀਆਂ ਪ੍ਰਤੀ ਦਿਲੋਂ ਦੁਆਵਾਂ ਨਿਕਲ ਜਾਂਦੀਆਂ ਹਨ।
ਸਾਲ 2013 ਵਿੱਚ ਬੱਚਿਆਂ ਵਿੱਚ ਵਾਤਵਰਨ ਦੀ ਸੰਭਾਲ ਦੀ ਰੁਚੀ ਪੈਦਾ ਕਰਨ ਲਈ ਵੱਖ ਵੱਖ ਸਕੂਲਾਂ ਦੇ ਵਾਤਾਵਰਨ ਦੀ ਸੰਭਾਲ ਲਈ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਇੱਕ ਵੱਡਾ ਸਮਾਗਮ ਵਾਤਾਵਰਨ ਦੀ ਸੰਭਾਲ ਸਬੰਧੀ ਕਰਵਾਇਆ ਗਿਆ ਜਿਸ ਵਿੱਚ ਪਦਮਸ੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਮੈਂਬਰ ਪਾਰਲੀਮੈਂਟ ਬਤੌਰ ਮੁੱਖ ਮਹਿਮਾਨ ਪਹੁੰਚੇ ਅਤੇ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਾਲ 2014 ਵਿੱਚ ਟੀਮ ਵੱਲੋਂ 15000 ਦੇ ਕਰੀਬ ਬੂਟਾ ਲਗਾਇਆ ਗਿਆ। ਸਾਲ 2015 ਵਿੱਚ ਕਲੱਬ ਵੱਲੋਂ 10000 ਬੂਟਾ ਲਗਾਇਆ ਗਿਆ ਅਤੇ ਵਾਤਾਵਰਨ ਦੀ ਸੰਭਾਲ ਸਬੰਧੀ ਇੱਕ ਵੱਡਾ ਸਮਾਗਮ ਵੀ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਦੇ ਪੇਟਿੰਗ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ। ਇਨਾਮ ਵੰਡਣ ਲਈ ਹਾਕੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਬਤੌਰ ਮੁੱਖ ਮਹਿਮਾਨ ਪੁੱਜੇ।
ਸਾਲ 2016 ਵਿੱਚ ਕਲੱਬ ਵੱਲੋਂ 13000 ਬੂਟਾ ਅਤੇ ਸਾਲ 2017 ਵਿੱਚ 10000 ਬੂਟਾ ਲਗਾਇਆ ਗਿਆ ਤੇ ਸਾਲ 2018 ਵਿੱਚ 9300 ਬੂਟਾ ਲਗਾਇਆ ਗਿਆ। ਸਾਲ 2019 ਵਿੱਚ 5200 ਬੂਟਾ , ਸਾਲ 2020 ਵਿੱਚ 2000 ਬੂਟਾ, ਸਾਲ 2021 ਵਿੱਚ 4700 ਬੂਟਾ ਲਗਾਇਆ ਗਿਆ । ਇਸ ਤਰ੍ਹਾਂ 11 ਸਾਲਾਂ ਵਿੱਚ ਦੀ ਸਮਰਾਲਾ ਹਾਕੀ ਕਲੱਬ ਵੱਲੋਂ ਕਰੀਬ 1 ਲੱਖ 9 ਹਜ਼ਾਰ ਬੂਟੇ ਲਗਾਏ ਗਏ। ਇਹ ਬੂਟੇ ਸਮਰਾਲਾ ਇਲਾਕੇ ਵਿੱਚ ਸੀਮਤ ਨਾ ਰਹਿ ਕੇ ਫਰੀਦਕੋਟ, ਗੁਰਾਇਆ , ਰਾਏਕੋਟ, ਜਲੰਧਰ ਏਰੀਆ ਵਿੱਚ ਵੱਖ ਵੱਖ ਕਲੱਬਾਂ ਨਾਲ ਰਲ ਕੇ ਲਗਾਏ ਗਏ।
ਦੀ ਸਮਰਾਲਾ ਹਾਕੀ ਕਲੱਬ ਵੱਲੋਂ ਪਿਛਲੇ ਦੋ ਸਾਲਾਂ ਇੱਕ ਨਿਵੇਕਲੀ ਪਹਿਲ ਕਰਦੇ ਹੋਏ ਘਰ ਘਰ ਦੇ ਅੰਦਰ ਫਲਦਾਰ ਬੂਟੇ ਲਗਾਉਣੇ ਸ਼ੁਰੂ ਕੀਤੇ ਹੋਏ ਹਨ, ਜਿਸ ਵਿੱਚ ਕਰੀਬ 700 ਘਰਾਂ ਅੰਦਰ ਇਹ ਬੂਟੇ ਲਗਾਏ ਜਾ ਚੁੱਕੇ ਹਨ ਅਤੇ ਅਜੇ ਵੀ ਇਹ ਮੁਹਿੰਮ ਜਾਰੀ ਹੈ। ਦੀ ਸਮਰਾਲਾ ਹਾਕੀ ਕਲੱਬ ਵੱਲੋਂ ਸਾਲ 2014 ਤੋਂ ਪੰਛੀਆਂ ਨੂੰ ਬਚਾਉਣ ਲਈ 5500 ਦੇ ਕਰੀਬ ਆਲ੍ਹਣੇ ਵੀ ਲਗਾਏ ਜਾ ਚੁੱਕੇ ਹਨ।
ਕਲੱਬ ਵੱਲੋਂ ਜਦੋਂ ਹਰੇਕ ਸਾਲ ਆਪਣੇ ਵੱਲੋਂ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਂਦੀ ਜਾਂਦੀ ਹੈ ਤਾਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮਨਮੋਹਣ ਵਾਰਿਸ , ਕਮਲ ਹੀਰ ਤੇ ਰਵਿੰਦਰ ਗਰੇਵਾਲ ਇਸ ਕਲੱਬ ਨਾਲ ਮੁਹਿੰਮ ਦਾ ਹਿੱਸਾ ਬਣਦੇ ਹਨ।
ਦੀ ਸਮਰਾਲਾ ਹਾਕੀ ਕਲੱਬ ਮੁੱਢ ਤੋਂ ਹਾਕੀ ਖੇਡ ਨਾਲ ਵੀ ਜੁੜਿਆ ਹੋਇਆ ਹੈ, ਇਸ ਦੇ ਜਿਆਦਾਤਰ ਮੈਂਬਰ ਹਾਕੀ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ, ਜਿਸ ਦੀ ਮਿਸਾਲ ਪਿਛਲੇ ਦਿਨੀਂ ਬੈਗਲੌਰ ਵਿਖੇ ਹੋਈਆਂ ਮਾਸਟਰ ਖੇਡਾਂ ਵਿੱਚ ਪੰਜਾਬ ਦੀ ਟੀਮ ਵੱਲੋਂ ਦੀ ਸਮਰਾਲਾ ਹਾਕੀ ਕਲੱਬ ਦੇ 8 ਖਿਡਾਰੀ ਖੇਡੇ ਅਤੇ ਇਨ੍ਹਾਂ ਖੇਡਾਂ ਵਿੱਚ ਪੰਜਾਬ ਨੂੰ ਪਹਿਲਾ ਸਥਾਨ ਦਿਵਾ ਕੇ ਸੋਨਾ ਦਾ ਤਗਮਾ ਪੰਜਾਬ ਦੀ ਝੋਲੀ ਪਾਇਆ। ਇਸ ਕਰਮਸ਼ੀਲ ਕਲੱਬ ਨੂੰ ਸਨਮਾਨਿਤ ਕਰਨਾ ਬਣਦਾ ਹੈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?